ਸਿੱਕੀ ਝੱਜੀ ਪਿੰਡ ਵਾਲਾ (ਇਟਲੀ )
ਸੁਪਨੇ ਹਰ ਕੋਈ ਵੇਖਦਾ ਹੈ ਤੇ ਮਿਹਨਤੀ ਇਨਸਾਨ ਉਹਨਾਂ ਸੁਪਨਿਆਂ ਨੂੰ ਪੂਰੇ ਵੀ ਕਰ ਵਿਖਾਉਂਦਾ ਹੈ। ਅੰਦਰਰੂਨੀ ਕਲਾ ਜਦੋਂ ਇਨਸਾਨ ਨੂੰ ਚੁੱਪ ਧਾਰ ਕੇ ਬਹਿਣ ਨਹੀਂ ਦਿੰਦੀ ਤਾਂ ਉਸ ਦੇ ਨਤੀਜੇ ਫਿਰ ਸਭ ਜਾਣਦੇ ਹੀ ਨੇ ਕਿਵੇਂ ਕੋਈ ਕਿਸੇ ਮੁਕਾਮ ਤੇ ਪਹੁੰਚਦਾ ਹੈ। ਮਿੱਠਬੋਲੜੇ ਸੁਭਾਅ ਤੇ ਆਪਣੀ ਸੁਰੀਲੀ ਅਵਾਜ ਨਾਲ ਜਾਣੀ ਜਾਂਦੀ ਪ੍ਰਸਿੱਧ ਗਾਇਕਾ ਮਨਿੰਦਰ ਦਿਓਲ ਜਿਸ ਨੂੰ ਹਰ ਵਰਗ ਦੇ ਸਰੋਤਿਆਂ ਨੇ ਪਿਆਰ ਦਿੱਤਾ। ਪਿਤਾ ਸਰਦਾਰ ਛਮੇਰ ਸਿੰਘ ਤੇ ਮਾਤਾ ਹਰਜਿੰਦਰ ਕੌਰ ਦੇ ਘਰ ਜਨਮੀ ਦੋ ਵੀਰਾਂ ਦੀ ਲਾਡਲੀ ਭੈਣ ਮਨਿੰਦਰ ਚੰਡੀਗੜ ਸ਼ਹਿਰ ਦੀ ਜੰਮਪਲ ਹੈ। ਖਰੜ ਸਕੂਲ ਪੜਨ ਤੋਂ ਬਾਅਦ ਚੰਡੀਗੜ ਤੋਂ ਗਰੈਜੂਏਸ਼ਨ ਤੱਕ ਦੀ ਪੜਾਈ ਕਰਨ ਵਾਲੀ ਮਨਿੰਦਰ ਦੇ ਗਾਉਣ ਦੇ ਸ਼ੋਂਕ ਦੀ ਗੱਲ ਕਰੀਏ ਤਾਂ ਤਕਰੀਬਨ ਛੇਵੀਂ ਕਲਾਸ ਤੋਂ ਹੀ ਮਨਿੰਦਰ ਨੂੰ ਗਾਇਕੀ ਦਾ ਸ਼ੌੰਕ ਪੈ ਗਿਆ। ਉਸਤਾਦ ਰਜਿੰਦਰ ਗੌਸਵਾਮੀ ਜੀ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖਣ ਵਾਲੀ ਮਨਿੰਦਰ ਦੀ ਪਹਿਲੀ ਟੇਪ “ਮੇਰੇ ਖਤ ਤੇ ਫੋਟੋਆਂ” ਗਿਆਰਵੀਂ ਜਮਾਤ ਚ ਪੜਦਿਆਂ ਹੀ ਰਿਕਾਰਡ ਹੋ ਗਈ। ਕੈਟਰੈਕ ਕੰਪਨੀ ਵਲੋਂ ਰਿਲੀਜ਼ ਕੀਤੀ ਇਸ ਟੇਪ ਦੀ ਉਸ ਸਮੇਂ ਖੂਬ ਵਿਕਰੀ ਹੋਈ। ਗੀਤਕਾਰ ਬੰਤ ਰਾਮਪੁਰਾ ਜੀ ਦਾ ਲਿਖਿਅਾ ਟਾਈਟਲ ਗੀਤ ਮਨਿੰਦਰ ਦੇ ਸਰੋਤਿਆਂ ਦੇ ਅੱਜ ਵੀ ਜੁਬਾਨ ਤੇ ਹੈ। ਜਗਤਾਰ ਜੱਗਾ ਜੀ ਅਤੇ ਅਵਤਾਰ ਤਾਰੀ ਭਾਜੀ ਜਿਹਨਾਂ ਦੇ ਸਹਿਯੋਗ ਸਦਕਾ ਮਨਿੰਦਰ ਨੇ ਦੂਰਦਰਸ਼ਨ ਤੱਕ ਪਹੁੰਚੀ ਉਹਨਾਂ ਦਾ ਅੱਜ ਵੀ ਧੰਨਵਾਦ ਕਰਦੀ ਹੈ। ਸ਼ਗਨਾਂ ਦਾ ਚੂੜਾ,ਅਸੀਂ ਤਾਂ ਤੇਰੇ ਹਾਂ, ਅਤੇ ਮੇਰੀਆਂ ਨਿਸ਼ਾਨੀਆਂ ਇਹਨਾਂ ਸਾਰੀਆਂ ਕੈਸੇਟਾਂ ਨੂੰ ਬਹੁਤ ਪਿਆਰ ਮਿਲਿਆ। ਬਾਲੀ ਸੱਗੂ ਵਲੋਂ ਕੀਤੀ ਅੈਲਬਮ ਜਿਸ ਵਿੱਚ ਅਵਤਾਰ ਤਾਰੀ ਤੇ ਮਨਿੰਦਰ ਦਿਓਲ ਜੀ ਦਾ ਦੋਗਾਣਾ ਪ੍ਰੀਤੋਂ ਦੇ ਘਰ ਦਾ, ਜਿਸ ਨੂੰ ਸਰੋਤਿਆਂ ਨੇ ਬੇਹੱਦ ਪਸੰਦ ਕੀਤਾ। ਦੇਸ਼ਾਂ ਵਿਦੇਸ਼ਾਂ ਦਾ ਸਫਰ ਵੀ ਇਹਨਾਂ ਕਾਮਯਾਬ ਟੇਪਾਂ ਦੀ ਹੀ ਦੇਣ ਹੈ। ਸ਼ਰਬਤੀ ਅੱਖੀਆਂ ਅੈਲਬਮ ਜੋ ਕਿ ਪ੍ਰੀਆ ਰਿਕਾਰਡਜ਼ ਵਲੋਂ ਰਿਲੀਜ਼ ਕੀਤੀ ਗਈ ਸੀ ਜਿਸ ਦਾ ਸੰਗੀਤ ਸਚਿਨ ਅਹੂਜਾ ਜੀ ਦਾ ਕੀਤਾ ਸੀ ਵੀ ਬਹੁਤ ਚਰਚਾ ਵਿੱਚ ਰਹੀ। ਇਸ ਸਭ ਦੇ ਨਾਲ ਨਵੇਂ ਸਾਲ ਦੇ ਰੰਗਾਰੰਗ ਪ੍ਰੋਗਰਾਮ ਵਿੱਚ ਵੀ ਮਨਿੰਦਰ ਦੇ ਗੀਤ ਆਏ ਸਾਲ ਲਗਾਤਾਰ ਆਉੰਦੇ ਰਹੇ। ਉੱਘੇ ਗੀਤਕਾਰ ਅਤੇ ਪ੍ਰੋਡਿਊਸਰ ਸਨੀ ਮਾਨ ਨਾਲ ਵਿਆਹ ਬੰਧਨ ਚ ਬੱਝ ਕੇ ਜਿੰਦਗੀ ਦੀਆਂ ਖੁਸ਼ੀਆਂ ਮਾਣਦੀ ਮਨਿੰਦਰ ਅੱਜਕੱਲ੍ਹ ਅਮਰੀਕਾ ਵਿਖੇ ਰਹੀ ਹੈ। ਲੰਮੇ ਸਮੇੰ ਦੀ ਬਰੇਕ ਤੋਂ ਬਾਅਦ ਮਨਿੰਦਰ ਦੇ ਗਾਏ ਤੇ ਸਨੀ ਮਾਨ ਦੇ ਲਿਖੇ ਗੀਤ ਪਾਣੀ ਪੈਟਰੋਲ ਨੂੰ ਵੀ ਬਹੁਤ ਕਾਮਯਾਬੀ ਮਿਲੀ। ਦੁਨੀਆਂ ਭਰ ਚ ਫੈਲੀ ਕਰੋਨਾ ਮਹਾਂਮਾਰੀ ਤੋਂ ਮੁਕਤੀ ਦੀ ਅਰਦਾਸ ਰੂਪੀ ਧਾਰਮਿਕ ਗੀਤ “ਤੇਰੇ ਹੀ ਬਣਾਏ ਨੇ” ਲੈ ਕੇ ਹਾਜਿਰ ਹੋ ਰਹੀ ਮਨਿੰਦਰ ਦਿਓਲ ਜੋ ਕਿ ਅਗਲੇ ਕੁਝ ਦਿਨ ਤੱਕ ਅੈਸ ਅੈਮ ਪ੍ਰੋਡਕਸ਼ਨ ਵਲੋਂ ਰਿਲੀਜ਼ ਹੋ ਰਿਹਾ ਹੈ। ਅੈਸ ਅੈਮ ਫਿਲਮਜ ਵਲੋਂ ਵੀਡੀਓ ਯੂ ਟਿਊਬ ਤੇ ਦਰਸ਼ਕਾਂ ਨੂੰ ਜਲਦ ਵੇਖਣ ਨੂੰ ਮਿਲੇਗਾ। ਮਨਿੰਦਰ ਦਿਓਲ ਦੇ ਦੱਸਣ ਮੁਤਾਬਿਕ ਸੰਗੀਤਕਾਰ ਟੋਨੀ ਦੇ ਸੰਗੀਤ ਵਿੱਚ ਆ ਰਹੇ ਇਸ ਗੀਤ ਨੂੰ ਰਿਲੀਜ਼ ਕਰਨ ਦਾ ਮਕਸਦ ਇਹੀ ਹੈ ਕਿ ਪ੍ਰਮਾਤਮਾ ਕਰੋਨਾ ਜਿਹੀ ਭਿਆਨਕ ਬਿਮਾਰੀ ਤੋਂ ਛੁਟਕਾਰਾ ਦਿਵਾਏ ਤਾਂ ਜੋ ਹਰ ਪਾਸੇ ਪਹਿਲਾਂ ਵਾਂਗ ਮੁੜ ਖੁਸ਼ਹਾਲੀ ਹੋਵੇ। ਪੰਜਾਬੀ ਸੰਗੀਤ ਜਗਤ ਦੀ ਇਸ ਨਾਮਵਾਰ ਗਾਇਕਾ ਨੂੰ ਦਰਸ਼ਕਾਂ ਦਾ ਇਸੇ ਤਰਾਂ ਹਮੇਸ਼ਾ ਪਿਆਰ ਮਿਲਦਾ ਰਹੇ ।