ਅਸ਼ੋਕ ਵਰਮਾ
ਬਠਿੰਡਾ, 16 ਜੁਲਾਈ: ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਔਰਤਾਂ ਅਤੇ ਖੇਤ ਮਜਦੂਰਾਂ ਦੇ ਕਰਜਿਆਂ ਨੂੰ ਮੁਆਫ ਕਰਵਾਉਣ ਲਈ ਬਲਵਿੰਦਰ ਸਿੰਘ ਮਾਲੀ ਦੀ ਪ੍ਰਧਾਨਗੀ ਹੇਠ ਪਿੰਡ ਕੋਠਾਗੁਰੂ ਵਿੱਚ ਮੀਟਿੰਗ ਕੀਤੀ ਗਈ । ਇਸ ਮੀਟਿੰਗ ਦੌਰਾਨ ਕੰਪਨੀਆਂ ਵਲੋਂ ਔਰਤਾਂ ਨੂੰ ਕਿਸ਼ਤਾਂ ਭਰਵਾਉਣ ਲਈ ਦਿੱਤੀਆਂ ਜਾ ਰਹੀਆਂ ਧਮਕੀਆਂ ਨੂੰ ਬੰਦ ਕਰਾਉਣ ,ਬਿਜਲੀ ਬਿੱਲਾਂ ਦੀ ਮੁਆਫੀ,ਜਨਤਕ ਵੰਡ ਪ੍ਰਣਾਲੀ ਰਾਹੀਂ ਘਰੇਲੂ ਵਸਤਾਂ ਦੀ ਸਪਲਾਈ,ਕੱਟੇ ਨੀਲੇ ਕਾਰਡ ਬਹਾਲ , ਜਨਤਕ ਇਕੱਠਾ ਤੇ ਲਾਈਆਂ ਪਾਬੰਦੀਆਂ ਦੇ ਖਾਤਮੇ ਅਤੇ ਜਮੀਨੀ ਸੁਧਾਰ ਲਾਗੂ ਕਰਕੇ ਰਫਾਲਤੂ ਨਿਕਲਦੀਆਂ ਜਮੀਨਾਂ ਦੀ ਵੰਡ ਮਜਦੂਰਾਂ ਵਿੱਚ ਕਰਵਾਉਣ ਲਈ 20 ਜੁਲਾਈ ਨੂੰ ਫੂਲ ਵਿਖੇ ਦਿੱਤੇ ਜਾ ਰਹੇ ਧਰਨੇ ਸਬੰਘੀ ਵਿਚਾਰਾਂ ਵੀ ਕੀਤੀਆਂ ਗਈਆਂ। ਮੀਟਿੰਗ ਨੂੰ ਸਬੋਧਨ ਕਰਦੇ ਹੋਏ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਤੀਰਥ ਸਿੰਘ ਕੋਠਾਗੁਰੂ ਨੇ ਕਿਹਾ ਕਿ ਰਿਜਰਵ ਬੈਂਕ ਨੇ 31 ਅਗਸਤ ਤੱਕ ਕਰਜੇ ਦੀਆਂ ਕਿਸ਼ਤਾਂ ਉਗਰਾਹੁਣ ਤੇ ਪਾਬੰਦੀ ਲਾਈ ਹੋਈ ਹੈ।
ਉਨਾਂ ਕਿਹਾ ਕਿ ਘਰੇਲੂ ਸਮਾਨ ਜਬਤ ਕਰਨ ਦੇ ਦਬਕੇ ਮਾਰਕੇ ਔਰਤਾਂ ਨੂੰ ਕਿਸ਼ਤਾਂ ਭਰਨ ਲਈ ਮਜਬੂਰ ਕਰ ਰਹੀਆਂ ਹਨ । ਉਨਾਂ ਸਰਕਾਰ ਤੇ ਦੋਸ਼ ਲਾਉਦਿਆਂ ਕਿਹਾ ਹੈ ਕਿ ਲੌਕਡਾਊਨ ਦੌਰਾਨ ਮਜਦੂਰਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ ਅਤੇ ਕੰਮ ਨਾ ਮਿਲਣ ਕਾਰਨ ਮਜਦੂਰ ਲੋਹੜੇ ਦੀ ਆਰਥਿਕ ਮੰਦਹਾਲੀ ਕੱਟੜ ਲਈ ਮਜਬੂਰ ਹਨ। ਦੂਜੇ ਪਾਸੇ ਕਰਜੇ ਦੀਆਂ ਕਿਸ਼ਤਾਂ ਤੇ ਹਜਾਰਾਂ ਰੁਪਏ ਦੇ ਆਏ ਬਿਜਲੀ ਬਿਲਾਂ ਨੇ ਉਨਾਂ ਦਾ ਸਾਹ ਘੁੱਟ ਦਿੱਤਾ ਹੈ । ਉਨਾਂ ਕਾਂਗਰਸ ਸਰਕਾਰ ਵਲੋਂ ਜਨਤਕ ਇਕੱਠਾਂ ਤੇ ਲਾਈ ਪਾਬੰਦੀ ਦੀ ਕਰੜੀ ਅਲੋਚਨਾ ਕਰਦੇ ਹੋਏ ਕਿਹਾ ਕਿ ਕਰੋਨਾ ਦੇ ਬਹਾਨੇ ਸਰਕਾਰ ਨੇ ਲੋਕ ਸੰਘਰਸ਼ਾਂ ਨੂੰ ਦਬਾਉਣ ਲਈ ਇਹ ਕਦਮ ਚੁੱਕਿਆ ਹੈ । ਉਨਾਂ ਐਲਾਨ ਕੀਤਾ ਕਿ ਉਹ ਹਰ ਹੀਲੇ ਆਪਣੇ ਹੱਕੀ ਸੰਘਰਸਾਂ ਨੂੰ ਜਾਰੀ ਰੱਖਣਗੇ। ਉਨਾਂ ਮਜਦੂਰਾਂ ਨੂੰ 20 ਜੁਲਾਈ ਨੂੰ ਐਸ ਡੀ ਐਮ ਫੂਲ ਦੇ ਦਫਤਰ ਦੇ ਧਰਨੇ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ ।