ਅਸੋਕ ਵਰਮਾ
ਬਠਿੰਡਾ, 18 ਜੁਲਾਈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ , ਬਿਜਲੀ ਐਕਟ ਸੋਧ ਬਿੱਲ 2020 ਅਤੇ ਸੁੁੁਬਾਈ ਤੇ ਕੇਂਦਰ ਸਰਕਾਰਾਂ ਵੱਲੋਂ ਟੈਕਸ ਲਾ ਕੇ ਡੀਜਲ /ਪੈਟਰੋਲ ਦੀਆਂ ਵਧਾਈਆਂ ਕੀਮਤਾਂ ਖਿਲਾਫ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ ) ਬਠਿੰਡਾ ਨੇ ਕਿਸਾਨਾਂ ਨੂੰ ਜਾਗਰਿਤ ਅਤੇ ਲਾਮਬੰਦ ਕਰਨ ਖਾਤਰ ਸ਼ਰੂ ਕੀਤੀ ਪਿੰਡ ਪਿੰਡ ਕਾਫਲਾ ਮਾਰਚ ਕਰਨ ਦੇ ਅੱਜ ਆਖਰੀ ਦਿਨ ਪਿੰਡ ਖਿਆਲੀਆਲਾ ,ਜੰਡਾਂ ਵਾਲਾ, ਤਿੰਨਕੋਣੀ, ਗੋਨਿਆਣਾ ਕਲਾਂ ,ਗੋਨਿਆਣਾ ਖੁਰਦ ਬਲਾਹੜ ਵਿੰਝੂ ,ਝਲਬੂਟੀ ,ਭੋਖੜਾ ਆਦਿ ਪਿੰਡਾਂ ਦੇ ਵਿੱਚ ਮਾਰਚ ਕੀਤੇ ਗਏ। ਇਸ ਮੌਕੇ ਬੁਲਾਰਿਆਂ ਨੇ ਤਿੰਨਾਂ ਕੇਂਦਰੀ ਆਰਡੀਨੈਂਸਾਂ ਦੇ ਕਿਸਾਨਾਂ ਮਜ਼ਦੂਰਾਂ ਅਤੇ ਪੰਜਾਬ ਦੇ ਹਿੱਤਾਂ ਉੱਤੇ ਪੈਣ ਵਾਲੇ ਮਾਰੂ ਅਸਰਾਂ ਬਾਰੇ ਚਾਨਣਾ ਪਾਇਆ ।ਉਨਾਂ ਕਿਹਾ ਕਿ ਆਰਡੀਨੈਂਸਾਂ ਦੇ ਪਾਸ ਹੋਣ ਨਾਲ ਪੰਜਾਬ ਵਿਚਲਾ ਸਰਕਾਰੀ ਮੰਡੀਕਰਨ ਦਾ ਸਿਸਟਮ ਖਤਮ ਹੋ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਵੀ ਨੇੜੇ ਮੰਡੀ ਦੀ ਸਹੂਲਤ ਮਿਲਦੀ ਸੀ ਤੇ ਸਰਕਾਰ ਨੂੰ ਵੀ ਚਾਰ ਹਜ਼ਾਰ ਕਰੋੜ ਦਾ ਸਾਲਾਨਾ ਫੰਡ ਪਰਾਪਤ ਹੁੰਦਾ ਸੀ ਪਰ ਇਸ ਨਾਲ ਸਮੁੱਚੇ ਢਾਂਚੇ ਦੇ ਤਬਾਹ ਹੋਣ ਦਾ ਖਤਰਾ ਬਣ ਗਿਆ ਹੈ।ਆਗੂਆਂ ਨੇ ਕਿਹਾ ਕਿ ਜਰੂਰੀ ਵਸਤਾਂ ਸਬੰਧੀ ਕਾਨੂੰਨ ਵਿੱਚ ਸੋਧ ਰਾਹੀਂ ਜ਼ਖੀਰੇਬਾਜ਼ੀ ਨੂੰ ਖੁੱਲ ਮਿਲੇਗੀ ਅਤੇ ਖਪਤਕਾਰਾਂ ਤੇ ਉਤਪਾਦਕਾਂ ਦੋਹਾਂ ਦਾ ਉਜਾੜਾ ਹੋਵੇਗਾ । ਉਨਾਂ ਕਿਹਾ ਕਿ ਬਿਜਲੀ ਐਕਟ 2003 ਵਿੱਚ ਸੋਧ ਰਾਹੀਂ ਬਿਜਲੀ ਦੀ ਪੈਦਾਵਾਰ, ਵੰਡ ਅਤੇ ਕੰਟਰੋਲ ਦਾ ਸਾਰਾ ਅਧਿਕਾਰ ਸੂਬਿਆਂ ਦੇ ਹੱਥਾਂ ਵਿਚੋਂ ਨਿਕਲ ਕੇ ਕੇਂਦਰ ਦੇ ਹੱਥਾਂ ਵਿੱਚ ਚਲਿਆ ਜਾਵੇਗਾ ਜਿਸ ਨਾਲ ਬਿਜਲੀ ਉਤਪਾਦਨ ਕਰਨ ਵਾਲੀਆਂ ਵੱਡੀਆਂ ਪ੍ਰਾਈਵੇਟ ਬਿਜਲੀ ਕੰਪਨੀਆਂ ਮਨਮਾਨੀ ਕਰਨਗੀਆਂ ਅਤੇ ਬਿਜਲੀ ਦੇ ਰੋਟ ਵਧ ਜਾਣਗੇ।
ਅੱਜ ਦੇ ਇਕੱਠਾਂ ਨੂੰ ਜਿਲਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ,ਤੀਰਥ ਰਾਮ ਸੇਲਬਰਾਹ ,ਦਰਸ਼ਨ ਸਿੰਘ ਢਿੱਲੋਂ ਫੂਲ, ਗੁਰਮੇਲ ਸਿੰਘ ਜੰਡਿਆਲਾ ,ਭਗਵਾਨ ਸਿੰਘ ਤਿੰਨਕੋਣੀ,ਬਲਜਿੰਦਰ ਸਿੰਘ ਭੋਖੜਾ, ਖ਼ਜ਼ਾਨਚੀ ਸੁਰਮੁਖ ਸਿੰਘ ਸੇਲਵਰਾ ਅਤੇ ਲੋਕ ਸੰਗਰਾਮ ਮੋਰਚੇ ਦੇ ਆਗੂ ਬਲਵੰਤ ਸਿੰਘ ਮਹਿਰਾਜ ਨੇ ਸੰਬੋਧਨ ਕੀਤਾ ਅਤੇ 27ਜੁਲਾਈ ਨੂੰ ਭਾਜਪਾ ਤੇ ਅਕਾਲੀ ਦਲ ਦੇ ਮੰਤਰੀਆਂ ,ਐਮ ਪੀਜ਼ ਅਤੇ ਵਿਧਾਇਕਾਂ ਦੇ ਘਿਰਾਓ ਕਰਨ ਦੇ ੇ ਸਾਂਝੇ ਸੱਦੇ ਨੂੰ ਸਫ਼ਲ ਕਰਨ ਲਈ ਲੋਕਾਂ ਨੂੰ ਸੱਦਾ ਦਿੱਤਾ । ਆਗੂਆਂ ਨੇ ਕਰੋਨਾ ਬਿਮਾਰੀ ਦੀ ਆੜ ਵਿੱਚ ਲੋਕਾਂ ਉੱਤੇ ਨਿੱਤ ਨਵੇਂ ਆਰਥਿਕ ਬੋਝ ਲੱਦਣ ਅਤੇ ਧਰਨਿਆਂ ਉੱਤੇ ਪਾਬੰਦੀ ਲਾਉਣ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦਿਆਂ ਐਲਾਨ ਕੀਤਾ ਕਿ ਲੋਕ ਆਵਾਜ ਬਣ ਕੇ ਮੈਦਾਨ ਵਿੱਚ ਡਟਿਆ ਤੇ ਸਰਕਾਰੀ ਜਬਰ ਦਾ ਜਨਤਕ ਟਾਕਰਾ ਕੀਤਾ ਜਾਏਗਾ ।