ਅਸ਼ੋਕ ਵਰਮਾ
ਮਾਨਸਾ, 28 ਜੁਲਾਈ : ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਸ ਤਹਿਤ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਸ਼੍ਰੀ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਕੂਲੀ ਵਿਦਿਆਰਥੀਆਂ ਦੇ ਆਨ-ਲਾਈਨ ਪ੍ਰਣਾਲੀ ਰਾਹੀਂ ਗੀਤ ਗਾਇਨ ਮੁਕਾਬਲੇ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਸ਼ਬਦ ਗਾਇਨ ਪ੍ਰਤੀਯੋਗਤਾ ਨਾਲ ਹੋਈ ਸੀ ਅਤੇ ਹੁਣ ਇਸ ਸਬੰਧੀ ਗੀਤ ਗਾਇਨ ਮੁਕਾਬਲੇ ਕਰਵਾਏ ਗਏ ਹਨ।ਉਨ੍ਹਾਂ ਦੱਸਿਆ ਕਿ 6 ਤੋਂ 8 ਸਾਲ ਉਮਰ ਵਰਗ ਅਤੇ 9 ਤੋਂ 12 ਸਾਲ ਉਮਰ ਵਰਗ ਵਿੱਚ ਕਰਵਾਏ ਇਨ੍ਹਾਂ ਮੁਕਾਬਲਿਆਂ ਅੰਦਰ ਜ਼ਿਲ੍ਹੇ ਦੇ 5 ਬਲਾਕਾਂ ਦੇ 601 ਵਿਦਿਆਰਥੀਆਂ ਵੱਲੋਂ ਪੂਰੀ ਸ਼ਰਧਾ ਨਾਲ ਹਿੱਸਾ ਲਿਆ ਗਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਗੀਤ ਗਾਇਨ ਮੁਕਾਬਲਿਆਂ ਵਿੱਚ 6 ਤੋਂ 8 ਸਾਲ ਵਰਗ ਦੇ ਮੁਕਾਬਲਿਆਂ ਵਿੱਚ ਕੁੱਲ 330 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ ਵਿੱਚ ਬਲਾਕ ਮਾਨਸਾ ਵਿਖੇ 82, ਬਲਾਕ ਬੁਢਲਾਡਾ ਵਿਖੇ 64, ਬਲਾਕ ਬਰੇਟਾ ਵਿਖੇ 60, ਬਲਾਕ ਝੁਨੀਰ ਵਿਖੇ 85 ਅਤੇ ਬਲਾਕ ਸਰਦੂਲਗੜ੍ਹ ਵਿਖੇ 39 ਵਿਦਿਆਰਥੀਆਂ ਸ਼ਾਮਿਲ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ 9 ਤੋਂ 12 ਉਮਰ ਵਰਗ ਦੇ ਕਰਵਾਏ ਗੀਤ ਗਾਇਨ ਮੁਕਾਬਲਿਆਂ ਵਿੱਚ ਕੁੱਲ 271 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਬਲਾਕ ਬੁਢਲਾਡਾ ਦੇ 79, ਬਲਾਕ ਬਰੇਟਾ ਦੇ 52, ਬਲਾਕ ਝੁਨੀਰ ਦੇ 37, ਬਲਾਕ ਸਰਦੂਲਗੜ੍ਹ ਦੇ 37 ਅਤੇ ਬਲਾਕ ਮਾਨਸਾ ਦੇ 66 ਵਿਦਿਆਰਥੀ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਰੂਪ ਭਾਰਤੀ ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਨਰਿੰਦਰ ਮੋਹਲ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਹਨ।