7.9 C
United Kingdom
Saturday, March 7, 2026

More

    ਸਰਪੰਚ ਵੱਲੋਂ ਪੰਚਾਇਤੀ ਜ਼ਮੀਨ ‘ਤੇ ਉਸਾਰੀ ਕੋਠੀ ਦੀ ਹੋਵੇ ਵਿਜੀਲੈਂਸ ਜਾਂਚ : ਗੁੰਮਟੀ

    ਸਰਪੰਚ ਅਤੇ ਬੀਡੀਪੀਓ ਦੀ ਮਿਲੀ ਭੁਗਤ ਕਾਰਨ ਮਜ਼ਦੂਰਾਂ ਦਾ ਕੰਮਕਾਜ ਠੱਪ

    ਮਹਿਲ ਕਲਾਂ  28 ਜੁਲਾਈ ( ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਇੱਥੋਂ ਨੇੜਲੇ ਪਿੰਡ ਗੁੰਮਟੀ ਵਿਖੇ ਪਿਛਲੇ ਕੁੱਝ ਮਹੀਨਿਆਂ ਤੋਂ ਪਿੰਡ ਦੇ ਇੱਕ ਮਨਰੇਗਾ ਮਜ਼ਦੂਰਾਂ ਦੇ ਗਰੁੱਪ ਨੂੰ ਪੰਚਾਇਤ ਵੱਲੋਂ ਸਮੇਂ ਸਿਰ ਕੰਮ ਨਾ ਦਿੱਤੇ ਜਾਣ ਦੇ ਅਪਣਾਏ ਜਾ ਰਹੇ ਪੱਖਪਾਤੀ ਰਵੱਈਏ ਵਿਰੁੱਧ ਮਨਰੇਗਾ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਕਨਵੀਨਰ ਮੈਡਮ ਪਰਮਜੀਤ ਕੌਰ ਗੁੰਮਟੀ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਰਤੀ ਲੋਕਾਂ ਨੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਬੀਡੀਪੀਓ ਸਰਪੰਚ ਅਤੇ ਮਨਰੇਗਾ ਸੈਕਟਰੀ ਉੱਪਰ ਮਿਲੀ ਭੁਗਤ ਦੇ ਦੋਸ਼ ਲੲੇ।ਜ਼ਿਲ੍ਹਾ ਕਨਵੀਨਰ ਪਰਮਜੀਤ ਕੌਰ ਗੁੰਮਟੀ ਨੇ ਦੱਸਿਆ ਕਿ ਉਨ੍ਹਾਂ ਦੇ ਮਜ਼ਦੂਰਾਂ ਨਾਲ ਪ੍ਰਸ਼ਾਸਨ ਅਤੇ ਪੰਚਾਇਤ ਵੱਲੋਂ ਜਾਣ ਬੁੱਝ ਕੇ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਉਹ ਮਾਨਯੋਗ ਰਾਸ਼ਟਰਪਤੀ ਭਾਰਤ ਸਰਕਾਰ, ਮਾਨਯੋਗ ਪ੍ਰਧਾਨ ਮੰਤਰੀ ਭਾਰਤ ਸਰਕਾਰ, ਚੀਫ਼ ਸੈਕਟਰੀ ਪੰਜਾਬ ਸਰਕਾਰ, ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਤੋਂ ਇਲਾਵਾ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਭੇਜੀਆਂ ਲਿਖਤੀ ਸ਼ਿਕਾਇਤਾਂ ਅਨੁਸਾਰ ਦੱਸਿਆ ਕਿ ਪਿੰਡ ਵਿੱਚ ਮਨਰੇਗਾ ਮਜ਼ਦੂਰਾਂ ਦੇ ਦੋ ਗਰੁੱਪ ਕੰਮ ਕਰ ਰਹੇ ਹਨ ਪ੍ਰੰਤੂ ਜਦੋਂ ਤੋਂ ਨਵੀਂ ਪੰਚਾਇਤ ਬਣੀ ਹੈ ਉਦੋਂ ਤੋਂ ਹੀ ਉਨ੍ਹਾਂ ਦੇ ਗਰੁੱਪ ਦੇ ਮਜ਼ਦੂਰਾਂ ਨੂੰ ਕੰਮ ਦੇਣ ਦੀ ਬਜਾਏ ਹਮੇਸ਼ਾ ਟਾਲਾ ਵੱਟਿਆ ਜਾ ਰਿਹਾ ਹੈ।ਜਦ ਕਿ ਸਰਪੰਚ ਕਾਨੂੰਨੀ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੇ ਪੱਖੀ ਮਜ਼ਦੂਰਾਂ ਦੀਆਂ ਨਾਜਾਇਜ਼ ਹਾਜ਼ਰੀਆਂ ਪਾ ਕੇ ਜਿੱਥੇ ਗ਼ਰੀਬਾਂ ਦਾ ਹੱਕ ਖੋਹਿਆ ਜਾ ਰਿਹਾ ਹੈ ਉਥੇ ਸਰਕਾਰ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਜਿਸ ਦੇ ਪੁਖ਼ਤਾ ਸਬੂਤ ਵੀ ਉਹ ਵੱਖ ਵੱਖ ਵਿਭਾਗ ਦੇ ਅਧਿਕਾਰੀਆਂ ਨੂੰ ਭੇਜੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਾਰਾ ਮਾਮਲਾ ਨਸ਼ਰ ਹੋਣ ਤੇ ਹੁਣ ਬੀਡੀਪੀਓ ਅਤੇ ਸਰਪੰਚ ਨੇ ਸਾਡੇ ਗਰੁੱਪ ਦੇ ਕੁਝ ਮਜ਼ਦੂਰਾਂ ਦੇ ਨਾਂ ਲਿਸਟ ਵਿਚ ਸ਼ਾਮਲ ਕਰ ਦਿੱਤੇ ਸਨ ਤਾਂ ਜੋ ਝੂਠ ਤੇ ਪਰਦਾ ਪਾਇਆ ਜਾ ਸਕੇ। ਮੈਡਮ ਗੁੰਮਟੀ ਨੇ ਵੱਖ ਵੱਖ ਵਿਭਾਗਾਂ ਨੂੰ ਭੇਜੀਆਂ ਸ਼ਿਕਾਇਤਾਂ ਵਿੱਚ ਕਿਹਾ ਕਿ ਮੌਜੂਦਾ ਸਰਪੰਚ ਵੱਲੋਂ ਪਿੰਡ ਵਿੱਚ ਪੰਚਾਇਤੀ ਜਗ੍ਹਾ ਉੱਪਰ ਗੈਰ ਕਾਨੂੰਨੀ ਢੰਗ ਨਾਲ ਮਕਾਨ ਉਸਾਰ ਕੇ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਦੇ ਕੰਮ ਵਿੱਚ ਹੋਏ ਘਪਲੇ ਅਤੇ ਪੰਚਾਇਤੀ ਜਗ੍ਹਾ ਉੱਤੇ ਨਾਜਾਇਜ਼ ਉਸਾਰੇ ਮਕਾਨ ਦੀ ਵਿਜੀਲੈਂਸ ਜਾਂਚ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਕੰਮ ਦੀ ਵੰਡ ਬਰਾਬਰ ਕਰਨ ਤੋਂ ਇਲਾਵਾ ਹਰ ਇੱਕ ਮਜ਼ਦੂਰ ਨੂੰ ਕੰਮ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਹਮੀਰ ਸਿੰਘ, ਪਿਆਰਾ ਸਿੰਘ, ਨਾਜ਼ਮ ਸਿੰਘ, ਰਾਮ ਚੰਦ, ਕੇਵਲ ਸਿੰਘ, ਭੋਲਾ ਸਿੰਘ, ਕਰਨੈਲ ਕੋਰ ,ਕਮਲਜੀਤ ਕੌਰ, ਮਹਿੰਦਰ ਕੌਰ, ਮਨਜੀਤ ਕੌਰ, ਕਿਰਨਜੀਤ ਕੌਰ, ਸ਼ਿੰਦਰ ਕੌਰ ਅਤੇ ਪ੍ਰਿਤਪਾਲ ਕੌਰ ਵੀ ਹਾਜ਼ਰ ਸਨ। 
    ਕੀ ਕਹਿੰਦੇ ਹਨ ਬੀਡੀਪੀਓ ਬਰਨਾਲਾ -ਜਦੋਂ ਇਸ ਮਾਮਲੇ ਸਬੰਧੀ ਬੀਡੀਪੀਓ ਬਰਨਾਲਾ ਪ੍ਰਵੇਸ਼ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਈ ਵੀ ਪੱਖ ਪਾਤ ਦੀ ਗੱਲ ਨਹੀਂ ਸਾਰੇ ਮਜ਼ਦੂਰਾਂ ਨੂੰ ਕੰਮ ਦਿੱਤਾ ਜਾ ਰਿਹਾ ਹੈ। ਜਿਸ ਦੀ ਲਿਸਟ ਵੀ ਉਨ੍ਹਾਂ ਪਾਸ ਹੈ।ਸਰਪੰਚ ਦੀ ਕੋਠੀ ਪੰਚਾਇਤੀ ਜਗ੍ਹਾ ਵਿਚ ਉਸਾਰੇ ਜਾਣ ਤੇ ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੂੰ ਉਨ੍ਹਾਂ ਨੇ ਜਮ੍ਹਾਂਬੰਦੀ ਅਤੇ ਨਿਸ਼ਾਨਦੇਹੀ ਦੀ ਕਾਪੀ ਦਫ਼ਤਰ ਪੇਸ਼ ਕਰਨ ਲਈ ਆਖਿਆ ਹੈ ਤਾਂ ਜੋ ਸੈਕਟਰੀ ਦੀ ਡਿਊਟੀ ਲਗਾ ਕੇ ਨਿਸ਼ਾਨਦੇਹੀ ਕਰਵਾਈ ਜਾ ਸਕੇ। ।     

    ਕੀ ਕਹਿੰਦੇ ਹਨ ਗ੍ਰਾਮ ਸੇਵਕ -ਇਸ ਮਾਮਲੇ ਸਬੰਧੀ ਗ੍ਰਾਮ ਸੇਵਕ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਦੇ ਸਾਂਝੇ ਥਾਂ ਤੇ ਬੈਠ ਕੇ ਪਹਿਲਾਂ ਅਨਾਊਂਸਮੈਂਟ ਕਰਵਾਈ ਜਾਦੀ ਹੈ ਫਿਰ ਮਨਰੇਗਾ ਮਜ਼ਦੂਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਂਦਾ ਹੈ। 

    ਕੀ ਕਹਿੰਦੇ ਹਨ ਸਰਪੰਚ -ਪਿੰਡ ਗੁੰਮਟੀ ਦੇ ਸਰਪੰਚ ਬੀਬੀ ਗੁਰਮੀਤ ਕੌਰ ਦੇ ਪਤੀ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਉਨ੍ਹਾਂ ਖਿਲਾਫ਼ ਵਿਰੋਧੀ ਧਿਰ ਵੱਲੋਂ ਉਨ੍ਹਾਂ ਉੱਪਰ ਲਗਾਏ ਜਾ ਰਹੇ ਦੋਸ਼ ਬਿਲਕੁਲ ਬੇ-ਬੁਨਿਆਦ ਹਨ ਕਿਉਂਕਿ ਪੰਚਾਇਤ ਵੱਲੋਂ ਹਮੇਸ਼ਾ ਹੀ ਮਾਸਟਰੋਲ ਤਿਆਰ ਕਰਕੇ ਬਿਨਾਂ ਕਿਸੇ ਪੱਖ ਪਾਤ ਤੋਂ ਸਾਰੇ ਲੋਕਾਂ ਨੂੰ ਕੰਮ ਦਿੱਤਾ ਜਾਂਦਾ ਹੈ।ਉਨ੍ਹਾਂ ਪੰਚਾਇਤੀ ਜਗ੍ਹਾ ਉੱਤੇ ਉਸਾਰੇ ਮਕਾਨ ਦੀ ਗੱਲ ਕਰਦਿਆਂ ਕਿਹਾ ਕਿ ਇਹ ਜਗ੍ਹਾ ਸਾਡੇ ਬਜ਼ੁਰਗਾਂ ਦੀ ਹੈ ਪੰਚਾਇਤੀ ਜਗ੍ਹਾ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!