
ਜਦੋਂ ਚਿਰਾਂ ਤੋਂ ਵਿੱਛੜੇ ਸੱਜਣ ਮਿਲਦੇ ਨੇ ,
ਕਾਪੀ ਵਿਚਲੇ ਸੁੱਕੇ ਫੁੱਲ ਵੀ ਖਿੜਦੇ ਨੇ!
ਗ਼ੈਰ ਹਟਾਉਣੇ ਰਸਤੇ ਵਿੱਚੋਂ ਸੌਖੇ ਸੀ,
ਪਰ ਆਪਣੇ ਹੀ ਰਫ਼ਲਾਂ ਚੁੱਕੀ ਫ਼ਿਰਦੇ ਨੇ!
ਕੁਝ ਕੁ ਅੱਥਰੂ ਆਪ ਮੁਹਾਰੇ ਵਗ ਪੈਂਦੇ,
ਜਦ ਤੇਰੇ ਚਰਚੇ ਗੈਰਾਂ ਵਿੱਚ ਛਿੜਦੇ ਨੇ!
ਅੱਧਖਿੜੀਆਂ ਦਾ ਸੋਗ ਦਿਲਾਂ ‘ਚੋ ਜਾਂਦਾ ਨੀ,
ਭਾਵੇ ਫੁੱਲ ਵੀ ਇੱਕ ਦਿਨ ਸੁੱਕ ਕੇ ਕਿਰਦੇ ਨੇ!
ਸਤਰੰਗੀ ਜਦ ਪੀਂਘ ਲਿਸ਼ਕਦੀ ਅੰਬਰਾਂ ‘ਤੇ,
ਬੁਝੇ ਦਿਲ ਵੀ ਮੱਲੋਮੱਲੀ ਖਿੜਦੇ ਨੇ!
ਕੋਈ ਇੱਕ ਹੀ ਸਾਡੇ ਦਿਲ ਦਾ ਮਹਿਰਮ ਹੈ,
ਜਿਸ ਨਾਲ਼ ਸਾਡੇ ਰਿਸ਼ਤੇ ਧੁਰ ਤੱਕ ਦਿਲ ਦੇ ਨੇ!
“ਸ਼ਾਹਪੁਰ” ਨਾਲ “ਜਗਦੀਪ” ਤੇਰਾ ਹੈ ਟ੍ਹੌਰ ਜਿਹਾ,
ਉਂਜ ਤਾਂ ਤੇਰੇ ਵਰਗੇ ਲੱਖਾਂ ਫ਼ਿਰਦੇ ਨੇ…!
ਜਗਦੀਪ ਸ਼ਾਹਪੁਰੀ : +919256073074