ਅਸ਼ੋਕ ਵਰਮਾ
ਬਠਿੰਡਾ,21 ਜੁਲਾਈ । ਕੈਪਟਨ ਸਰਕਾਰ ਵੱਲੋਂ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਚਲਾਈਆਂ ਲੋਕ ਹਿੱਤ ਸਕੀਮਾਂ ਦੀ ਪੜਤਾਲ ਕਰਨ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ । ਬਜ਼ੁਰਗਾਂ ਦੀ ਪੈਨਸ਼ਨ ਵਿੱਚ ਅਯੋਗ ਪੈਨਸ਼ਨਾ ਦਾ ਖੁਲਾਸਾ ਹੋਣ ਸਬੰਧੀ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਅਕਾਲੀ ਭਾਜਪਾ ਅਤੇ ਹੁਣ ਕਾਂਗਰਸ ਲੋਕ ਹਿੱਤ ਸਕੀਮਾਂ ਨੂੰ ਰਾਜਸੀਕਰਨ ਕਰ ਰਹੀ ਹੈ ਜਿਸ ਤਹਿਤ ਲੋੜਵੰਦ ਤੇ ਹੱਕਦਾਰ ਲੋਕਾਂ ਤੱਕ ਸਕੀਮਾਂ ਦਾ ਲਾਭ ਨਹੀਂ ਪਹੁੰਚਦਾ ਜਿਸਦੀ ਤਾਜ਼ਾ ਮਿਸਾਲ ਖੁਦ ਕੈਪਟਨ ਸਰਕਾਰ ਨੇ ਬੀਤੇ ਸੱਤਰ ਹਜ਼ਾਰ ਅਯੋਗ ਬਜ਼ੁਰਗਾਂ ਦੀ ਪੈਨਸ਼ਨ ਬੰਦ ਕਰਨ ਤੇ ਵਸੂਲੀ ਕਰਨ ਦੇ ਹੁਕਮ ਜਾਰੀ ਕਰਕੇ ਦਿੱਤੀ ਹੈ। ਗਰਗ ਨੇ ਕਿਹਾ ਕਿ ਦੋਵੇਂ ਹੀ ਸਰਕਾਰਾਂ ਆਪਣੇ ਕਥਿਤ ਚਹੇਤਿਆਂ ਨੂੰ ਲੋੜਵੰਦਾਂ ਦਾ ਹੱਕ ਦਿੰਦੀਆਂ ਰਹੀਆਂ ਹਨ ਜਿਸ ਕਰਕੇ ਖਾਸਕਰ ਪੇਂਡੂ ਖੇਤਰਾਂ ਵਿੱਚ ਸਰਕਾਰਾਂ ਵੱਲੋਂ ਬਣਾਈਆਂ ਲੋਕ ਸਕੀਮਾਂ ਪਹੁੰਚ ਹੀ ਨਹੀਂ ਕਰਦੀਆਂ ਅਤੇ ਸਰਕਾਰਾਂ ਦੇ ਨੁਮਾਇੰਦੇ ਹੀ ਆਪਣੇ ਕਥਿਤ ਚਹੇਤਿਆਂ ਨੂੰ ਇਸ ਦਾ ਲਾਭ ਦਿੰਦੇ ਹਨ। ਉਨਾਂ ਬਜੁਰਗ ਪੈਨਸ਼ਨ ਦੇ ਨਕਲੀ ਧਾਰਕਾਂ ਤੋਂ ਵਸੂਲੀ ਤੇ ਤਰਕ ਦਿੰਦਿਆਂ ਕਿਹਾ ਕਿ ਪੈਨਸ਼ਨਾਂ ਲਾਗੂ ਕਰਨ ਵਾਲੇ ਜ਼ਿੰਮੇਵਾਰ ਅਫਸਰਾਂ ਤੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ। ਆਪ ਆਗੂ ਨੇ ਮੰਗ ਕੀਤੀ ਕਿ ਬਜੁਰਗ ਪੈਨਸਨਰਾਂ ਵਿੱਚ ਹੀ ਨਹੀਂ ਹੋਰ ਵੀ ਲੋਕ ਹਿੱਤ ਸਕੀਮਾਂ ਦੀ ਸਹੀ ਢੰਗ ਨਾਲ ਪੜਤਾਲ ਕੀਤੀ ਜਾਵੇ ਤਾਂ ਵੱਡੀ ਘਪਲੇਬਾਜੀ ਸਾਹਮਣੇ ਆ ਸਕਦੀ ਹੈ।