ਅਸ਼ੋਕ ਵਰਮਾ
ਬਠਿੰਡਾ,23 ਜੁਲਾਈ। ਜਮਹੂਰੀ ਅਧਿਕਾਰ ਸਭਾ ਨੇ ਬਠਿੰਡਾ ਸ਼ਹਿਰ ਦੇ ਬਰਸਾਤੀ ਪਾਣੀ ਦੇ ਨਿਕਾਸ ਤੇ ਸੀਵਰੇਜ ਪ੍ਬੰਧਾਂ ਦੇ ਗੰਭੀਰ ਨੁਕਸਾਂ ਲਈ ਸਰਕਾਰ ਦੀ ਨਿੱਜੀਕਰਨ ਦੀ ਨੀਤੀ,ਨਗਰ ਨਿਗਮ ਅਤੇ ਜਿਲਾ ਪ੍ਰਸ਼ਾਸ਼ਨ ਨੂੰ ਕਸੂਰਵਾਰ ਠਹਿਰਾਉਂਦਿਆਂ ਪਿਛਲੇ 13 ਵਰਿਆਂ ਦੌਰਾਨ ਬਠਿੰਡਾ ’ਚ ਕੀਤੇ ਖਰਚਿਆਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸਭਾ ਦੇ ਜਿਲਾ ਪ੍ਧਾਨ ਪਿ੍ੰ ਬੱਗਾ ਸਿੰਘ ਜਨਰਲ ਸਕੱਤਰ ਪਿ੍ਰਤਪਾਲ ਸਿੰਘ ਅਤੇ ਪੈ੍ਸ ਸਕੱਤਰ ਡਾਕਟਰ ਅਜੀਤਪਾਲ ਸਿੰਘ ਨੇ ਅੱਜ ਇੱਕ ਰਿਪੋਰਟ ਜਾਰੀ ਕਰਕੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਈਮੇਲ ਰਾਹੀਂ ਸੁਝਾਵਾਂ ਵਾਲਾ ਮੰਗ ਪੰਤਰ ਵੀ ਭੇਜਿਆ ਹੈ। ਜਮਹੂਰੀ ਅਧਿਕਾਰ ਸਭਾ ਦਾ ਕਹਿਣਾ ਹੈ ਕਿ ਨਗਰ ਨਿਗਮ ਅਤੇ ਤਿ੍ਰਵੈਣੀ ਵੱਲੋਂ ਬਰਸਾਤ ਦੇ ਮੌਸਮ ਤੋਂ ਪਹਿਲਾਂ ਕੋਈ ਤਿਆਰ ਵੀ ਨਹੀਂ ਕੀਤੀ ਗਈ ਹੈ। ਸਭਾ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਤੇਰਾਂ ਸਾਲਾਂ (ਦਸ ਸਾਲ ਅਕਾਲੀ ਭਾਜਪਾ ਰਾਜ ਦੇ ਅਤੇ ਤਿੰਨ ਸਾਲ ਕੈਪਟਨ ਸਰਕਾਰ) ਦੌਰਾਨ ਜਿੰਨਾ ਵੀ ਸਰਕਾਰੀ ਖਰਚਾ ਹੋਇਆ ਹੈ ਉਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਆਗੂਆਂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੀ ਪਾਣੀ ਦੀ ਸਪਲਾਈ ਤੇ ਸੀਵਰੇਜ ਪ੍ਰਬੰਧ ਦੀ ਦੇਖ ਰੇਖ ਤਿ੍ਰਵੇਣੀ ਕੰਪਨੀ ਦੇ ਹੱਥਾਂ ਚ ਦੇਣ ਤੋਂ ਬਾਅਦ ਕਰੋੜਾਂ ਰੁਪਏ ਸ਼ਹਿਰ ਵਿੱਚ ਲੱਗੇ ਹਨ ਪਰ ਪਾਣੀ ਦੀ ਨਿਕਾਸੀ ਦੀ ਬਜਾਏ ਮੁਸ਼ਕਲਾਂ ਹੋਰ ਵਧਦੀਆਂ ਹੀ ਜਾ ਰਹੀਆਂ ਹਨ। ਬਠਿੰਡਾ ’ਚ 1983 ਤੋਂ ਲੈ ਕੇ ਹੁਣ ਤੱਕ ਸੀਵਰੇਜ ਤੇ ਡਰੇਨੇਜ ਸਿਸਟਮ ਤੇ 250 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕੀਤਾ ਜਾ ਚੁੱਕਿਆ ਹੈ ਜੋਕਿ ਸੀਵਰੇਜ ਬੋਰਡ ਰਾਹੀਂ ਕੀਤਾ ਗਿਆ ਹੈ। ਉਨਾਂ ਆਖਿਆ ਕਿ ਇਹ ਰੁਪਈਆ ਕਿੱਥੇ ਖਰਚ ਹੋਇਆ ਇਸ ਦਾ ਹਿਸਾਬ ਅੱਜ ਤੱਕ ਨਿਗਮ ਨੂੰ ਸੀਵਰੇਜ ਬੋਰਡ ਨੇ ਨਹੀਂ ਦਿੱਤਾ ਹੈ। ਸੀਵਰੇਜ ਤੇ ਡਰੇਨੇਜ ਸਿਸਟਮ ਦਾ ਰੱਖ ਰਖਾਅ ਤੇ ਨਵਾਂ ਸੀਵਰੇਜ ਪਾਉਣ ਲਈ ਤਿ੍ਰਵੇਣੀ ਨੂੰ 288 ਕਰੋੜ ਰੁਪਏ ਦਾ ਕੰਮ ਦਿੱਤਾ ਹੈ। ਸ਼ਹਿਰ ਦਾ ਗੰਦਾ ਪਾਣੀ ਕੱਢਣ ਲਈ ਬਣਾਏ ਸਲੱਜ ਕੈਰੀਅਰ ਦੀ ਲਗਾਤਾਰ ਮੁਰੰਮਤ ਨਹੀਂ ਹੁੰਦੀ ਹੈ। ਬਠਿੰਡਾ ਦੀ ਰਾਈਜ਼ਿੰਗ ਮੇਨ ਵੀ ਨਾ ਬਨਣ ਕਾਰਨ ਸਲੱਜ ਵਾਰ ਵਾਰ ਟੁੱਟਦਾ ਰਹਿੰਦਾ ਹੈ।
ਉਨਾਂ ਆਖਿਆ ਕਿ ਸੀਵਰੇਜ ਦੇ ਓਵਰਫਲੋ ਕਾਰਨ ਖੜੇ ਪਾਣੀ ਵਿੱਚ ਪੈਦਾ ਹੁੰਦੇ ਕੀਟਾਣੂੰ ਭਿਆਨਕ ਬੀਮਾਰੀਆਂ ਫੈਲਾਉਦੇ ਹਨ। ਉਨਾਂ ਆਖਿਆ ਕਿ ਨਿਕਾਸੀ ਦੀ ਸਮਰੱਥਾ ਵਧਾਉਣ ਲਈ ਸਲੱਜ਼ ਕੈਰੀਅਰ ਦੇ ਨਾਲ 14 ਕਿਲੋਮੀਟਰ ਲੰਮਾ ਰਾਈਜ਼ਿੰਗ ਮੇਨ ਬਣਾਉਣ ਦਾ ਪ੍ਰੋਜੈਕਟ ਅਜੇ ਅਧੂਰਾ ਹੈ। ਸਭਾ ਨੇ ਬਠਿੰਡਾ ਦੇ ਕੁਦਰਤੀ ਵਹਾਅ ਮੁਤਾਬਕ ਬਰਸਾਤ ਦਾ ਪਾਣੀ ਮੁਲਤਾਨੀਆਂ ਪੁਲ ਕੋਲ ਦੀ ਰੇਲਵੇ ਲਾਇਨਾਂ ਦੇ ਹੇਠਾਂ ਦੀ ਬਹੁਤ ਵੱਡੀ ਸਮਰੱਥਾ ਵਾਲੀ ਪਾਈਪ ਪਾ ਕੇ ਮੁਲਤਾਨੀਆਂ ਰੋਡ ਰਾਹੀਂ ਬੀੜ ਤਲਾਬ ਤੱਕ ਲਿਜਾਣ, ਨਜਾਇਜ ਕਬਜਿਆਂ ਦੀ ਮਾਰ ਹੇਠ ਆਈ ਲੱਗਭਗ 97 ਏਕੜ ਸਰਕਾਰੀ ਅਸਕੇਪ ’ਚ ਪਾਣੀ ਸਟੋਰ ਕਰਨ, ਚੰਦਸਰ ਬਸਤੀ,ਸੰਜੇ ਨਗਰ ਅਤੇ ਸੰਗੂਆਣਾ ਬਸਤੀ ਵਾਲੇ ਟੋਭਿਆਂ ਤੇ ਹੋਏ ਨਜਾਇਜ ਕਬਜ਼ੇ ਹਟਾਕੇ ਇਨਾਂ ਨੂੰ ਹੋਰ ਡੂੰਘੇ ਕਰਨ ਦੀ ਮੰੰਗ ਕੀਤੀ ਹੈ। ਸਭਾ ਨੇ ਸਮੂਹ ਅਦਾਰਿਆਂ ’ਚ ਪਾਣੀ ਦਾ ਰਿਚਾਰਜ ਸਿਸਟਮ ਲਾਉਣ ਅਤੇ ਪਰਸ ਰਾਮ ਨਗਰ ਤੇ ਸੰਗੂਆਣਾ ਬਸਤੀ ਵਿੱਚ ਨਵੀਆਂ ਵੱਡੀਆਂ ਪਾਈਪਾਂ ਪਾਕੇ ਸੀਵਰੇਜ ਸਮਰੱਥਾ ਵਧਾਉਣ ਦਾ ਸੁਝਾਅ ਵੀ ਦਿੱਤਾ ਹੈ।