ਅਸ਼ੋਕ ਵਰਮਾ
ਮਾਨਸਾ, 21 ਜੁਲਾਈ : ਜ਼ਿਲਾ ਸਿੱਖਿਆ ਅਫ਼ਸਰ ਸ਼੍ਰੀ ਸੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜ਼ਿਲਾ ਮਾਨਸਾ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ। ਉਨਾਂ ਦੱਸਿਆ ਕਿ ਸਰਕਾਰੀ ਸੈਕੰਡਰੀ ਸਕੂਲ ਬਾਜੇਵਾਲਾ ਵਿਖੇ ਬਾਰਵੀਂ ਦਾ ਨਤੀਜਾ 100 ਫੀਸਦੀ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸਕੂਲ ਵਿੱਚ ਬਾਰਵੀਂ ਜਮਾਤ ਵਿੱਚ ਪੜਦੇ ਕੁੱਲ 55 ਵਿਦਿਆਰਥੀ ਬਹੁਤ ਹੀ ਵਧੀਆ ਨੰਬਰ ਲੈ ਕੇ ਪਾਸ ਹੋਏ ਹਨ। ਜ਼ਿਲਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਇਸੇ ਸਕੂਲ ਦੀ ਵਿਦਿਆਰਥਣ ਜਸਪ੍ਰੀਤ ਕੌਰ ਪੁੱਤਰੀ ਸ਼੍ਰੀ ਬਲਦੇਵ ਸਿੰਘ ਅਤੇ ਰਿਉਂਦ ਕਲਾਂ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੇ 450 ਅੰਕਾਂ ਵਿੱਚੋਂ 448 ਅੰਕ ਪ੍ਰਾਪਤ ਕਰਕੇ ਜ਼ਿਲੇ ਅੰਦਰ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਨਾਂ ਦੱਸਿਆ ਕਿ ਇਸੇ ਤਰਾਂ ਹਰਦੀਪ ਕੌਰ ਪੁੱਤਰੀ ਗੁਰਵਿੰਦਰ ਸਿੰਘ ਨੇ 446 ਅੰਕ ਪ੍ਰਾਪਤ ਕਰ ਕੇ ਦੂਜਾ ਸਥਾਨ ਅਤੇ ਅਮਨਦੀਪ ਕੌਰ ਪੁੱਤਰੀ ਜਗਦੇਵ ਸਿੰਘ ਨੇ 445 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਉਨਾਂ ਦੱਸਿਆ ਕਿ ਬਾਜੇਵਾਲਾ ਸਕੂਲ ਦੇ 55 ਵਿਦਿਆਰਥੀਆਂ ਵਿੱਚੋਂ 19 ਬੱਚਿਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਜ਼ਿਲਾ ਸਿੱਖਿਆ ਅਫ਼ਸਰ ਨੇ ਬਾਰਵੀਂ ਦੇ ਨਤੀਜਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਮੂਹ ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੰੂ ਵਧਾਈ ਦਿੱਤੀ। ਉਪ ਜ਼ਿਲਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਰਿਉਂਦ ਕਲਾਂ, ਆਲਮਪੁਰ ਮੰਦਰਾਂ, ਭੈਣੀਬਾਘਾ, ਭਾਦੜਾ, ਸੱਦਾ ਸਿੰਘ ਵਾਲਾ, ਰੱਲੀ, ਝੰਡੂਕੇ, ਧਰਮਪੁਰਾ, ਜੋਗਾ (ਕੁੜੀਆਂ), ਬੋਹਾ (ਕੁੜੀਆਂ), ਅਕਲੀਆ, ਖੋਖਰ ਕਲਾਂ, ਰਾਮਗੜ, ਸਾਈਪੁਰੀਆ, ਝੰਡਾ ਖੁਰਦ, ਰਾਏਪੁਰ, ਕੋਟਲੀ ਕਲਾਂ, ਸੰਘਾ, ਹੀਰੋਂ ਖੁਰਦ, ਖ਼ਿਆਲਾ ਕਲਾਂ (ਮੁੰਡੇ) ਸਕੂਲਾਂ ਦਾ ਬਾਰਵੀਂ ਦਾ ਨਤੀਜਾ ਵੀ 100 ਫੀਸਦੀ ਰਿਹਾ ਹੈ।