ਐਸਐਸਪੀ ਵੱਲੋਂ ਏਐਸਆਈ ਮੁਅੱਤਲ
ਅਸ਼ੋਕ ਵਰਮਾ
ਬਠਿੰਡਾ, 22 ਜੁਲਾਈ । ਐਸਟੀਐਫ ਬਠਿੰਡਾ ਨੇ ਚਿੱਟੇ ਦੀ ਤਸਕਰੀ ਕਰਨ ਦੇ ਮਾਮਲੇ ’ਚ ਬਠਿੰਡਾ ਪੁਲਿਸ ਦੇ ਇੱਕ ਏਐਸਆਈ ਨੂੰ ਆਪਣੀ ਪਤਨੀ ਅਤੇ ਪੁੱਤ ਸਮੇਤ ਗਿ੍ਰਫਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ’ਚ ਤਿਨਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਐੱਸਟੀਐੱਫ ਦੇ ਡੀਐੱਸਪੀ ਗੁਰਸ਼ਰਨ ਸਿੰਘ ਨੇ ਅੱਜ ਦੱਸਿਆ ਕਿ ਐਸਟੀਫ ਦੀ ਟੀਮ ਵੱਲੋਂ ਬਠਿੰਡਾ ਅੰਮਿ੍ਰਤਸਰ ਕੌਮੀ ਸੜਕ ਮਾਰਗ ਤੇ ਬਠਿੰਡਾ ਗੋਨਿਆਣਾ ਅੰਮਿ੍ਰਤਸਰ ਕੌਮੀ ਸ਼ਾਹ ਮਾਰਗ ‘ਤੇ ਪਿੰਡ ਭੋਖੜਾ ਕੋਲ ਨਾਕਾਬੰਦੀ ਕਰ ਕੇ ਸ਼ੱਕੀ ਕਾਰਾਂ ਆਦਿ ਦੀ ਤਲਾਸ਼ੀ ਲੈਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਬਠਿੰਡਾ ਤਰਫੋਂ ਆ ਰਹੀ ਇੱਕ ਜੈਨ ਕਾਰ ਨੂੰ ਰੋਕਿਆ ਜਿਸ ਨੂੰ ਚਲਾ ਰਹੇ ਨੌਜਵਾਨ ਦੇ ਨਾਲ ਇੱਕ ਵਿਅਕਤੀ ਬੈਠਾ ਹੋਇਆ ਸੀ ਜਦੋਂਕਿ ਪਿਛਲੀ ਸੀਟ ਤੇ ਇੱਕ ਔਰਤ ਬੈਠੀ ਸੀ ਜਿਸ ਦੇ ਹੱਥ ’ਚ ਲਿਫਾਫਾ ਸੀ। ਉਨਾਂ ਦੱਸਿਆ ਕਿ ਜਦੋਂ ਪੁਲਿਸ ਟੀਮ ਨੇ ਔਰਤ ਦੇ ਹੱਥ ’ਚ ਫੜੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਚੋਂ 121 ਗਰਾਮ ਹੈਰੋਇਨ ਬਰਾਮਦ ਹੋਈ।
ਉਨਾਂ ਦੱਸਿਆ ਕਿ ਮੁਲਜਮ ਏਐਸਆਈ ਦੀ ਪਛਾਣ ਰਾਜਵਿੰਦਰ ਸਿੰਘ ਵਾਸੀ ਬਾਬਾ ਫਰੀਦ ਨਗਰ ਬਠਿੰਡਾ ਵਜੋਂ ਹੋਈ ਹੈ ਜਿਸ ਨੇ ਖੁਦ ਨੂੰ ਸਰਕਟ ਹਾਊਸ ਬਠਿੰਡਾ ’ਚ ਲੱਗੀ ਗਾਰਦ ’ਚ ਤਾਇਨਾਤ ਦੱਸਿਆ ਹੈ। ਡੀਐਸਪੀ ਨੇ ਦੱਸਿਆ ਕਿ ਕਾਰ ਨੂੰ ਚਲਾਉਣ ਵਾਲਾ ਏਐਸਆਈ ਦਾ ਲੜਕਾ ਹਰਪ੍ਰੀਤ ਸਿੰਘ ਸੀ ਜਦੋਂਕਿ ਪਿਛਲੀ ਸੀਟ ਤੇ ਹੈਰੋਇਨ ਦਾ ਲਿਫਾਫਾ ਲੈਕੇ ਬੈਠੀ ਸਹਾਇਕ ਥਾਣੇਦਾਰ ਦੀ ਪਤਨੀ ਕੁਲਦੀਪ ਕੌਰ ਸੀ। ਉਨਾਂ ਦੱਸਿਆ ਕਿ ਮੁਢਲੀ ਪੁੱਛ ਪੜਤਾਲ ਦੌਰਾਨ ਰਾਜਵਿੰਦਰ ਸਿੰਘ ਨੇ ਕਬੂਲਿਆ ਹੈ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਕਰਦਾ ਆ ਰਿਹਾ ਸੀ। ਉਨਾਂ ਦੱਸਿਆ ਕਿ ਇਸ ਮਾਮਲੇ ’ਚ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਏਗੀ ਤਾਂ ਜੋ ਨਸ਼ਾ ਤਸਕਰੀ ਬਾਰੇ ਹੋਰ ਵੀ ਪਤਾ ਲਾਇਆ ਜਾ ਸਕੇ। ਓਧਰ ਸੀਨੀਅਰ ਪੁਲਿ ਕਪਤਾਨ ਬਠਿੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਏਐਸਆਈ ਰਾਜਵਿੰਦਰ ਸਿੰਘ ਨੂੰ ਮਅੱਤਲ ਕਰ ਦਿੱਤਾ ਗਿਆ ਹੈ।