6.9 C
United Kingdom
Saturday, March 7, 2026

More

    ਕਰੋਨਾ ਨੇ ਡੰਗਿਆ ਵਿਰਸੇ ਦੀ ਨੁਹਾਰ “ਤੀਆਂ ਦਾ ਤਿਉਹਾਰ”

    ਅਸ਼ੋਕ ਵਰਮਾ
    ਬਠਿੰਡਾ, 26 ਜੁਲਾਈ।ਪੰਜਾਬ ਦੇ ਪੇਂਡੂ ਸੱਭਿਆਚਾਰ ਦੀ ਝਲਕ ਤੀਆਂ ਦੇ ਤਿਉਹਾਰ ਨੂੰ ਕਰੋਨਾ ਵਾਇਰਸ ਨਜਰ ਲੱਗ ਗਈ ਹੈ। ਉਂਜ ਤਾਂ ਤੀਆਂ ਪੁਰਾਤਨ ਵੇਲਿਆਂ ਦੀ ਤਰਾਂ ਭਰਨੋ ਕਾਫੀ ਵਰੇ ਪਹਿਲਾਂ ਹੀ ਹਟ ਗਈਆਂ ਸਨ ਫਿਰ ਵੀ ਵੱਡੀ ਗਿਣਤੀ ਪਿੰਡਾਂ ’ਚ ਤੀਜ ਤੋਂ ਤੀਆਂ ਲੱਗਣੀਆਂ ਸ਼ੁਰੂ ਹੋ ਜਾਦੀਆਂ ਸਨ। ਇਸ ਦੇ ਉਲਟ ਕਰੋਨਾ ਦੇ ਖਤਰੇ ਅਤੇ ਪਾਬੰਦੀਆਂ ਕਾਰਨ ਘਰਾਂ ਤੋਂ ਨਿੱਕਲਣਾ ਔਖਾ ਹੈ ਅਜਿਹੇ ਮੇਲੇ ਤਾਂ ਦੂਰ ਦੀ ਗੱਲ ਲੱਗਦੀ ਹੈ। ਬਠਿੰਡਾ ’ਚ ਵੀ ਤਿ੍ਰਵੈਣੀ ਕਲੱਬ ਹਰ ਸਾਲ ਤੀਆਂ ਮਨਾਉਂਦਾ ਤੇ ਸਾਲ ਦੌਰਾਨ ਵਿਆਹੀਆਂ ਲੜਕੀਆਂ ਜੋ ਤੀਆਂ ਦੇਖਣ ਆਉਂਦੀਆਂ ਨੂੰ ਸਨਮਾਨਿਤ ਕਰਦਾ ਆ ਰਿਹਾ ਸੀ। ਇਸ ਤੋਂ ਇਨਾਵਾ ਸਕੂਲਾਂ ਕਾਲਜਾਂ ਜਾਂ ਹੋਰ ਅਦਾਰੇ ਵੀ ਤੀਜ ਮੇਲਾ ਕਰਵਾ ਕੇ ਤੀਆਂ ਲੁਆਉਂਦੇ ਸਨ। ਮਾਨਸਾ ਜਿਲੇ ਦੇ ਪਿੰਡ ਸੁਮਾਓਂ  ਦੀਆਂ ਤੀਆਂ ਤਾਂ ਦੂਰ ਦੂਰ ਤੱਕ ਮਸ਼ਹੂਰ ਸਨ। ਇਸ ਵਾਰ ਪਿੰਡਾਂ ’ਚ ਤੀਆਂ ਲੱਗਣ ਵਾਲੀਆਂ ਥਾਵਾਂ ਸੁੰਨੀਆਂ ਪਈਆਂ ਹਨ ਅਤੇ ਪਿੱਪਲਾਂ ਬੋਹੜਾਂ ਨੂੰ ਗਿੱਧਾ ਬੋਲੀਆਂ ਪਾਉਣ ਵਾਲੀਆਂ ਮੁਟਿਆਰਾਂ ਦੀ ਉਡੀਕ ਹੈ।
    ਦੱਸਣਯੋਗ ਹੈ ਕਿ ਪੰਜਾਬ ਦੇ ਪ੍ਰਮੁੱਖ ਤਿਉਹਾਰਾਂ ’ਚੋਂ ਇੱਕ ‘ ਤੀਆਂ ’ ਦੀ ਸ਼ੁਰੂਆਤ ਸਾਉਣ ਮਹੀਨੇ ਦੀ ਤੀਜ ਤੋਂ ਆਰੰਭ ਹੋਈ ਮੰਨੀ ਜਾਂਦੀ ਹੈ। ਕੋਈ ਜਮਾਨਾ ਸੀ ਜਦ ਕੁੜੀਆਂ ਇਕੱਠੀਆਂ ਹੋ ਕੇ ਸਾਂਝੀ ਥਾਂ ਜਾਂ ਬੋਹੜਾਂ ਪਿੱਪਲਾਂ ਹੇਠ ‘ ਬੜੇ ਦਿਨਾਂ ਤੋਂ ਆਈਆਂ ਤੀਆਂ ਤੀਜ ਦੀਆਂ’ ਬੋਲੀ ਰਾਹੀਂ ਗਿੱਧਾ ਪਾਕੇ  ਤੀਆਂ ਦੀ ਸ਼ੁਰੂਆਤ ਕਰਦੀਆਂ ਸਨ। ਇੰਨੀਂ ਦਿਨੀ ਕੁੜੀਆਂ ਆਪੋ-ਆਪਣੀਆਂ ਸਹੇਲੀਆਂ ਦੇ ਘਰੀ ਜਾਕੇ ਹੋ ਕੇ ਮਹਿੰਦੀ ਲਾਉਂਦੀਆਂ ਸਨ। ਇਸ ਮੌਕੇੇ ਕਾੜਨੀ ਵਿੱਚੋਂ ਦੁੱਧ ਦੇ ਕੜੇ ਵਾਲੇ ਗਲਾਸ ਧੀਆਂ ਧਿਆਣੀਆਂ ਨੂੰ ਵਰਤਾਏ ਜਾਂਦੇ ਸਨ। ਇਸ ਤੋਂ ਬਿਨਾਂ  ਖਾਸ ਤੌਰ ’ਤੇ ਤਿਆਰ ਕੀਤੀਆਂ ਜਾਂਦੀਆਂ ਗੁੜ ਦੀਆਂ ਮੱਠੀਆਂ ਪਰੋਸੀਆਂ ਜਾਂਦੀਆਂ ਸਨ। ਤੀਜ ਤਿਉਹਾਰ ਮੌਕੇ ਪਿੰਡ ਵਾਸੀ ਇੱਕ ਦੂਜੇ ਨੂੰ ਵਧਾਈ ਦਿੰਦੇ ਜਿਸ ਕਾਰਨ ਆਪਸੀ ਪਿਆਰ ਤੇ ਭਾਈਚਾਰੇ ਦੀ ਇੱਕ ਮਿਸਾਲ ਵੇਖਣ ਨੂੰ ਮਿਲਦੀ ਸੀ। ਨਵੀਆਂ ਵਿਆਹੀਆਂ ਲੜਕੀਆਂ ਲਈ ਤੀਆਂ ਦਾ ਵਿਸੇਸ਼ ਮਹੱਤਵ ਹੁੰਦਾ ਹੈ। ਵਿਆਹ ਤੋਂ ਬਾਅਦ ਪਹਿਲੀਆਂ ਤੀਆਂ ਮੌਕੇ ਪੇਕੇ ਘਰ ਆਈ ਕੁੜੀ ਨੂੰ ਉਨਾਂ ਦੇ ਸਹੁਰੇ  ‘ ਸਿੰਧਾਰਾ’ ਭੇਜਦੇ ਸਨ।
    ਧੀਅ ਦੇ ਸਹੁਰਿਆਂ ਤੋਂ ਆਏ ਸਿੰਧਾਰੇ ਨੂੰ ਦੇਖਣ ਲਈ ਸਾਰਾ ਸ਼ਰੀਕਾ ਜੁੜਦਾ ਸੀ।  ਸਿੰਧਾਰਾ ਲੈ ਕੇ ਆਏ ਘਰ ਦੇ ਜੁਆਈ ਨਾਲ ਕੁੜੀਆਂ ਹਾਸਾ ਠੱਠਾ ਕਰਦੀਆਂ ਅਤੇ ਬਜ਼ੁਰਗ ਔਰਤਾਂ ਵੱਲੋਂ ਬਣਦਾ ਮਾਣ-ਸਤਿਕਾਰ ਦਿੱਤਾ ਜਾਂਦਾ ਸੀ।  ਸ਼ਾਮ ਵੇਲੇ ਧੀਆਂ ਭੈਣਾਂ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ, ਗੀਤ ਗਾਏ ਜਾਂਦੇ ਅਤੇ ਗਿੱਧੇ ਦੀ ਆਵਾਜ਼ ਪੂਰੇ ਪਿੰਡ ’ਚ ਸੁਣਾਈ ਦਿੰਦੀ ਸੀ। ਰੌਚਕ ਤੱਥ ਹੈ ਕਿ ਇੰਨਾਂ ਸਮਿਆਂ ਦੌਰਾਨ ਅਸ਼ਲੀਲਤਾ ਲਈ ਕੋਈ ਥਾਂ ਨਹੀਂ ਹੁੰਦੀ ਸੀ ਸਗੋਂ  ਪਿੰਡ ਦੀ ਹਰੇਕ ਲੜਕੀ ਨੂੰ ਪਿੰਡ ਦੀ ਧੀ ਭੈਣ ਸਮਝਿਆ ਜਾਂਦਾ ਸੀ। ਉਸ ਮੌਕੇ ਤੀਆਂ ਦੇ ਤਿਉਹਾਰ ਵਿੱਚੋਂ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਦੀ ਨੁਹਾਰ ਦਿਖਾਈ ਦਿੰਦੀ ਸੀ। ਤੀਆਂ ਦੇ ਆਖਰੀ ਦਿਨ ਕੁੜੀਆਂ ਦੇ ਮੂੰਹੋ ਆਪ ਮੁਹਾਰੇ ਇਹ ਬੋਲੀ ਭਾਰੂ ਹੋ ਜਾਂਦੀ ਕਿ ‘ ਸਾਉਣ ਵੀਰ ਸਾਨੂੰ ਮੇਲਦਾ, ਭਾਦੋ ਚੰਦਰੀ ਵਿਛੋੜੇ ਪਾਵੇ’। ਦੇਰ ਸ਼ਾਮ ਨੂੰ ਇੱਕ ਦੂਜੇ ਦੇ ਗੱਲ ਲੱਗ ਅੱਖਾਂ ’ਚ ਹੰਝੂ ਲੈਕੇ ਅਗਲੇ ਵਰੇ ਮਿਲਣ ਦੇ ਵਾਅਦੇ ਨਾਲ ਵਿੱਛੜਦੀਆਂ ਤਾਂ ਮਹੌਲ ਗਮਗੀਨ ਹੋ ਜਾਂਦਾ ਸੀ।

          ਮੁਗਲਾਂ ਵੇਲੇ ਪ੍ਰਚੱਲਣ ਦੀ ਦੰਦ ਕਥਾ
    ਭਾਵੇਂ ਤੀਆਂ ਬਾਰੇ ਕੋਈ ਪੱਕਾ ਇਤਿਹਾਸ ਜਾਂ ਤਰੀਕ ਮੌਜੂਦ ਨਹੀਂ ਪਰ ਆਖਦੇ ਹਨ ਕਿ ਮੁਗਲ ਬਾਦਸ਼ਾਹ ਵੇਲੇ ਗੜ ਮੁਗਲਾਣੇ ਦੀਆਂ ਤੀਆਂ ਮਸਹੂਰ ਹੋਇਆ ਕਰਦੀਆਂ ਸਨ। ਉਸ ਵਕਤ ਅੱਜ ਦੇ ਮੁਕਾਬਲੇ ਆਵਾਜਾਈ ਦੇ ਸਾਧਨ ਨਹੀਂ ਹੁੰਦੇ ਸਨ। ਧੀਆਂ ਧਿਆਣੀਆਂ ਦੇ ਮਿਲਣ ਲਈ ਵਰੇ ਬਾਅਦ ਇਹੋ ਇੱਕ ਤਿਉਹਾਰ ਹੁੰਦਾ ਸੀ। ਸਦੀਆਂ ਤੱਕ ਇਹ ਤਿਉਹਾਰ ਆਪਣੀ ਰਸ ਤੋਰੇ ਤੁਰਦਾ ਰਿਹਾ ਹੈ। ਕੁੱਝ ਬਜ਼ੁਰਗ ਔਰਤਾਂ ਨੇ ਦੱਸਿਆ ਕਿ ਅਸਲ ’ਚ ਤੀਆਂ ਨੂੰ ਖੋਰਾ ਭਰੂਣ ਹੱਤਿਆ ਦੇ ਪ੍ਰਚੱਲਣ ਅਤੇ ਲੋਕਾਂ ’ਚ ਵਧੀ ਅਪਰਾਧਿਕ ਪ੍ਰਵਿਰਤੀ ਕਾਰਨ ਲੱਗਿਆ ਹੈ। ਰਹਿੰਦੀ ਕਸਰ ਟੈਲੀਵਿਜਨ ਦੇ ਪਸਾਰੇ ਅਤੇ ਵਿਦੇਸ਼ੀ ਚੈਨਲਾਂ ਸਦਕਾ ਪੱਛਮੀ ਸੱਭਿਅਤਾ ਦੇ ਵਧੇ ਪ੍ਰਭਾਵ ਨੇ ਕੱਢ ਦਿੱਤੀ ਹੈ।

      ਹੰਕਾਰ ਨੇ ਵੀ ਮਾਰ ਪਾਈ
    ਸਮਾਜਿਕ ਆਗੂ ਤੇ ਭਰੂਣ ਹੱਤਿਆ ਖਿਲਾਫ ਲੜਨ ਵਾਲੇ ਸਾਧੂ ਰਾਮ ਕੁਸਲਾ ਦਾ ਪ੍ਰਤੀਕਰਮ ਸੀ ਕਿ ਧੀਆਂ ਪ੍ਰਤੀ ਬਦਲੇ ਨਜ਼ਰੀਏ ਨੇ ਕੁੜੀਆਂ ਦੇ ਇਕੱਠਾਂ ਨੂੰ ਮਨਫੀ ਕਰਕੇ ਰੱਖ ਦਿੱਤਾ ਹੈ। ਉਨਾਂ ਆਖਿਆ ਕਿ ਸਾਦ ਮੁਰਾਦੇ ਪਕਵਾਨਾਂ ਨੂੰ ਸਰੀਕੇ ਕਬੀਲੇ ’ਚ ਵੰਡਣਾ ਤੌਹੀਨ ਸਮਝੀ ਜਾਂਦੀ ਹੈ ਅਤੇ ਵਡੱਪਣ ਦਿਖਾਉਣ ਦੇ ਨਾਂਅ ਤੇ ਨੁਮਾਇਸ਼ ਨੂੰ ਮਾਣ ਸਮਝਿਆ ਜਾਂਦਾ ਹੈ। ਉਨਾਂ ਆਖਿਆ ਕਿ ਹੰਕਾਰ ਨੇ ਵੀ ਸਾਰੇ ਹੀ ਤਿਉਹਾਰਾਂ ਨੂੰ ਮਾਰ ਪਾਈ ਹੈ।

     ਤੀਆਂ ਵਰਗੇ ਤਿਉਹਾਰ ਸੰਭਲਣ ਦੀ ਲੋੜ:ਕੋਟਫੱਤਾ
    ਤਿ੍ਰਵੈਣੀ ਕਲੱਬ ਦੀ ਪ੍ਰਧਾਨ ਸੇਵਾਮੁਕਤ ਜਿਲਾ ਸਿੱਖਿਆ ਅਫਸਰ ਡਾ ਅਮਰਜੀਤ ਕੌਰ ਕੋਟਫੱਤਾ ਦਾ ਕਹਿਣਾ ਸੀ ਕਿ ਕਰੋਨਾ ਵਾਇਰਸ ਨੇ ਜਿੰਦਗੀ ਹੀ ਤਹਿਸ ਨਹਿਸ ਕਰਕੇ ਰੱਖ ਦਿੱਤੀ ਹੈ ਅਤੇ ਤੀਆਂ ਵਰਗਾ ਸੱਭਿਆਚਾਰਕ ਤਿਉਹਾਰ ਵੀ ਅਛੂਤਾ ਨਹੀਂ ਰਿਹਾ ਹੈ। ਉਨਾਂ ਆਖਿਆ ਕਿ ਵਿਰਸੇ ਦੀ ਨੁਹਾਰ ਦੀ ਨੁਹਾਰ ਸੰਭਾਲਣਾ ਅਤੇ ਸਮਾਜਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਹਰੇਕ ਪੰਜਾਬੀ ਦਾ ਮੁੱਢਲਾ ਫਰਜ਼ ਹੈ। ਉਨਾਂ ਕਿਹਾ ਕਿ ਜੇਕਰ ਆਧੁਨਿਕਤਾ ਦੀ ਦੌੜ ਵਿੱਚ ਸੱਭਿਆਚਾਰ ਨੂੰ ਖੋਰਾ ਲੱਗਣਾ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਤੀਆਂ ਪੂਰੀ ਤਰਾਂ ਅਲੋਪ ਹੋ ਜਾਣਗੀਆਂ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!