14.8 C
United Kingdom
Saturday, September 5, 2026

More

    ਡੀਸੀ ਮਾਨਸਾ ਨੇਂ ਫੇਸਬੁੱਕ ਲਾਈਵ ਰਾਹੀ ਰੁਬਰੂ ਹੋਕੇ ਸਵਾਲਾਂ ਦੇ ਦਿੱਤੇ ਜਵਾਬ

    ਅਸ਼ੋਕ ਵਰਮਾ  

    ਮਾਨਸਾ, 23 ਜੁਲਾਈ : ਹਰ ਬੁੱਧਵਾਰ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਫੇਸਬੁੱਕ ਤੋਂ ਸਿੱਧੇ ਪ੍ਰਸਾਰਣ ਰਾਹੀਂ ਡਿਪਟੀ ਕਮਿਸ਼ਨਰ ਵੱਲੋਂ ਜਿੱਥੇ ਕੋਰੋਨਾ ਵਾਇਰਸ ਸਬੰਧੀ ਲੋਕਾਂ ਦੇ ਰੂਬਰੂ ਹੋਕੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ, ਉਥੇ ਹੀ ਲੋਕਾਂ ਵੱਲੋਂ ਕੀਤੇ ਜਾਂਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਂਦੇ ਹਨ।ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਬੁੱਧਵਾਰ ਸ਼ਾਮ 7 ਵਜੇ ਫੇਸਬੁੱਕ ਦੇ ਸਿੱਧੇ ਮਾਧਿਆਮ ਰਾਹੀਂ ਲੋਕਾਂ ਨੂੰ ਜ਼ਿਲ੍ਹੇ ਅੰਦਰ ਕੋਰੋਨਾ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ।ਉਨ੍ਹਾਂ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਸਰਕਾਰ ਵੱਲੋਂ 40 ਹਜ਼ਾਰ ਦੇ ਕਰੀਬ ਮਾਸਕ ਤਿਆਰ ਕਰਕੇ ਲੋਕਾਂ ਨੂੰ ਵੰਡੇ ਜਾਣਗੇ।
             ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਈ ਰੱਖਣ ਲਈ ਜ਼ਿਲ੍ਹੇ ਅੰਦਰ ਜੰਗੀ ਪੱਧਰ ‘ਤੇ ਟੈਸਟ ਕੀਤੇ ਜਾ ਰਹੇ ਹਨ ਅਤੇ ਬੀਤੀ ਸ਼ਾਮ ਤੱਕ 15 ਹਜ਼ਾਰ ਤੋਂ ਵੀ ਵਧੇਰੇ ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਲੋਕਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਦੀ ਸਥਿਤੀ ਕਾਫ਼ੀ ਨਿਰੰਤਰ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ 86 ਕੋਰੋਨਾ ਪਾਜ਼ਿਟੀਵ ਕੇਸ ਆਏ ਸਨ, ਜਿਨ੍ਹਾਂ ਵਿੱਚੋਂ 62 ਵਿਅਕਤੀ ਤੰਦਰੁਸਤ ਹੋਕੇ ਵਾਪਸ ਘਰਾਂ ਨੂੰ ਪਰਤ ਚੁੱਕੇ ਹਨ ਅਤੇ ਹੁਣ ਸਿਰਫ਼ 24 ਐਕਟਿਵ ਕੇਸ ਮਾਨਸਾ ਵਿਖੇ ਹਨ, ਜਿਨ੍ਹਾਂ ਨੂੰ ਕੋਵਿਡ ਕੇਅਰ ਸੈਂਟਰ ਅਤੇ ਸਰਕਾਰੀ ਹਸਪਤਾਲ ਵਿਖੇ ਦਾਖਲ ਕੀਤਾ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਸਾਰੇ ਹੀ ਵਿਅਕਤੀ ਦੀ ਸਿਹਤ ਠੀਕ ਹੈ।
             ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਰੋਜ਼ਾਨਾ ਹੀ 400 ਦੇ ਕਰੀਬ ਟੈਸਟ ਕੀਤੇ ਜਾ ਰਹੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਏ.ਐਨ.ਐਮ., ਨਰਸ ਅਤੇ ਹੋਰ ਮੈਡੀਕਲ ਸਟਾਫ਼ ਦੀਆਂ ਗਠਿਤ ਟੀਮਾਂ ਵੱਲੋਂ ਘਰ-ਘਰ ਜਾ ਕੇ ਸਰਵੇਅ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ 3 ਲੱਖ ਲੋਕਾਂ ਦਾ ਮੈਡੀਕਲ ਮੁਆਇਨਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਰਵੇਅ ਦੌਰਾਨ ਜਿਨ੍ਹਾਂ ਵਿਅਕਤੀਆਂ ਵਿੱਚ ਕੋਰੋਨਾ ਸਬੰਧੀ ਕੋਈ ਵੀ ਲੱਛਣ ਪਾਇਆ ਜਾਂਦਾ ਹੈ ਉਸਦਾ ਤੁਰੰਤ ਟੈਸਟ ਕਰਵਾ ਕੇ ਇਲਾਜ ਲਈ ਦਾਖਲ ਕੀਤਾ ਜਾਂਦਾ ਹੈ।
            ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਵਧਾਨੀਆਂ ਦੀ ਵਰਤੋਂ ਕਰਨਾ ਹੀ ਕੋਰੋਨਾ ਵਾਇਰਸ ਦਾ ਫਿਲਹਾਲ ਇਲਾਜ਼ ਹੈ।ਇਸ ਲਈ ਇਸ ਬਿਮਾਰੀ ਤੋਂ ਬਚਣ ਲਈ ਮਾਸਕ ਦੀ ਵਰਤੋਂ, ਸਮਾਜਿਕ ਦੂਰੀ ਰੱਖਣਾ, ਹੱਥ ਵਾਰ-ਵਾਰ ਧੋਣਾ ਆਦਿ ਨੂੰ ਅਪਣਾਇਆ ਜਾਵੇ।ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨਾਲ ਲੜਨ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਦੂਸਰੇ ਵਿਅਕਤੀਆਂ ਨੂੰ ਵੀ ਜਾਗਰੂਕ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।  
               ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਤਹਿਤ ਹਰ ਵਿਭਾਗ ਵੱਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਬਾਹਰੋਂ ਜ਼ਿਲ੍ਹੇ ਅੰਦਰ ਦਾਖਲ ਹੋਣ ਵਾਲੇ ਵਿਅਕਤੀਆਂ ਦੀ ਮੈਡੀਕਲ ਚੈਕਿੰਗ ਲਈ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ‘ਤੇ 3 ਨਾਕੇ ਲਗਾਏ ਗਏ ਹਨ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਾਸਕ ਨਾ ਪਾਉਣ ਵਾਲੇ ਵਿਅਕਤੀਆਂ ਦੇ ਚਲਾਨ ਕੱਟੇ ਜਾ ਰਹੇ ਹਨ ਅਤੇ ਇਸ ਸਬੰਧੀ ਹੁਣ ਤੱਕ 12 ਹਜ਼ਾਰ ਦੇ ਕਰੀਬ ਲੋਕਾਂ ਦੇ ਬਿਨ੍ਹਾਂ ਮਾਸਕ ਤੋਂ ਚਲਾਨ ਕੱਟੇ ਗਏ ਹਨ।
               ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 100 ਬਿਸਤਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਬਣਾਇਆ ਹੋਇਆ ਹੈ, ਜਿਸ ਵਿੱਚ ਮੈਡੀਕਲ ਅਫ਼ਸਰ, ਨਰਸਿਜ਼, ਟੈਕਨੀਸ਼ੀਅਨ 24 ਘੰਟੇ ਮੌਜੂਦ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿਖੇ ਕੋਵਿਡ ਕੇਅਰ ਫੈਸਿਲੀਟੀ ਸੈਂਟਰ ਬਣਾਇਆ ਹੋਇਆ ਹੈ, ਜਿੱਥੇ ਮਰੀਜ਼ਾਂ ਦੀ ਪੂਰੀ ਤਰ੍ਹਾਂ ਦੇਖਭਾਲ ਕੀਤੀ ਜਾਂਦੀ ਹੈ।
               ਜ਼ਿਲ੍ਹਾ ਲੋਕ ਸੰਪਰਕ ਦੇ ਫੇਸਬੁੱਕ ਪੇਜ਼ (District Public Relation Office Mansa) ‘ਤੇ ਲੋਕਾਂ ਵੱਲੋਂ ਡਿਪਟੀ ਕਮਿਸ਼ਨਰ ਪਾਸੋਂ ਕਈ ਸਵਾਲ ਕੀਤੇ ਗਏ, ਜਿਨ੍ਹਾਂ ਦਾ ਉਨ੍ਹਾਂ ਵੱਲੋਂ ਪੂਰੇ ਵਿਸਥਾਰ ਨਾਲ ਜਵਾਬ ਦਿੱਤਾ ਗਿਆ ਅਤੇ ਕਈ ਸਮੱਸਿਆਵਾਂ ਦੇ ਤੁਰੰਤ ਹੱਲ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਸਵਾਲ ਕਰਨ ਲਈ ਇਸ ਫੇਸਬੁੱਕ ਪੇਜ਼ ‘ਤੇ ਆ ਕੇ #AskDcMansa ਨਾਲ ਟੈਗ ਕਰਕੇ ਸਵਾਲ ਕੀਤਾ ਜਾ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!