12 C
United Kingdom
Saturday, June 13, 2026

More

    ਕਰਜਿਆਂ ਦੇ ਤੰਦੂਆ ਜਾਲ ’ਚ ਉਲਝੀ ਖੇਤ ਮਜਦੂਰਾਂ ਦੀ ਜਿੰਦਗੀ

    ਅਸ਼ੋਕ ਵਰਮਾ
    ਬਠਿੰਡਾ,16ਜੁਲਾਈ। ਪੰਜਾਬ ਦੇ ਖੇਤ ਮਜਦੂਰਾਂ ਦੇ ਚੁੱਲੇ ਕਰਜਿਆਂ ਨਾਲ ਬਲਦੇ ਹਨ ਕਰਜੇ ਨਾਲ ਹੀ ਦਵਾ ਦਾਰੂ ਹੁੰਦਾ ਹੈ ਤੇ ਕਈ ਵਾਰ ਤਾਂ ਅੰਤਮ ਰਸਮਾਂ ਵੀ ਕਰਜੇ ਸਹਾਰੇ ਹੁੰਦੀਆਂ ਹਨ। ਖੇਤ ਮਜਦੂਰਾਂ ਸਿਰ ਚੜੇ ਕਰਜੇ ਦਾ ਇੱਕ ਅਹਿਮ ਪਹਿਲੂ ਹੈ ਕਿ ਕਰਜਾ ਲੈਣ ਦੇ ਬਾਵਜੂਦ ਇੰਨਾਂ ਪ੍ਰੀਵਾਰਾਂ ਦੀਆਂ ਬੁਨਿਆਦੀ ਜਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ ਹਨ। ਸਾਲ 2011 ਦੀ ਜਨਗਣਨਾ ਮੁਤਾਬਕ ਪੰਜਾਬ ਦੇ ਖੇਤ ਮਜ਼ਦੂਰਾਂ  ਦੀ ਗਿਣਤੀ 15,80,455 ਹੈ।  ਇਨਾਂ ਚੋਂ 14,74,732 ਪੇਂਡੂ ਖੇਤਰ ਨਾਲ ਜੁੜੇ ਖੇਤ ਮਜ਼ਦੂਰ ਹਨ ਅਤੇ 1,13,723 ਅਜਿਹੇ ਮਜ਼ਦੂਰ ਹਨ, ਜੋ ਸ਼ਹਿਰ ਵਿੱਚ ਰਹਿੰਦੇ ਹਨ ਪਰ ਉਨਾਂ ਦਾ ਗੁਜ਼ਾਰਾ ਮੁੱਖ ਰੂਪ ਵਿੱਚ ਖੇਤੀ ਦੇ ਕੰਮ ਤੋਂ ਹੀ ਚਲਦਾ ਹੈ । ਇੱਕ ਅਧਿਐਨ ਮੁਤਾਬਿਕ ਹਰ ਖੇਤ ਮਜ਼ਦੂਰ ਪਰਿਵਾਰ ਸਿਰ ਔਸਤਨ 70 ਹਜ਼ਾਰ ਰੁਪਏ ਕਰਜ਼ਾ ਹੈ ਜਦੋਂਕਿ ਮਜਦੂਰ ਧਿਰਾਂ ਅਨੁਸਾਰ  ਇਹ ਅੰਕੜਾ ਵੱਧ ਹੈ।
                       ਵੇਰਵਿਆਂ ਮੁਤਾਬਕ ਕੇਂਦਰ ਸਰਕਾਰ ਵੱਲੋਂ ਬਣਾਏ ਮਾਹਿਰ ਗਰੁੱਪ ਅਨੁਸਾਰ 82.06 ਫ਼ੀਸਦ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ  ਹਨ ਜਿੰਨਾਂ ਦੀ ਪ੍ਰਤੀ ਵਿਅਕਤੀ ਸਾਲਾਨਾ ਆਮਦਨ 25,683.84 ਰੁਪਏ ਰੱਖੀ ਹੈ । ਅਧਿਐਨ ਰਿਪੋਰਟ ਮੁਤਾਬਕ ਪੰਜਾਬ ਦੇ ਖੇਤ ਮਜ਼ਦੂਰਾਂ  ਦੀ ਪ੍ਰਤੀ ਵਿਅਕਤੀ ਸਾਲਾਨਾ ਔਸਤਨ ਆਮਦਨ 18,675.84 ਰੁਪਏ ਹੈ। ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਖੇਤ ਮਜ਼ਦੂਰ ਜੇਕਰ ਸੌ ਰੁਪਏ ਕਮਾਉਂਦਾ ਹੈ ਤਾਂ  ਉਸ ਦਾ ਖਰਚ 112 ਰੁਪਏ ਹੋ ਜਾਂਦਾ ਹੈ । ਉਸ ਦਾ ਵੱਡਾ ਖਰਚਾ ਮੁੱਢਲੀਆਂ  ਲੋੜਾਂ  ਰੋਟੀ, ਕੱਪੜਾ, ਬਿਮਾਰੀ ਦੇ ਇਲਾਜ ਆਦਿ ਉੱਤੇ ਹੋ ਰਿਹਾ ਹੈ। ਇਸ ਖਰਚ ਦੀ ਪ੍ਰਤੀ ਵਿਅਕਤੀ ਸਾਲਾਨਾ ਔਸਤ 10,576 ਰੁਪਏ ਹੈ । ਰਿਪੋਰਟ ਮੁਤਾਬਕ ਕੋਈ ਵੀ ਚੀਜ਼ ਗਹਿਣੇ ਰੱਖਣ ਲਈ ਨਾ ਹੋਣ ਕਾਰਨ ਮਜ਼ਦੂਰ ਨੂੰ ਸੰਸਥਾਗਤ ਕਰਜ਼ਾ ਨਹੀਂ ਮਿਲਦਾ।  
                    ਸਰਵੇਖਣ ਮੁਤਾਬਕ ਖੇਤ ਮਜ਼ਦੂਰ ਪਰਿਵਾਰਾਂ  ਨੂੰ ਕੇਵਲ 8.21 ਫ਼ੀਸਦੀ ਸੰਸਥਾਗਤ ਕਰਜ਼ਾ ਹੀ ਮਿਲਿਆ ਹੈ। ਬਾਕੀ 91.79 ਫ਼ੀਸਦੀ ਕਰਜ਼ਾ ਉਸ ਨੇ ਸ਼ਾਹੂਕਾਰਾਂ , ਵੱਡੇ ਕਿਸਾਨਾਂ ਜਾਂ  ਹੋਰਾਂ  ਸਾਧਨਾਂ  ਤੋਂ ਲਿਆ ਹੋਇਆ ਹੈ । ਖੇਤ ਮਜਦੂਰਾਂ ਨੂੰ ਸਭ ਤੋਂ ਵੱਧ ਵਿਆਜ ਦਰ 22 ਤੋਂ 28 ਫ਼ੀਸਦੀ ਦੇ ਵਿਚਕਾਰ ਦੇਣੀ ਪੈ ਰਹੀ ਹੈ । ਰਿਪੋਰਟ ਅਨੁਸਾਰ ਮਜ਼ਦੂਰ ਪਰਿਵਾਰਾਂ  ਵੱਲੋਂ ਲਏ ਕਰਜੇ ਚੋਂ 24.4 ਫ਼ੀਸਦੀ ਕਰਜ਼ਾ ਮਕਾਨ ਦੀ ਉਸਾਰੀ ਲਈ ਲਿਆ ਹੈ ਜਦੋਂਕਿ ਬਿਮਾਰੀਆਂ  ਦੇ ਇਲਾਜ ਲਈ ਲਿਆ 19.18 ਫ਼ੀਸਦੀ ਅਤੇ 14.18 ਫ਼ੀਸਦੀ ਕਰਜ਼ਾ ਘਰੇਲੂ ਲੋੜਾਂ  ਲਈ ਲਿਆ ਹੈ। ਵਿਆਹ ਸ਼ਾਦੀਆਂ ਲਈ 14.3 ਫ਼ੀਸਦੀ , ਹੋਰ ਲੋੜਾਂ ਲਈ16.5 ਫ਼ੀਸਦੀ, ਫ਼ੀਸਦੀ ਮਸ਼ੀਨਰੀ ਵਾਸਤੇ 5.2 ਅਤੇ ਜ਼ਮੀਨ ਠੇਕੇ ‘ਤੇ ਲੈਣ ਲਈ 6.2 ਫ਼ੀਸਦੀ ਕਰਜ਼ਾ ਲਿਆ ਹੋਇਆ ਹੈ ।
                     ਸਮਾਜਿਕ ਹਾਲਾਤ ਮਾੜੇ
    ਸਰਵੇ ਮੁਤਾਬਕ ਮਕਾਨਾਂ  ਲਈ ਕਰਜ਼ਾ ਲੈਣ ਵਾਲੇ ਮਜ਼ਦੂਰ ਪਰਿਵਾਰਾਂ  ਵਿੱਚੋਂ 71.98 ਫ਼ੀਸਦੀ ਘਰਾਂ  ਵਿੱਚ ਰਸੋਈ ਨਹੀਂ ਅਤੇ  ਸਿਰਫ5.54 ਫ਼ੀਸਦੀ ਨੇ ਰਸੋਈ ਦਾ ਆਰਜ਼ੀ ਬੰਦੋਬਸਤ ਹੈ ਰਿਪੋਰਟ ਮੁਤਾਬਕ 27.95 ਫ਼ੀਸਦੀ ਘਰਾਂ  ਵਿੱਚ ਨਹਾਉਣ ਲਈ ਗੁਸਲਖ਼ਾਨੇ ਨਹੀਂ ਹਨ ਤੇ 32.96 ਫ਼ੀਸਦੀ ਕੋਲ ਬਾਥਰੂਮ ਦਾ ਆਰਜ਼ੀ ਪ੍ਰਬੰਧ ਹੈ ਸਰਵੇਖਣ ਤਹਿਤ 30.62 ਫ਼ੀਸਦੀ ਪਰਿਵਾਰਾਂ  ਕੋਲ ਪਖ਼ਾਨੇ ਦੀ ਸਹੂਲਤ ਨਹੀਂ ਹੈ ਅਤੇ 25.89 ਫ਼ੀਸਦੀ ਘਰਾਂ  ਵਿੱਚ ਪਖ਼ਾਨੇ ਦਾ ਆਰਜ਼ੀ ਪ੍ਰਬੰਧ ਹੈ

               ਕਰਜਿਆਂ ਨੇ ਝੰਬੇ ਖੇਤ ਮਜਦੂਰ ਪ੍ਰੀਵਾਰ
    ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨੁਸਰਾਲੀ ਨੇ ਕਿਹਾ ਕਿ ਕਰਜ਼ੇ ਦੇ ਬੋਝ ਹੇਠ ਦੱਬੇ ਖੇਤ ਮਜ਼ਦੂਰਾਂ  ਨੂੰ ਬੁਨਿਆਦੀ ਲੋੜਾਂ  ਲਈ ਵੀ ਤਰਲੇ ਮਾਰਨੇ ਪੈ ਰਹੇ ਹਨ । ਯੂਨੀਅਨ ਵੱਲੋਂ ਕੀਤੇ ਸਰਵੇਖਣ ਮੁਤਾਬਕ ਮਜ਼ੂਦਰਾਂ  ਨੇ ਜਿਨਾਂ  ਲੋੜਾਂ  ਲਈ ਕਰਜ਼ਾ ਲਿਆ ਹੈ, ਉਹ ਵੀ ਉਨਾਂ  ਦੀ ਮਾੜੀ ਸਮਾਜਿਕ ਤੇ ਆਰਥਿਕ ਹਾਲਤ ਦੀ ਤਸਵੀਰ ਪੇਸ਼ ਕਰਦੀਆਂ  ਹਨ। ਸ੍ਰੀ ਨੁਸਰਾਲੀ ਨੇ ਦੱਸਿਆ ਕਿ ਉਂਜ ਤਾਂ ਸਮਾਜਿਕ ਹਾਲਤ ਦਾ ਇੱਕ ਵੀ ਪੱਖ ਅਜਿਹਾ ਨਹੀਂ ਜਿਸ ਨੂੰ ਔਸਤ ਵੀ ਮੰਨਿਆ ਜਾ ਸਕਦਾ ਹੋਵੇ ਪਰ ਕਰਜਿਆਂ ਦੇ ਤੰਦੂਆ ਜਾਲ ’ਚ ਫਸਣ ਕਰਕੇ ਮਜਦੂਰ ਪ੍ਰੀਵਾਰ ਬੁਰੀ ਤਰਾਂ ਝੰਬੇ ਪਏ ਹਨ।  

           ਕਰਜੇ ਚੋਂ ਨਿਕਲਣ ਦਾ ਕੋਈ ਰਾਹ ਨਹੀਂ:ਸੇਵੇਵਾਲਾ
    ਯੂਨੀਅਨ ਦੇ ਸੂਬਾ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਕਰਜ਼ੇ ਦਾ ਵਿਆਜ ਏਨਾ ਹੁੰਦਾ ਹੈ ਕਿ ਇੱਕ ਵਾਰ ਫਸੇ ਵਿਅਕਤੀ ਨੂੰ ਇਸ ਵਿੱਚੋਂ ਨਿਕਲਣ ਦਾ ਕੋਈ ਰਾਹ ਨਹੀਂ ਲੱਭਦਾ ਹੈ । ਉਨਾਂ ਕਿਹਾ ਕਿ ਇਹ ਕਰਜ਼ਾ ਦੇਖਣ ਨੂੰ ਬੇਸ਼ੱਕ ਥੋੜਾ ਲੱਗਦਾ, ਪਰ ਇਸ ਨੂੰ ਵਾਪਸ ਕਰਨ ਦੀ ਸਮਰੱਥਾ ਬਹੁਤ ਘੱਟ ਹੋਣ ਕਰ ਕੇ ਖੇਤ ਮਜਦੂਰ ਛੋਟੀ ਕਿਸਾਨੀ ਨਾਲੋਂ ਵੀ ਤੰਗ ਹਨ। ਉਨਾਂ ਕਿਹਾ ਕਿ ਮਜ਼ਦੂਰ ਪਰਿਵਾਰਾਂ  ਨੂੰ ਮਹਿੰਗੇ ਇਲਾਜ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਹੈ ਤੇ ਮੌਤ ਹੋ ਜਾਣ ਦੀ ਸੂਰਤ ’ਚ ਅੰਤਮ ਰਸਮਾਂ ਲਈ ਵੀ ਮਜਦੂਰ ਕਰਜਾ ਲੈਕੇ ਪੂਰੀਆਂ ਕਰਦੇ ਹਨ।

          ਮਾਈਕਰੋ ਫਾਇਨਾਂਸ ਕੰਪਨੀਆਂ ਨੇ ਨਿਚੋੜੇ ਮਜਦੂਰ
    ਖੇਤ ਮਜਦੂਰ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਦਾ ਕਹਿਣਾ ਸੀ ਕਿ ਬਾਕੀ ਕਰਜੇ ਦੇ ਨਾਲ ਨਾਲ ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਦਿੱਤਾ ਕਰਜਾ ਖੇਤ ਮਜਦੂਰ ਪ੍ਰੀਵਾਰਾਂ ਦੀ ਰੱਤ ਨਿਚੋੜ ਰਿਹਾ । ਉਨਾਂ ਆਖਿਆ ਕਿ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਦੇ ਬਾਵਜੂਦ ਹੁਣ ਤਾਂ ਪਿੰਡ ਪਿੰਡ ਜਾਕੇ ਕੰਪਨੀਆਂ ਦੇ ਕਰਿੰਦੇ ਕਰਜਾਧਾਰੀ ਔਰਤਾਂ ਨੂੰ ਕਥਿਤ ਦਬਕੇ ਮਾਰ ਰਹੇ ਹਨ। ਉਨਾਂ ਆਖਿਆ ਕਿ ਜੱਥੇਬੰੰਦੀ ਹੁਣ ਔਰਤਾਂ ਦੀ ਕਰਜਾ ਮੁਕਤੀ ਲਈ ਵੀ ਲੜਾਈ ਲੜ ਰਹੀ ਹੈ। ਉਨਾਂ ਸਰਕਾਰ ਤੋਂ ਫੌਰੀ ਤੌਰ ਤੇ ਖੇਤ ਮਜਦੂਰ ਪ੍ਰੀਵਾਰਾਂ ਸਿਰ ਚੜੇ ਕਰਜਿਆਂ ਤੇ ਲਕੀਰ ਮਾਰਨ ਦੀ ਮੰਗ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!