ਅਸ਼ੋਕ ਵਰਮਾ
ਬਠਿੰਡਾ 23 ਜੁਲਾਈ। ਖੇਤੀ ਆਰਡੀਨੈਸਾਂ ਵਿਰੁੱਧ ਪੰਜਾਬ ਦੀਆਂ 13 ਕਿਸਾਨ ਜਥੇਬੰਦੀਆਂ ਦੇ ਰੋਸ ਹਫਤੇ ਵਿੱਚ ਦੇ ਚੌਥੇ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਠਿੰਡਾ ਦੇ 50 ਪਿੰਡਾਂ ਵਿਚ ਕੇਂਦਰ ਸਰਕਾਰ ਦੀ ਅਰਥੀ ਸਾੜ ਮੁਜਾਹਰੇ ਕੀਤੇ ਗਏ ।ਜਥੇਬੰਦੀ ਦੇ ਜਿਲਾ ਕਾਰਜਕਾਰੀ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਖੇਤਰ ਸਮੇਤ ਸਨਅਤਾਂ, ਸਿਹਤ, ਵਿੱਦਿਆ, ਬਿਜਲੀ , ਆਵਾਜਾਈ ਹਰ ਆਰਥਕ ਖੇਤਰ ਵਿੱਚ ਦੇਸੀ-ਬਦੇਸੀ ਕਾਰਪੋਰੇਟਾਂ ਨੂੰ ਨਿਵੇਸ ਕਰਨ ਦਾ ਵਧੀਆ ਮੌਕਾ ਦੱਸਣ ਵਾਲਾ ਬਿਆਨ ਬਲਦੀ ਉਤੇ ਤੇਲ ਪਾਉਣ ਵਾਲਾ ਹੈ। ਉਨਾਂ ਕਿਹਾ ਕਿ ਪਹਿਲਾਂ ਹੀ ਅਜਿਹੇ ਕਾਰਪੋਰੇਟ ਨਿਵੇਸ਼ਾਂ ਨੇ ਅੰਤਾਂ ਦੀ ਬੇਰੁਜਗਾਰੀ, ਮਹਿੰਗਾਈ, ਭੁੱਖਮਰੀ ਵਰਗੀ ਹਾਲਤ ਪੈਦਾ ਕਰ ਰੱਖੀ ਹੈ। ਉੱਪਰੋਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਡੀਜਲ ਪੈਟਰੋਲ ਦੇ ਟੈਕਸਾਂ ਵਿਚ ਵਾਧੇ ਰਾਹੀਂ ਰੇਟ ਵਧਾ ਕੇ ਲੋਕਾਂ ਦਾ ਕਚੂੰਮਰ ਕੱਢਿਆ ਜਾ ਰਿਹਾ ਹੈ। ਇੱਕਠਾਂ ਵਿੱਚ ਬੁਲਾਰਿਆਂ ਨੇ ਕਿਹਾ ਤੇ 27 ਜੁਲਾਈ ਨੂੰ ਬਠਿੰਡਾ ਸਹਿਰ ਵਿਚ ਅਕਾਲੀ-ਭਾਜਪਾ ਦੇ ਦਫਤਰਾਂ ਅੱਗੇ ਟਰੈਕਟਰਾਂ ਰਾਹੀਂ ਰੋਸ ਮੁਜਾਹਰਾ ਕੀਤਾ ਜਾਵੇਗਾ ਅਤੇ ਇਹ ਆਰਡੀਨੈਂਸ ਰੱਦ ਕਰਵਾਉਣ ਤੱਕ ਸੰਘਰਸ ਜਾਰੀ ਰਹੇਗਾ। ਵੱਖ-ਵੱਖ ਪਿੰਡਾਂ ਵਿੱਚ ਸੂਬਾ ਆਗੂ ਹਰਿੰਦਰ ਕੌਰ ਬਿੰਦੂ, ਜਿਲਾ ਆਗੂ ਗੁਲਾਬ ਸਿੰਘ , ਨਿੱਕਾ ਸਿੰਘ ਜੇਠੂਕੇ, ਸੁਰਜੀਤ ਸਿੰਘ ਕੋਠਾਗੁਰੂ, ਜਸਪਾਲ ਸਿੰਘ ਕੋਠਾਗੁਰੂ, ਅਵਤਾਰ ਸਿੰਘ ਪੂਹਲਾ, ਬਲਜੀਤ ਸਿੰਘ ਪੂਹਲਾ, ਜਗਸੀਰ ਸਿੰਘ ਝੁੰਬਾ, ਗੁਰਪਾਲ ਸਿੰਘ ਦਿਉਣ, ਅਜੇਪਾਲ ਸਿੰਘ ਘੁੱਦਾ, ਰਾਮ ਸਿੰਘ ਕੋਟ ਗੁਰੂ, ਜਗਦੇਵ ਸਿੰਘ ਜੋਗੇਵਾਲਾ, ਗੁਰਮੇਲ ਸਿੰਘ ਰਾਮਗੜ ਭੂੰਦੜ ਅਤੇ ਭੋਲਾ ਸਿੰਘ ਮਾੜੀ ਨੇ ਸੰਬੋਧਨ ਕੀਤਾ।