ਅਸ਼ੋਕ ਵਰਮਾ
ਬਠਿੰਡਾ , 28 ਜੁਲਾਈ। ਸਿਵਲ ਹਸਪਤਾਲ ਬਠਿੰਡਾ ਵਿਖੇ ਸਿਹਤ ਮੁਲਾਜਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਚੱਲ ਰਹੀ ਭੁੱਖ ਹੜਤਾਲ ਦੇ ਚੌਥੇ ਦਿਨ ਪੰਜਾਬ ਸਰਕਾਰ ਨੂੰ ਛੇ ਅਗਸਤ ਤੰਕ ਮੰਗਾਂ ਮੰਨਣ ਦਾ ਅਲਟੀਮੇਟਮ ਦਿੱਤਾ ਹੈ। ਸੰਘਰਸ਼ ਕਮੇਟੀ ਦਾ ਕਹਿਣਾ ਹੇ ਕਿ ਜੇਕਰ ਇਸ ਦਿਨ ਤੰਕ ਮੰਗਾਂ ਪ੍ਰਵਾਲ ਨਾ ਕੀਤੀਆਂ ਤਾਂ 7 ਅਗਸਤ ਨੂੰ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਏਗਾ। ਅੱਜ ਦੀ ਇਸ ਭੁੱਖ ਹੜਤਾਲ ਵਿੱਚ ਬਲਾਕ ਭਗਤਾ ਦੇ ਸਾਥੀ ਮਲਕੀਤ ਸਿੰਘ ਪ੍ਰਧਾਨ,ਮਨਪ੍ਰੀਤ ਕੌਰ, ਕੁਲਦੀਪ ਸਿੰਘ, ਮਨਦੀਪ ਰਾਣੀ ਅਤੇ ਅਮਿ੍ਰਤਪਾਲ ਕੌਰ ਨੇ ਭਾਗ ਲਿਆ। ਸੰਘਰਸ਼ ਕਮੇਟੀ ਆਗੂਆਂ ਨੇ ਦੱਸਿਆ ਕਿ ਜਦੋਂ ਕਰੋਨਾ ਵਾਇਰਸ ਕਾਰਨ ਪੰਜਾਬ ਬੰਦ ਸੀ ਤਾਂ ਮਲਟੀਪਰਪਜ਼ ਕਾਮਿਆ ਨੇ ਜਾਨ ਤਲੀ ਤੇ ਰੱਖ ਕੇ ਡਿਊਟੀਆਂ ਨਿਭਾਈਆਂ ਹਨ ਫਿਰ ਵੀ ਪੰਜਾਬ ਸਰਕਾਰ ਇਸ ਸੇਵਾ ਦੇ ਇਵਜ਼ ’ਚ ਉਨਾਂ ਦੀ ਝੋਲੀ ’ਚ ਦੁੂੱਖ ਪਾ ਰਹੀ ਹੈ।
ਉਨਾਂ ਆਖਿਆ ਕਿ ਹੁਣ ਵੀ ਸਿਹਤ ਕਾਮੇ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਨ ਜੋਖਿਮ ਵਿਚ ਪਾ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਸੜਕਾਂ ਤੇ ਹਨ ਤਾਂ ਸਰਕਾਰ ਵੱਲੋਂ ਉਨਾਂ ਦੇ ਮਸਲਿਆਂ ਪ੍ਰਤੀ ਚੁੱਪ ਧਾਰ ਰੱਖੀ ਹੈ ਜਿਸ ਕਰਕੇ ਭੁੱਖ ਹੜਤਾਲ ਵਾਲਾ ਰਾਹ ਫੜਨਾ ਪਿਆ ਹੈ। ਉਨਾਂ ਆਖਿਆ ਕਿ ਜਦੋਂ ਪੂਰੀ ਦੁਨੀਆ ਦੀਆਂ ਸਰਕਾਰਾਂ ਅਤੇ ਲੋਕ ਇਸ ਮਹਾਂਮਾਰੀ ਦੌਰਾਨ ਇਹ ਮਹਿਸੂਸ ਕਰ ਰਹੇ ਹਨ ਕਿ ਸਿਹਤ ਸਹੂਲਤਾਂ ਦਾ ਜਨਤਕ ਹੋਣਾ ਲਾਜਮੀ ਹੈ ਤਾਂ ਹੀ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ ਫਿਰ ਵੀ ਸਰਕਾਰ ਦੇ ਕੁੱਝ ਪੱਲੇ ਨਾਂ ਪੈਣਾ ਜਾਹਰ ਕਰਦਾ ਹੈ ਕਿ ਹਾਕਮ ਨਿੱਜੀਕਰਨ ਦੇ ਰਾਹ ਪੈ ਗਏ ਹਨ। ਉਨਾਂ ਕਿਹਾ ਕਿ ਮਹਾਂਮਾਰੀਆਂ ਦਾ ਸਾਹਮਣਾ ਕਰਨ ਲਈ ਜਨਤਕ ਸਿਹਤ ਅਦਾਰਿਆਂ ਦਾ ਬਚਣਾ ਬਹੁਤ ਜਰੂਰੀ ਹੈ ਪਰ ਪੰਜਾਬ ਸਰਕਾਰ ਇਹਨਾਂ ਜਨਤਕ ਸਿਹਤ ਅਦਾਰਿਆਂ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ।
ਉਨਾਂ ਦੋਸ਼ ਲਾਇਆ ਕਿ ਸਿਹਤ ਮਹਿਕਮੇ ਵਿਚ ਨਿਗੂਣੀ ਨਵੀਂ ਭਰਤੀ ਕਰਕੇ ਪਹਿਲਾਂ ਤੋਂ ਕੰਟਰੈਕਟ ਤੇ ਕੰਮ ਕਰਦੇ ਕੱਚੇ ਮੁਲਾਜਮਾਂ ਦਾ ਭਵਿੱਖ ਧੁੰਦਲਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਿਹਤ ਕਾਮੇ ਰੋਸ ਨਾਲ ਭਰੇ ਪੀਤੇ ਬੈਠੇ ਹਨ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਐਨ ਐਚ ਐਮ, 2211ਅਤੇ ਠੇਕਾ ਅਧਾਰਿਤ ਕਾਮਿਆਂ ਨੂੰ ਪੱਕੇ ਨਹੀਂ ਕੀਤੇ ਜਾਂਦੇ,ਨਵ ਨਿਯੁਕਤ ਕਾਮਿਆਂ ਦਾ ਪ੍ਰਬੇਸ਼ਨ ਪੀਰੀਅਡ ਦੋ ਸਾਲ ਨਹੀਂ ਕੀਤਾ ਜਾਂਦਾ ਅਤੇ ਸਰਕਾਰ ਕੋਵਿਡ 19 ਦੌਰਾਨ ਕੰਮ ਕਰਨ ਵਾਲੇ ਸਮੁੱਚੇ ਕੇਡਰ ਨੂੰ ਸਪੈਸ਼ਲ ਇੰਨਕਰੀਂਮੈਂਟ ਨਹੀਂ ਦਿੰਦੀ ਤਦ ਤੱਕ ਇਹ ਸੰਘਰਸ਼ ਇਸੇ ਤਰਾਂ ਜਾਰੀ ਰਹੇਗਾ। ਉਨਾਂ ਕਿਹਾ ਕਿ ਜੇਕਰ 6 ਅਗਸਤ ਤੱਕ ਮੰਗਾਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ 7 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਯਾਦ ਰਹੇ ਕਿ ਇਸ ਸਮੇਂ ਸਮੁੱਚੇ ਮਲਟੀਪਰਪਜ ਕੇਡਰ ਵੱਲੋਂ 15 ਜੁਲਾਈ ਤੋਂ ਹੀ ਰਿਪੋਰਟਿੰਗ ਦਾ ਬਾਈਕਾਟ ਕੀਤਾ ਜਾ ਰਿਹਾ ਹੈ।