ਅਸ਼ੋਕ ਵਰਮਾ
ਬਠਿੰਡਾ,24ਜੁਲਾਈ। ਲੋਕ ਸੰਗਰਾਮ ਮੋਰਚਾ ਪੰਜਾਬ (ਆਰ.ਡੀ.ਐੱਫ.) ਨੇ ਕਿਸਾਨ ਜੱਥੇਬੰਦੀਆਂ ਵੱਲੋਂ 27 ਜੁਲਾਈ ਨੂੰ ਅਕਾਲੀ ਭਾਜਪਾ ਆਗੂਆਂ ਦੇ ਘਰਾਂ ਵੱਲ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਦੀ ਹਮਾਇਤ ਦਾ ਐਲਾਨ ਕੀਤਾ ਹੈ। ਮੋਰਚੇ ਦੇ ਪ੍ਰਚਾਰ ਸਕੱਤਰ ਲੋਕ ਰਾਜ ਮਹਿਰਾਜ ਅਤੇ ਸਕੱਤਰ ਸੁਖਵਿੰਦਰ ਕੌਰ ਨੇ ਇੱਕ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਰਕਾਰਾਂ ਵੱਲੋਂ ਜਿਸ ਤਰਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਉਸ ਨੂੰ ਦੇਖਦਿਆਂ ਅਕਾਲੀ/ਭਾਜਪਾ ਆਗੂਆਂ, ਸਾਬਕਾ ਵਜੀਰਾਂ ਅਤੇ ਮੌਜੂਦਾ ਸੰਸਦ ਮੈਂਬਰਾਂ ਅਤੇ ਕੇਂਦਰੀ ਮੰਤਰੀਆਂ ਦੇ ਘਿਰਾਓ ਦੀ ਪੂਰਨ ਹਮਾਇਤ ਕੀਤੀ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਲੋਕ ਵਿਰੋਧੀ ਬਿੱਲ ਪਾਸ ਕਰਕੇ ਲੋਕਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਹੈ।
ਉਨਾਂ ਕਿਹਾ ਕਿ ਮੋਦੀ ਹਕੂਮਤ ਖਿਲਾਫ ਜਿੱਥੇ ਚੇਤਨ ਦਿਮਾਗ ਵਾਲੇ ਕਿਸਾਨ ਆਗੂਆਂ ’ਤੇ ਜਥੇਬੰਦੀਆਂ ਨੇ ਸੰਘਰਸ਼ ਦਾ ਸੱਦਾ ਦਿੱਤਾ ਹੈ ਉੱਥੇ ਪੰਜਾਬ ਦੀ ਕੈਪਟਨ ਸਰਕਾਰ ਨੇ ਮੋਦੀ ਹਕੂਮਤ ਦੇ ਹੱਕ ਵਿੱਚ ਭੁਗਤਦਿਆਂ ਪੰਜਾਬ ਅੰਦਰ ਸੰਘਰਸ਼ਾਂ ’ਤੇ ਪਾਬੰਦੀ ਲਾ ਕੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਉਨਾਂ ਕੈਪਟਨ ਸਰਕਾਰ ਨੂੰ ਸੁਆਲ ਕੀਤਾ ਕਿ ਜੇਕਰ ਸੰਘਰਸ਼ਾਂ ’ਚ ਇਕੱਠ ਰਾਹੀਂ ਕਰੋਨਾਂ ਫੈਲਦਾ ਹੈ ਤਾਂ ਬੱਸਾਂ ਵਿੱਚ 52 ਸਵਾਰੀਆਂ ਬਿਠਾਉਣ ਦੇ ਹੁਕਮ ਕੀ ਕਰੋਨਾ ਦੇ ਫੈਲਣ ਨੂੰ ਰੋਕਣਗੇ। ਉਨਾਂ ਸਮੂਹ ਪੰਜਾਬੀਆਂ ਨੂੰ ਇਨਾਂ ਸਰਕਾਰਾਂ ਤੋਂ ਭਲੇ ਆਸ ਛੱਡਦਿਆਂ 27 ਤਰੀਖ ਦੇ ਇਸ ਕਿਸਾਨਾਂ ਦੇ ਅੰਦੋਲਨ ਵਿੱਚ ਡਟਣ ਦਾ ਸੱਦਾ ਦਿੱਤਾ।