ਅਸ਼ੋਕ ਵਰਮਾ
ਬਠਿੰਡਾ,18 ਜੁਲਾਈ। ਅੱਜ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਉਹਨਾਂ ਸਮਾਗਮਾਂ ਦੌਰਾਨ ਪਿਰਥੀ ਦੀ ਵਿਰਾਸਤ ਨੂੰ ਉਭਾਰਦਿਆਂ ਉਸਦੀਆਂ ਦੇਣਾਂ ਨੂੰ ਉਚਿਆਇਆ ਗਿਆ ਅਤੇ ਵਿਦਿਆਰਥੀਆਂ ਦੀਆਂ ਭਖਵੀਆਂ ਮੰਗਾਂ ਤੇ ਰੋਸ ਪੰਦਰਵਾੜਾ ਮਨਾਉਣ ਦਾ ਐਲਾਨ ਕੀਤਾ ਗਿਆ। ਮੌੜ, ਨਥਾਣਾ, ਸੰਗਤ, ਭੁੱਚੋ (ਬਠਿੰਡਾ), ਨਿਹਾਲ ਸਿੰਘ ਵਾਲਾ (ਮੋਗਾ), ਜੈਤੋ (ਫਰੀਦਕੋਟ), ਮੂਣਕ (ਸੰਗਰੂਰ) ਅਤੇ ਸਿਹੌੜਾ (ਲੁਧਿਆਣਾ) ਵਿਖੇ ਜਨਤਕ ਸਮਾਗਮ ਕਰਨ ਉਪਰੰਤ ਮਾਰਚ ਵੀ ਕੀਤੇ ਗਏ।ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਅਸ਼ਵਨੀ ਘੁੱਦਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਹੁਸ਼ਿਆਰ ਸਲੇਮਗੜ ਨੇ ਕਿਹਾ ਕਿ ਮੋਦੀ ਹਕੂਮਤ ਦੇ ਪਦ ਚਿਨਾਂ ਤੇ ਚਲਦਿਆਂ ਕੈਪਟਨ ਹਕੂਮਤ ਨੇ ਵੀ ਲੋਕਾਂ ਖਿਲਾਫ਼ ਆਰਥਿਕ ਅਤੇ ਜਾਬਰ ਹਮਲਾ ਤੇਜ਼ ਕਰ ਦਿੱਤਾ ਹੈ।
ਇੱਕ ਪਾਸੇ ਮਿਹਨਤਕਸ਼ਾਂ ਦੇ ਹੱਕਾਂ ਤੇ ਨਵੇਂ ਤੋਂ ਨਵੇਂ ਡਾਕੇ ਮਾਰੇ ਜਾ ਰਹੇ ਹਨ ਤੇ ਨਾਲ ਹੀ ਇਹਨਾਂ ਆਰਥਿਕ ਧਾਵਿਆਂ ਖਿਲਾਫ਼ ਨਿੱਤਰ ਰਹੇ ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਨਵੀਆਂ ਤੋਂ ਨਵੀਆਂ ਪਾਬੰਦੀਆਂ ਮੜੀਆਂ ਜਾ ਰਹੀਆਂ ਹਨ। ਜਦੋਂ ਬਾਕੀ ਦੀ ਰੋਜ਼ਾਨਾ ਜ਼ਿੰਦਗੀ ਦੇ ਕੰਮ ਕਾਰ ਚੱਲ ਰਹੇ ਹਨ ਤਾਂ ਸੰਘਰਸ਼ ਬਿਨਾਂ ਲੋਕਾਂ ਦਾ ਕਿਵੇਂ ਸਰ ਸਕਦਾ ਹੈ।
ਉਨਾਂ ਕਿਹਾ ਕਿ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਅਤੇ ਉਲਟਾ ਨਵੇਂ-ਨਵੇਂ ਟੈਕਸ ਮੜਨ ਲਈ ਕਾਂਗਰਸ ਹਕੂਮਤ ਵੀ ਲੋਕਾਂ ਨੂੰ ਇਕੱਠੇ ਹੋਣ ਦੇ ਹੱਕ ਤੋਂ ਮਹਿਰੂਮ ਕਰਨਾ ਚਾਹੁੰਦੀ ਹੈ ਤੇ ਸੂਬੇ ’ਚ ਲੁਟੇਰੇ ਸਰਮਾਏਦਾਰਾਂ ਲਈ ਲੁੱਟ ਦੇ ਸਾਰੇ ਰਾਹ ਖੋਲਣਾ ਚਾਹੁੰਦੀ ਹੈ।
ਆਗੂਆਂ ਨੇ ਕਿਹਾ ਕਿ ਸਿਖਿਆ ਤੇ ਰੁਜ਼ਗਾਰ ਦੇ ਹੱਕ ਤੇ ਵੀ ਹਮਲਾ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਪ੍ਰਾਈਵੇਟ ਸਕੂਲਾਂ ਨੂੰ ਫੀਸਾਂ ਰਾਹੀਂ ਲੁੱਟ ਮਚਾਉਣ ਦੀ ਖੁੱਲ ਦੇਣਾ, ਮੈਡੀਕਲ ਕਾਲਜਾਂ ਦੀਆਂ ਫ਼ੀਸਾਂ ਵਿੱਚ ਵਾਧਾ ਕਰਨਾ ਅਤੇ ਹੁਣ ਪੰਜਾਬੀ ਯੂਨੀਵਰਸਿਟੀ ਕਾਲਜਾਂ ਵਿੱਚ ਐਸ.ਸੀ. ਵਿਦਿਆਰਥੀਆਂ ਦੀ ਫ਼ੀਸ ਮੁਆਫ਼ੀ ਦੀ ਰਿਆਇਤ ਰੱਦ ਕਰਨ ਦੇ ਤਾਜ਼ਾ ਕਦਮ ਚੁੱਕੇ ਗਏ ਹਨ। ਭਾਰੀ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਥਾਂ ਸਰਕਾਰੀ ਵਿਭਾਗਾਂ ਵਿੱਚੋਂ ਅਸਾਮੀਆਂ ਹੀ ਖਤਮ ਕਰਨ ਦਾ ਰਾਹ ਫੜ ਲਿਆ ਗਿਆ ਹੈ ਤੇ ਉਪਰੋਂ ਇਕੱਠੇ ਹੋਣ ਦਾ ਹੱਕ ਵੀ ਖੋਹ ਲਿਆ ਗਿਆ ਹੈ। ਇਹਨਾਂ ਮੰਗਾਂ ਉੱਪਰ ਨੌਜਵਾਨ-ਵਿਦਿਆਰਥੀ ਰੋਸ ਪੰਦਰਵਾੜਾ ਮਨਾਉਦੇ ਹੋਏ ਨੌਜਵਾਨ-ਵਿਦਿਆਰਥੀਆਂ ਦੀ ਲਾਮਬੰਦੀ ਰਾਹੀਂ ਸੰਘਰਸ਼ ਕਰਨ ਦਾ ਹੱਕ ਹਰ-ਹਾਲ ਪੁਗਾਇਆ ਜਾਵੇਗਾ।
ਅੱਜ ਦੇ ਇਕੱਠਾਂ ਰਾਹੀਂ ਮਤੇ ਪਾਸ ਕਰਦਿਆਂ ਇਹ ਮੰਗ ਵੀ ਉਠਾਈ ਗਈ ਕਿ ਇਨਕਲਾਬੀ ਕਵੀ ਵਰਵਰਾ ਰਾਉ ਸਮੇਤ ਸਭਨਾਂ ਬੱੁਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਅਤੇ ਸਭ ਤਰਾਂ ਦੇ ਕੇਸ ਰੱਦ ਕਰਨ ਦੀ ਮੰਗ ਵੀ ਕੀਤੀ ਗਈ। ਨੌਜਵਾਨ-ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਉਹ ਜਮਹੂਰੀ ਹੱਕਾਂ ਲਈ ਡਟਣ ਦੀ ਪਿਰਥੀ ਦੀ ਵਿਰਾਸਤ ਤੇ ਪਹਿਰਾ ਦੇਣ ਲਈ ਅੱਗੇ ਆਉਣ।
ਅੱਜ ਦੇ ਇਕੱਠਾਂ ਨੂੰ ਅਸ਼ਵਨੀ ਘੁੱਦਾ, ਹੁਸ਼ਿਆਰ ਸਲੇਮਗੜ, ਸਰਬਜੀਤ ਮੌੜ, ਬਲਕਰਨ ਸਿੰਘ, ਰਮਨ ਕਾਲਾਝਾੜ, ਬਲਵਿੰਦਰ ਸੋਨੀ, ਕਰਮ ਰਾਮਾਂ, ਗੁਰਮੁਖ ਹਿੰਮਤਪੁਰਾ, ਰਵਿੰਦਰ ਸੇਵੇਵਾਲਾ, ਰਵਿੰਦਰ ਸਿਹੌੜਾ ਅਤੇ ਅਮਿਤੋਜ਼ ਮਾਨ ਨੇ ਸੰਬੋਧਨ ਕੀਤਾ।