
ਸਾਡਾ ਵਿਵਹਾਰ, ਸਾਡਾ ਕਰਮ,ਸਾਡੀਆਂ ਪ੍ਰਤਿਕਿਰਿਆਵਾ ਕਰਕੇ , ਜ਼ਿੰਦਗੀ ਦੇ ਕੋਰੇ ਕੈਨਵਸ ਤੇ ਸਾਡਾ ਚਰਿੱਤਰ ਉਸਰਦਾ, ਨਿੱਸਰਦਾ ਰਹਿੰਦਾ। ਕਈ ਵਾਰ ਸਾਡੀ ਸ਼ਖ਼ਸੀਅਤ ਸੂਰਜ ਵਾਂਗੂ ਲਿਸ਼ਕਾਰੇ ਮਾਰਦੀ ਆ ਤੇ ਕਈ ਵਾਰ ਮੱਸਿਆ ਦੀ ਰਾਤ ਵਾਂਗੂ ਕਾਲੀ ਬੋਲੀ ਡਰਾਉਣੀ। ਪੀੜੀ ਦਰ ਪੀੜੀ, ਕਦਮ ਬਾ ਕਦਮ ਪੈੜਾ ਉੱਕਰਦੀਆ ਨੇ, ਕੁਝ ਰੇਤੇ ਵਾਂਗੂ, ਵਾਅ ਆਈ ਤੇ ਉੱਡ ਗਈਆਂ, ਕੁਝ ਪੱਕੀਆਂ ਪੀਢੀਆ ਪੱਥਰ ਤੇ ਉੱਕਰੀਆ, ਜਿੰਨੇ ਮਰਜ਼ੀ ਝੱਖੜ ਝੁੱਲ਼ਣ, ਅੰਗਦ ਦੇ ਪੈਰ ਵਾਂਗੂ ਹਿੱਲਦੀਆਂ ਨੀ। ਕਈਆ ਦੀ ਧੌਣ ਵਿੱਚ ਫਸਿਆ ਕਿੱਲਾ, ਉਨ੍ਹਾ ਨੂੰ ਕਿਸੇ ਕੰਢੇ ਵੱਟੇ ਨਹੀਂ ਲੱਗਣ ਦਿੰਦਾ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆ ਤੱਤ, ਮਿਠਾਸ ਨਿਮਰਤਾ ਵਿੱਚ ਹੈ, ਜਿੰਨੀ ਲਚਕ ਘੱਟ ਹੋਵੇ, ਉੱਨੀ ਤੜੱਕ ਦੇਕੇ ਟੁੱਟਣ ਦੀ ਸੰਭਾਵਨਾ ਵੱਧ ਹੁੰਦੀ ਆ। ਹਰ ਗੱਲ ਨੂੰ ਅਣਖ ਇੱਜਤ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ, ਜੇ ਤੁਹਾਡੀ ਨੀਅਤ ਸਾਫ ਹੋਵੇ ਤਾਂ ਝੁਕ ਜਾਣ ਨਾਲ ਕਲਗੀਆਂ ਨਹੀਂ ਲਹਿ ਜਾਂਦੀਆਂ। ਹਰ ਮਸਲਾ ਡਾਂਗ ਸੋਟੇ ਨਾਲ ਹੱਲ ਨਹੀਂ ਹੁੰਦਾ, ਪਿਆਰ ਦਾ ਹਥਿਆਰ ਜੇ ਚਲਾਉਣਾ ਆ ਜਾਵੇ ਤਾਂ ਦੁਨੀਆ ਦੇ ਸੁਹੱਪਣ ਨੂੰ ਚਾਰ ਚੰਨ ਲਾਉਣ ਵਿੱਚ ਤੁਹਾਡਾ ਨਾਂ ਵੀ ਸ਼ਾਮਿਲ ਹੋ ਸਕਦਾ। ਵੈਸੇ ਵੀ ਜੇ ਗੁੜ ਦਿੱਤਿਆ ਦੁਸ਼ਮਣ ਮਰਦਾ ਹੋਵੇ ਤਾਂ ਜ਼ਹਿਰ ਦੇਣ ਦੀ ਲੋੜ ਨਹੀਂ ਹੁੰਦੀ। ਈਰਖਾ ਅਤੇ ਸਾੜਾ ਚਿੰਤਾ ਦੀਆ ਜੜ੍ਹਾਂ ਹਨ, ਨਿੱਜੀ ਲਾਲਚ ਦਾ ਪਾਣੀ ਪਾਉਣਾ ਬੰਦ ਕਰੋ, ਦੇਖਿਓ ਫਿਰ ਕਿਵੇਂ ਦੁੱਖਾਂ ਦਾ ਨਦੀਨ ਮਰਦਾ, ਸੁੱਖਾਂ ਦੇ ਫੁੱਲ ਖਿੜਦੇ ਨੇ।
ਬਿੱਟੂ ਖੰਗੂੜਾ 07877792555