ਅਸ਼ੋਕ ਵਰਮਾ
ਬਠਿੰਡਾ,24ਜੁਲਾਈ। ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ਤੇ ਜ਼ਿਲਾ ਬਠਿੰਡਾ ਵਿੱਚ ਪੰਜ ਮੁਲਾਜਮਾਂ ਨੇ ਕਰੋਨਾ ਵਾਇਰਸ ਦੇ ਨਿਯਮਾਂ ਨੂੰ ਮੁੱਖ ਰੱਖਦਿਆਂ ਆਪਣੀਆਂ ਮੰਗਾਂ ਦੇ ਹੱਕ ’ਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਹੜਤਾਲੀ ਕਰਮਚਾਰੀਆਂ ’ਚ ਤਿੰਨ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਅਤੇ ਦੋ ਮਲਟੀਪਰਪਜ਼ ਹੈਲਥ ਵਰਕਰ ਮੇਲ ਸ਼ਾਮਲ ਹਨ ਜਿੰਨਾਂ ਸਵੇਰੇ 9 ਤੋਂ 5 ਵਜੇ ਤੱਕ ਆਪਣਾ ਰੋਸ ਜ਼ਾਹਿਰ ਕੀਤਾ ਹੈ। ਲਗਾਤਾਰ ਮੰਗ-ਪੱਤਰ ਭੇਜਣ ਦੇ ਬਾਵਜੂਦ ਮਲਟੀਪਰਪਜ਼ ਕਾਮਿਆਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਨੇ ਅਣਗੋਲਿਆਂ ਕੀਤਾ ਹੈ ਜਿਸ ਕਰਕੇ ਉਹ ਸੰਘਰਸ਼ ਦੇ ਰਾਹ ਪਏ ਹਨ। ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਸਿਹਤ ਕਾਮੇ ਡਟ ਕੇ ਵਿਰੋਧ ਕਰਨਗੇ ਅਤੇ ਸਰਕਾਰ ਨੂੰ ਸਿਹਤ ਕਾਮਿਆਂ ਨੂੰ ਨਪੀੜਨ ਵਾਲੀਆਂ ਨੀਤੀਆਂ ਨੂੰ ਲਾਗੂ ਨਹੀਂ ਕਰਨ ਦਿੱਤੀਆਂ ਜਾਣਗੀਆਂ।
ਹੜਤਾਲੀ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਿਹਤ ਕਾਮਿਆਂ ਦੀਆਂ ਮੰਗਾਂ ਨੂੰ ਨਾ ਮੰਨਿਆ ਤਾਂ 7 ਅਗਸਤ 2020 ਨੂੰ ਮੋਤੀ ਮਹਿਲ ਪਟਿਆਲਾ ਦਾ ਘਿਰਾਓ ਕੀਤਾ ਜਾਵੇਗਾ। ਸਿਹਤ ਵਿਭਾਗ ਦੇ ਮਲਟੀਪਰਪਜ਼ ਕਾਮਿਆਂ ਨੇ ਕੋਵਿਡ-19 ਦੌਰਾਨ ਮੋਹਰੀ ਭੂਮਿਕਾ ਨਿਭਾਈ ਤਾਂ ਜੋ ਚੰਗਾ ਕੰਮ ਕਰਨ ਬਦਲੇ ਉਹ ਰੈਗੂਲਰ ਹੋ ਸਕਣ ਅਤੇ ਪ੍ਰਵੇਸ਼ਨ ਪੀਰੀਅਡ ਖਤਮ ਹੋ ਸਕੇ ਪਰ ਦਿਨ-ਰਾਤ ਮਹਿਕਮੇ ਵਿੱਚ ਬਿਨਾਂ ਰੁਕਿਆਂ ਕੰਮ ਕਰਨ ਬਦਲੇ ਸਰਕਾਰ ਨੇ ਨਵੀਂ ਲੰਗੜੀ ਭਰਤੀ ਦਾ ਇਸ਼ਤਿਹਾਰ ਜਾਰੀ ਕਰਕੇ ਇਨਾਂ ਦੀਆਂ ਆਸਾਂ-ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ। ਸਿਹਤ ਕਾਮਿਆਂ ਨੇ ਮੰਗ ਕੀਤੀ ਹੈ ਕਿ ਸਿਹਤ ਵਿਭਾਗ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਪਹਿਲਾਂ ਰੈਗੂਲਰ ਕਰੇ ਅਤੇ ਬਾਅਦ ਵਿੱਚ ਨਵੀਂ ਭਰਤੀ ਕੀਤੀ ਜਾਏ। ਅੱਜ ਦੀ ਇਸ ਭੁੱਖ ਹੜਤਾਲ ਵਿੱਚ ਗਗਨਦੀਪ ਸਿੰਘ ਸੂਬਾ ਜਨਰਲ ਸਕੱਤਰ, ਰੇਖਾ ਰਾਣੀ ਕਨਵੀਨਰ, ਭੁਪਿੰਦਰ ਕੌਰ ਤਲਵੰਡੀ ਸਾਬੋ, ਕਿਰਨ ਸੰਗਤ ਅਤੇ ਅਮਨਦੀਪ ਕੁਮਾਰ ਐਂਟੀ ਲਾਰਵਾ ਬਠਿੰਡਾ ਬੈਠੇ ।