ਅਸ਼ੋਕ ਵਰਮਾ
ਬਠਿੰਡਾ,23ਜੁਲਾਈ । ਬਠਿੰਡਾ ਸ਼ਹਿਰ ’ਚ ਬਣੇ ਹੜਾਂ ਵਰਗੇ ਹਾਲਾਤਾਂ ਤੋਂ ਬਾਅਦ ਕੈਪਟਨ ਸਰਕਾਰ ਦੀ ਤਿੱਖੀ ਆਲੋਚਨਾਂ ਕਰਨ ਵਾਲੇ ਅਕਾਲੀ ਆਗੂ ਸਾਬਕਾ ਕੌਂਸਲਰ ਵਿਜੇ ਕੁਮਾਰ ਸ਼ਰਮਾ ਖਿਲਾਫ ਬਠਿੰਡਾ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ ਜਿਸ ਨੂੰ ਲੈਕੇ ਕਈ ਤਰਾਂ ਦੇ ਚਰਚੇ ਛਿੜ ਗਏ ਹਨ। ਇਸ ਮਾਮਲੇ ’ਚ ਥਾਣਾ ਕੈਨਾਲ ਕਲੋਨੀ ਪੁਲਿਸ ਨੇ ਵਿਜੇ ਕੁਮਾਰ ਨੂੰ ਧਾਰਾ 336 ਤਹਿਤ ਨਾਮਜਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਫਆਈਆਰ ਅਨੁਸਾਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਵਿਜੇ ਐਮਸੀ ਸੇਫਟੀ ਜੈਕਟ ਪਹਿਨ ਕੇ ਪਰਸ ਰਾਮ ਨਗਰ ’ਚ ਪਾਣੀ ਵਾਲੀ ਕਿਸ਼ਤੀ ਚਲਾ ਰਿਹਾ ਸੀ। ਉਸ ਨੇ ਛੋਟੇ ਬੱਚਿਆਂ ਨੂੰ ਕਿਸ਼ਤੀ ਵਿੱਚ ਨਾਲ ਬਿਠਾਕੇ ਉਨਾਂ ਦੀ ਜਾਨ ਨੂੰ ਖਤਰੇ ਵਿੱਚ ਪਾਇਆ ਹੈ। ਪੁਲਿਸ ਅਨੁਸਾਰ ਉਸ ਨੇ ਇਹ ਕੰਮ ਅਣਗਹਿਲੀ ਅਤੇ ਉਤਾਵਲੇਪਣ ’ਚ ਕੀਤਾ ਹੈ। ਪੁਲਿਸ ਅਨੁਸਾਰ ਅਜੇ ਤੱਕ ਕੋਈ ਗਿ੍ਰਫਤਾਰੀ ਨਹੀਂ ਹੋਈ ਹੈ।
ਦੱਸਣਯੋਗ ਹੈ ਕਿ ਲੰਘੀ 21 ਜੁਲਾਈ ਬਠਿੰਡਾ ’ਚ ਪਈ 104 ਐਮਐਮ ਬਾਰਸ਼ ਤੋਂ ਬਾਅਦ ਸ਼ਹਿਰ ’ਚ ਹੜਾਂ ਵਰਗੇ ਹਾਲਾਤ ਬਣ ਗਏ ਸਨ। ਸਥਿਤੀ ਇਹ ਸੀ ਕਿ ਬਾਰਸ਼ਾਂ ਦੇ ਕਹਿਰ ਕਾਰਨ ਦੋ ਛੱਤ ਡਿੱਗ ਪਈਆਂ ਜਿਸ ਦੇ ਸਿੱਟੇ ਵਜੋਂ ਦੋ ਵਿਅਕਤੀ ਜਖਮੀ ਹੋ ਗਏ ਸਨ ਜਦੋਂਕਿ ਹੋਰ ਨੁਕਸਾਨ ਇਸ ਤੋਂ ਵੱਖਰਾ ਹੈ। ਇਸੇ ਤਰਾਂ ਹੀ ਵਿਜੇ ਕੁਮਾਰ ਸ਼ਰਮਾ ਦੇ ਲਾਈਨੋਪਾਰ ਇਲਾਕੇ ਚ ਵੀ ਪਾਣੀ ਦਾ ਸਮੰੁਦਰ ਹੀ ਨਜ਼ਰ ਆ ਰਿਹਾ ਸੀ। ਇਸ ਤਰਾਂ ਦੀ ਗੰਭੀਰ ਨੂੰ ਦੇਖਦਿਆਂ ਵਿਜੇ ਕੁਮਾਰ ਨੇ ਇੱਕ ਪ੍ਰਾਈਵੇਟ ਕਿਸ਼ਤੀ ਚਲਾ ਕੇ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਕਿ ਵਾਅਦਿਆ ਦੇ ਬਾਵਜੁਦ ਬਠਿੰਡਾ ’ਚ ਪਾਣੀ ਦੇ ਨਿਕਾਸ ਦਾ ਮਸਲਾ ਹੱਲ ਨਹੀਂ ਕੀਤਾ ਗਿਆ।
ਸ੍ਰੀ ਸ਼ਰਮਾ ਨੇ ਕੈਪਟਨ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਖੜੇ ਕਰਦਿਆਂ ਦੱਸਿਆ ਸੀ ਕਿ ਬਠਿੰਡਾ ’ਚ ਕਿਸ਼ਤੀਆਂ ਚਲਾਉਣ ਵਾਲੇ ਹਾਲਾਤ ਬਣ ਗਏ ਹਨ । ਰੌਚਕ ਤੱਥ ਹੈ ਕਿ ਸਾਬਕਾ ਕੌਂਸਲਰ ਨੇ ਅਕਾਲੀ ਸਰਕਾਰ ਦੇ ਰਾਜ ’ਚ 28 ਅਗਸਤ 2012 ਨੂੰ ਵੀ ਵਿਦਿਆਰਥੀਆਂ ਨੂੰ ਕਿਸ਼ਤੀ ਵਿੱਚ ਬਿਠਾ ਕੇ ਉਨਾਂ ਦੇ ਘਰੀਂ ਛੱਡਿਆ ਸੀ ਪਰ ਉਦੋਂ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਸ੍ਰੀ ਸ਼ਰਮਾ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਰੇਲਵੇ ਬੋਰਡ ’ਚ ਅਹੁਦਾ ਦਿੱਤਾ ਹੋਇਆ ਹੈ। ਪਿਛਲੀਆਂ ਨਗਰ ਨਿਗਮ ਚੋਣਾਂ ’ਚ ਉਨਾਂ ਚੋਣ ਵੀ ਲੜੀ ਸੀ ਪਰ ਸਫਲਤਾ ਨਹੀਂ ਮਿਲੀ ਸੀ।
ਕਾਂਗਰਸ ਦੇ ਰਾਜ ’ਚ ਦੁਖੀਆਂ ਦੀ ਮੱਦਦ ਗੁਨਾਹ : ਐਮਸੀ
ਸਾਬਕਾ ਕੌਂਸਲਰ ਵਿਜੇ ਕੁਮਾਰ ਦਾ ਕਹਿਣਾ ਸੀ ਕਿ ਸਰਕਾਰ ਬਣਿਆਂ ਸਾਢੇ ਤਿੰਨ ਸਾਲ ਤੋਂ ਵੱਧ ਹੋ ਗਏ ਹਨ ਪਰ ਬਠਿੰਡਾ ਵਾਸੀਆਂ ਦਾ ਪਾਣੀ ਦੇ ਸੰਤਾਪ ਤੋਂ ਖਹਿੜਾ ਨਹੀਂ ਛੁੱਟਿਆ ਹੈ। ਉਨਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਸ਼ਹਿਰ ਵਾਸੀਆਂ ਦੇ ਮਸਲੇ ਹੱਲ ਕਰਨ ’ਚ ਫੇਲ ਰਹੀ ਹੈ । ਉਨਾਂ ਆਖਿਆ ਕਿ ਕਾਂਗਰਸ ਦੇ ਰਾਜ ’ਚ ਲੋੜਵੰਦ ਅਤੇ ਦੁਖੀਆਂ ਦੀ ਸਹਾਹਿਤਾ ਕਰਨਾ ਗੁਨਾਂਹ ਹੋ ਗਿਆ ਹੈ। ਉਨਾਂ ਆਖਿਆ ਕਿ ਉਨਾਂ ਨੇ ਕਿਸ਼ਤੀ ਰਾਹੀੀ ਬੱਚਿਆਂ ਨੂੰ ਘੱਰ ਛੱਡ ਕੇ ਅਤੇ ਪਾਣੀ ’ਚ ਫਸੇ ਲੋਕਾਂ ਨੂੰ ਰਾਹਤ ਦੇਕੇ ਆਪਣਾ ਇਨਸਾਨੀ ਫਰਜ ਨਿਭਾਇਆ ਹੈ ਜੋਕਿ ਸਰਕਾਰ ਨੂੰ ਹਜਮ ਨਹੀਂ ਹੋ ਰਿਹਾ ਹੈ। ਸ੍ਰੀ ਸ਼ਰਮਾ ਨੇ ਖਦਸ਼ਾ ਜਤਾਇਆ ਕਿ ਉਨਾਂ ਖਿਲਾਫ ਹੋਰ ਵੀ ਕੇਸ ਦਰਜ ਕੀਤੇ ਜਾ ਸਕਦੇ ਹਨ। ਉਨਾਂ ਆਖਿਆ ਕਿ ਜਿੰਨੇ ਮਰਜੀ ਕੇਸ ਦਰਜ ਕਰ ਲਏ ਜਾਣ ਉਹ ਲੋਕ ਮੁੱਦੇ ਉਠਾਉਂਦੇ ਰਹਿਣਗੇ ਅਤੇ ਸਰਕਾਰ ਖਿਲਾਫ ਸੰਘਰਸ਼ ਜਾਰੀ ਰੱਖਿਆ ਜਾਏਗਾ।