ਅਸ਼ੋਕ ਵਰਮਾ
ਮਾਨਸਾ , 22 ਜੁਲਾਈ। ਹੱਕ-ਸੱਚ ਦੇ ਪਹਿਰੇਦਾਰ ਸਿਰੜੀ ਕਮਿਊਨਿਸਟ ਆਗੂ ਅਤੇ ਜਿੰਦਾ ਸ਼ਹੀਦ ਕਾ. ਹਰਪਾਲ ਸਿੰਘ ਮੋਹਾਲੀ ਨੂੰ ਜਿਲਾ ਪਾਰਟੀ ਵੱਲੋਂ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਸੀ.ਪੀ.ਆਈ. ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਵਿਦਿਆਰਥੀ ਜੀਵਨ ਤੋਂ ਲੈ ਕੇ ਪਾਰਟੀ ਦੀਆਂ ਮੁੱਖ ਜਿੰਮੇਵਾਰੀਆਂ ਨੂੰ ਨਿਭਾਉਣ ਵਾਲੇ ਸਾਥੀ ਮੋਹਾਲੀ ਨੇ ਕਿਰਤੀ ਜਮਾਤ ਦੇ ਹੱਕਾਂ ਲਈ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਅਤੇ ਅਨੇਕਾਂ ਘੋਲਾਂ ਰਾਹੀਂ ਜਿੱਤਾਂ ਪ੍ਰਾਪਤ ਕੀਤੀਆਂ। ਉਨਾਂ ਕਿਹਾ ਕਿ 1990 ਦੇ ਅੱਤਵਾਦੀ ਹਮਲੇ ਦੌਰਾਨ ਜਖਮੀ ਹੋਏ ਸਾਥੀ ਨੇ ਸਰੀਰਕ ਅਸਮਰੱਥਾ ਨਾ ਹੋਣ ਦੇ ਬਾਵਜੂਦ ਪਾਰਟੀ ਪ੍ਰਤੀ ਆਪਣੀ ਸੇਵਾਵਾਂ ਨੂੰ ਜਾਰੀ ਰੱਖਿਆ ਅਤੇ ਸੰਘਰਸ਼ ਲਈ ਹਰ ਸਮੇਂ ਅੱਗੇ ਰਹੇ। ਸਾਥੀ ਅਰਸ਼ੀ ਨੇ ਕਾਮਰੇਡ ਹਰਪਾਲ ਮੋਹਾਲੀ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਦੀ ਅਪੀਲ ਕੀਤੀ।
ਇਸ ਸਮੇਂ ਉਨਾਂ ਮੋਦੀ ਸਰਕਾਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਸੱਤਾ ਤੇ ਕਾਬਜ ਹੁੰਦਿਆਂ ਹੀ ਭਾਜਪਾ ਲੋਕ ਅਧਿਕਾਰਾਂ ਨੂੰ ਖਤਮ ਕਰਨ, ਸਰਮਾਏਦਾਰ ਪੱਖੀ ਕਾਨੂੰਨ ਬਣਾਉਣ ਵੱਲ ਤੇਜੀ ਨਾਲ ਅੱਗੇ ਵੱਧ ਰਹੀ ਹੈ। ਉਨਾਂ ਕਿਹਾ ਕਿ ਧਰਮ ਜਾਤੀ ਅਤੇ ਘੱਟ ਗਿਣਤੀਆਂ ਉਪਰ ਅੱਤਿਆਚਾਰ ਕਰਕੇ ਦੇਸ਼ ਵਿੱਚ ਫਿਰਕਾਪ੍ਰਸਤੀ ਫੈਲਾ ਕੇ ਸੰਵਿਧਾਨ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਸਰਕਾਰੀ ਅਦਾਰਿਆਂ ਨੂੰ ਨਿੱਜੀ ਕੰਪਨੀਆਂ ਨੂੰ ਵੇਚਿਆ ਜਾ ਰਿਹਾ ਹੈ। ਅਹਿਮ ਤੱਥ ਹੈ ਕਿ ਕਿਸਾਨਾਂ-ਮਜ਼ਦੂਰਾਂ ਵਿਰੋਧੀ ਕਾਨੂੰਨ (ਆਰਡੀਨੈਸ) ਧੜਾਧੜ ਜਾਰੀ ਕੀਤੇ ਜਾ ਰਹੇ ਹਨ ਅਤੇ ਇਸ ਦੇ ਖਿਲਾਫ ਅਵਾਜ ਉਠਾਉਣ ਵਾਲੇ ਨੂੰ ਜਬਰੀ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ। ਅਰਸ਼ੀ ਨੇ ਆਖਿਆ ਕਿ ਸੂਬੇ ਦੀ ਕੈਪਟਨ ਸਰਕਾਰ ਵੀ ਮੋਦੀ ਸਰਕਾਰ ਦੇ ਨਕਸ਼ੇ ਕਦਮਾਂ ਤੇ ਚੱਲਦੀ ਹੋਈ ਮਨੁੱਖੀ ਅਧਿਕਾਰਾਂ ਨੂੰ ਕੁਚਲ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕਾਮਰੇਡ ਅਰਸ਼ੀ ਨੇ ਲੋਕ ਹਿੱਤਾਂ ਲਈ ਲੜਨ ਵਾਲੀਆਂ ਧਿਰਾਂ ਅਤੇ ਸੀ.ਪੀ.ਆਈ. ਆਗੂਆਂ ਤੇ ਦਰਜ ਝੂਠੇ ਕੇਸਾਂ ਦੀ ਨਿਖੇਧੀ ਕੀਤੀ ਅਤੇ ਇੰਨਾਂ ਵਧੀਕੀਆਂ ਖਿਲਾਫ ਕਰੋਨਾ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਸਾਥੀ ਹਰਪਾਲ ਮੋਹਾਲੀ ਦੀ ਸੋਚ ਨੂੰ ਕਾਇਮ ਰੱਖਿਆ ਜਾਵੇਗਾ। ਇਸ ਮੌਕੇ ਜਿਲਾ ਸਕੱਤਰ ਕਿ੍ਰਸ਼ਨ ਚੌਹਾਨ ਨੇ ਵੀ ਸੰਬੋਧਨ ਕੀਤਾ । ਕਿਸਾਨ ਸਭਾ ਦੇ ਜਿਲਾ ਪ੍ਰਧਾਨ ਦਲਜੀਤ ਮਾਨਸ਼ਾਹੀਆਂ, ਬਜ਼ੁਰਗ ਆਗੂ ਨਿਹਾਲ ਸਿੰਘ, ਰੂਪ ਸਿੰਘ ਢਿੱਲੋਂ, ਜਗਰਾਜ ਹੀਰਕੇ, ਰਤਨ ਭੋਲਾ, ਦਰਸ਼ਨ ਪੰਧੇਰ, ਸੁਖਦੇਵ ਸਿੰਘ ਪੰਧੇਰ ਆਗੂਆਂ ਨੇ ਸਰਧਾਂਜਲੀਆਂ ਭੇਟ ਕੀਤੀਆਂ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਲਾਲ ਸਿੰਘ ਸਾਬਕਾ ਸਰਪੰਚ, ਹਰਨੇਕ ਢਿੱਲੋਂ, ਮਿੱਠੂ ਮੰਦਰ, ਮਿੱਠੂ ਸਿੰਘ ਭੋਕਲ, ਰਾਮ ਸਿੰਘ ਮਾਨਸਾ, ਗੁਰਦਿਆਲ ਸਿੰਘ ਸਕਿਊਰਟੀ ਗਾਰਡ, ਗੁਰਦੇਵ ਸਿੰਘ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਸੁਖਦੇਵ ਸਿੰਘ ਮਾਨਸਾ ਆਦਿ ਆਗੂ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਦਰਸ਼ਨ ਪੰਧੇਰ ਨੇ ਨਿਭਾਈ ।