ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 22 ਜੁਲਾਈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜਿਣਸਾਂ ਦੀ ਖਰੀਦ ਦੇ ਮਾਮਲੇ ’ਚ ਘੱਟੋ ਘੱਟ ਸਮਰਥਨ ਮੁੱਲ ਦੀ ਪਹਿਰੇਦਾਰੀ ਕਰਨ ਪ੍ਰਤੀ ਵਚਨਬੱਧਤਾ ਦੁਰਹਾਈ ਹੈ। ਇਹ ਵਿਸ਼ਵਾਸ਼ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਬਾਦਲ ਨੇ ਆੜਤੀ ਐਸੋਸੀਏਸ਼ਨ ਪੰਜਾਬ ਦੇ ਇੱਕ ਵਫਦ ਨੂੰ ਦਿਵਾਇਆ ਹੈ ਜੋਕਿ ਅੱਜ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਵਿੱਚ ਨੂੰ ਮਿਲਿਆ ਅਤੇ ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਆਰਡੀਨੈਂਸਾਂ ਦੇ ਖਦਸ਼ਿਆਂ ਤੋਂ ਜਾਣੂ ਕਰਵਾਇਆ । ਇਸ ਤੋਂ ਇਲਾਵਾ ਭਾਰਤੀ ਖੁਰਾਕ ਨਿਗਮ ਵੱਲੋਂ ਆੜਤੀਆਂ ਦੀ ਆੜਤ ਘਟਾਓੁਣ ਅਤੇ ਮਜ਼ਦੂਰੀ ਦੇ ਮੁੱਦੇ ਕਰਕੇ ਰੋਕਣ ਬਾਰੇ ਮੰਗ ਪੱਤਰ ਦਿੱਤਾ । ਭਾਰਤੀ ਖੁਰਾਕ ਨਿਗਮ ਦੇ ਮੁੱਦੇ ਤੇ ਬੀਬਾ ਨੇ ਆੜਤੀਆਂ ਨੂੰ ਭਰੋਸਾ ਦਿਵਾਇਆ ਕਿ ਭਾਰਤੀ ਖੁਰਾਕ ਨਿਗਮ ਨੇ 24 ਫਰਵਰੀ ਨੂੰ ਜੋ ਚਿੱਠੀ ਸਾਰੇ ਸੂਬਿਆਂ ਨੂੰ ਮੁੱਖ ਰੱਖ ਕੇ ਭੇਜੀ ਸੀ ਇਸ ਨੂੰ ਦਰੁਸਤ ਕਰਵਾਉਣ ਲਈ ਖੁਰਾਕ ਵਿਭਾਗ ਨੂੰ ਲਿਖਣਾ ਚਾਹੀਦਾ ਸੀ ।
ਉਨਾਂ ਦੱਸਿਆ ਕਿ ਊਨਾਂ ਨੇ ਆੜਤੀਆਂ ਦਾ ਗਲ ਘੁੱਟਣ ਲਈ ਨਹੀਂ ਸਗੋਂ ਖੇਤੀਬਾੜੀ ਕਾਨੂੰਨ ਦੇ ਰੂਲਾਂ ਵਿੱਚ ਆੜਤ ਘਟਾਉਣ ਅਤੇ ਮਜਦੂਰੀ ਸਬੰਧੀ ਸੋਧਾਂ ਕਰਨ ਲਈ ਮੰਡੀ ਬੋਰਡ ਨੂੰ ਲਿਖ ਕੇ ਭੇਜ ਦਿੱਤਾ ਪਰ ਆੜਤੀਆਂ ਨੇ ਇਹ ਮਸਲਾ ਉਨਾਂ ਦੇ ਧਿਆਨ ਵਿਚ ਲਿਆਂਦਾ ਤਾਂ ਉਨਾਂ ਨੇ ਇਸ ਸਬੰਧੀ ਪੰਜਾਬ ਦੇ ਖੁਰਾਕ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਬਾਰੇ ਵਾਪਸ ਪੱਤਰ ਭੇਜਣ ਲਈ ਕਿਹਾ ਸੀ ਜਿਸ ਦਾ ਹੁਣ 5 ਮਹੀਨੇ ਮਗਰੋਂ 15 ਜੁਲਾਈ ਨੂੰ ਪੱਤਰ ਭੇਜਿਆ ਹੈ । ਉਨਾਂ ਕਿਹਾ ਕਿ ਡਾ. ਮਨਮੋਹਨ ਸਿੰਘ ਸਰਕਾਰ ਨੇ ਵੀ ਅਜਿਹਾ ਪੱਤਰ 2013 ਵਿੱਚ ਭੇਜਿਆ ਸੀ ਪਰ ਬਾਦਲ ਸਾਹਿਬ ਨੇ ਆਪਣੇ ਵੱਲੋਂ ਇੱਕ ਹਫਤੇ ਦੇ ਅੰਦਰ ਇਸ ਦਾ ਖੇਤੀਬਾੜੀ ਕਾਨੂੰਨ ਦੀਆਂ ਧਾਰਾਵਾਂ ਦੇ ਉਲਟ ਹੋਣ ਕਾਰਨ ਰੱਦ ਕਰਵਾ ਦਿੱਤਾ ਸੀ ।ਬੀਬਾ ਹਰਸਿਮਰਤ ਨੇ ਆੜਤੀਆਂ ਨੂੰ ਭਰੋਸਾ ਦਿਵਾਇਆ ਕਿ ਹੁਣ ਪੰਜਾਬ ਸਰਕਾਰ ਵੱਲੋਂ ਪੱਤਰ ਲਿਖਣ ਉਪਰੰਤ ਪਾਸਵਾਨ ਤੋਂ ਇਹ ਮਸਲਾ ਹੱਲ ਕਰਵਾਉਣਗੇ ।
ਕੇਂਦਰੀ ਖੇਤੀ ਆਰਡੀਨੈਂਸਾਂ ਬਾਰੇ ਉਨਾਂ ਕਿਹਾ ਕਿ ਆੜਤੀਆਂ ਨੂੰ ਸਗੋਂ ਇਸ ਕਾਨੂੰਨ ਲਈ ਧੰਨਵਾਦ ਕਰਨਾ ਚਾਹੀਦਾ ਹੈ ਕੇ ਵਪਾਰੀਆਂ ਤੇ ਜਰੂਰੀ ਵਸਤਾਂ ਕਾਨੂੰਨ ਹਟਾ ਦਿੱਤਾ ਗਿਆ ਹੈ ਜਿਸ ਤਹਿਤ ਰਾਜਸੀ ਪਾਰਟੀਆਂ ਵਿਰੋਧੀ ਧਿਰ ਦੇ ਵਪਾਰੀਆਂ ਨੂੰ ਬਲੈਕਮੇਲ ਕਰਦੀਆਂ ਸਨ। ਉਨਾਂ ਕਿਹਾ ਕਿ ਖੇਤੀਬਾੜੀ ਆਰਡੀਨੈਂਸਾਂ ਦੇ ਮੁੱਢਲੇ ਖਰੜੇ ਵਿੱਚ ਸਮਰਥਨ ਮੁੱਲ ਦੀ ਸ਼ਰਤ ਲਾਗੂ ਨਹੀਂ ਸੀ ਪਰ ਅਕਾਲੀ ਦਲ ਨੇ ਇਹ ਸ਼ਰਤ ਪਵਾ ਦਿੱਤੀ ਹੈ । ਉਨਾਂ ਕਿਹਾ ਕਿ ਹੁਣ ਪੂਰੇ ਦੇਸ਼ ਵਿੱਚ ਸਮਰਥਨ ਮੁੱਲ ਲਾਗੂ ਰਹੇਗਾ ਅਤੇ ਅਕਾਲੀ ਦਲ ਇਸ ਦੀ ਪਹਿਰੇਦਾਰੀ ਕਰਦਾ ਰਹੇਗਾ । ਉਨਾਂ ਪੋਰਟਲ ਅਤੇ ਕਪਾਹ ਦੀ ਆੜਤ ਦੇ ਮੁੱਦੇ ਤੇ ਵੀ ਆੜਤੀਆਂ ਦੀ ਸਬੰਧਤ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਓੁਪ ਪ੍ਰਧਾਨ ਹਰਨਾਮ ਸਿੰਘ, ਜਸਵਿੰਦਰ ਸਿੰਘ ਰਾਣਾ, ਰਜਿੰਦਰ ਕੁਮਾਰ ਰਾਜਪੁਰਾ, ਮੁਨੀਸ਼ ਬੱਬੀ ਦਾਨੇਵਾਲੀਆ, ਸ਼ਾਮ ਲਾਲ ਧਲੇਵਾਂ। ਗਮਦੂਰ ਸਿੰਘ ਔਲਖ ਬਠਿੰਡਾ ,ਹਰੀਸ਼ ਕੁਮਾਰ ਕੋਟਕਪੂਰਾ , ਦਲਬੀਰ ਸਿੰਘ ਕਾਲਾ ਜਵੰਧਾ ,ਵਿਜੇ ਕੁਮਾਰ ਭੋਲਾ ਮੌੜ, ਰਾਜੇਸ਼ ਕੁਮਾਰ ਬਰੇਟਾ, ਜਸਵਿੰਦਰ ਵਿਰਕ ਅਤੇ ਜਤਿੰਦਰ ਭੀਖੀ ਆਦਿ ਹਾਜਰ ਸਨ।