18.3 C
United Kingdom
Friday, June 26, 2026

More

    ਖੇਤੀ ਅਰਡੀਨੈਂਸ:ਹਰਸਿਮਰਤ ਦਾ ਦਫਤਰ ਘੇਰਨ ਲਈ ਲਾਮਬੰਦੀ ਮੀਟਿੰਗ

    ਅਸ਼ੋਕ ਵਰਮਾ,
     ਮਾਨਸਾ,10ਜੁਲਾਈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਿਲਾ ਮਾਨਸਾ ਦੀ ਮੀਟਿੰਗ ਸੂਬਾ ਸਕੱਤਰ ਹਰਿੰਦਰ ਕੌਰ ਬਿੰਦੂ ਅਤੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਕੇਂਦਰ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਖੇਤੀ ਵਿਰੋਧੀ ਆਰਡੀਨੈਂਸਾਂ ਖਿਲਾਫ  27 ਜੁਲਾਈ  ਨੂੰ ਅਰਵਿੰਦ ਨਗਰ ਮਾਨਸਾ ਵਿਖੇ ਸਥਿਤ ਕੇਂਦਰੀ ਮੰਤਰੀ  ਬੀਬੀ ਹਰਸਿਮਰਤ ਕੌਰ ਬਾਦਲ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ । ਇਹ ਵੀ ਫੈਸਲਾ ਕੀਤਾ ਗਿਆ ਕਿ ਬਲਾਕ ਕਮੇਟੀਆਂ 20 ਤੋਂ 26 ਜੁਲਾਈ ਤੱਕ ਇਸ ਪਰੋਗਰਾਮ ਦੀ ਤਿਆਰੀ ਲਈ ਪਿੰਡਾਂ ਵਿੱਚ ਮੀਟਿੰਗਾਂ, ਮੁਜਾਹਰੇ,ਢੋਲ ਮਾਰਚ,ਤੇ ਰੈਲੀਆਂ ਕਰਨਗੀਆਂ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਉਨਾਂ ਦੀ ਸ਼ਮੂਲੀਅਤ ਵਧਾਈ ਜਾਵੇਗੀ।  ਆਗੂਆਂ ਨੇ ਮਹਿਸੂਸ ਕੀਤਾ ਕਿ ਇਹ ਖੇਤੀ ਖੇਤਰ ਲਈ ਜਿੰਦਗੀ ਮੌਤ ਦਾ ਸਵਾਲ ਹੈ ਜਿਸ ਦੇ ਵਿਰੋਧ ਲਈ ਸੰਘਰਸ਼ ਨੂੰ ਜਾਰੀ ਰੱਖਿਆ ਜਾਏਗਾ। ਇਸ ਮੌਕੇ ਬਲਾਕਾਂ ਦੇ ਕਿਸਾਨ ਆਗੂਆਂ ਨੇ ਮੌਕੇ ਤੇ ਹੀ ਆਪਣੀ ਰਣਨੀਤੀ ਘੜੀ ਅਤੇ ਤਿਆਰੀ ਮੀਟਿੰਗਾਂ ’ਚ ਅੱਜ ਤੋਂ ਹੀ ਜੁਟਣ ਦਾ ਵਾਅਦਾ ਕੀਤਾ।                        
                             ਇਸ ਮੌਕੇ ਸੂਬਾ ਸਕੱਤਰ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਸਰਕਾਰ ਦਿਨ ਬਦਿਨ ਕਿਸਾਨ ਵਿਰੋਧੀ ਨਵੇਂ ਪੈਂਤੜੇ ਤੇ ਆਰਡੀਨੈਂਸ ਲਿਆ ਕੇ ਖੇਤੀ ਖੇਤਰ ਵੀ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਜਾ ਰਹੀ ਹੈ ਅਤੇ ਫਸਲਾਂ ਦੇ ਸਵਾਮੀਨਾਥਨ ਕਮਿਸ਼ਨ ਅਨੁਸਾਰ ਭਾਅ ਦੇਣ ਦੀ ਬਜਾਏ ਸਗੋ ਸਰਕਾਰੀ ਖਰੀਦ ਸਿਸਟਮ ਨੂੰ ਹੀ ਖਤਮ ਕਰਨ ਦੇ ਰਾਹ ਪੈ ਚੁੱਕੀ ਹੈ । ਉਨਾਂ ਕਿਹਾ ਕਿ ਜੇ ਕੇਂਦਰ ਵਲੋਂ ਜਾਰੀ ਤਿੰਨੇ ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਨਾ ਲਏ ਗਏ ਤਾਂ ਜਥੇਬੰਦੀ ਅਪਣਾ ਸੰਘਰਸ਼ ਹੋਰ ਤੇਜ ਕਰੇਗੀ ਜਿਸ ਲਈ ਜੱਥੇਬੰਦੀ ਦੇ ਹਰ ਕਾਰਕਬੁੰਨ ਨੂੰ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਸਰਕਾਰ ਸੰਘਰਸ਼ ਨੂੰ ਦਬਾਉਣ ਦੀ ਕੁਸ਼ਿਸ ਕਰ ਸਕਦੀ ਹੈ। ਉਨਾਂ ਸਮੂਹ ਕਿਸਾਨਾਂ ਨੂੰ ਸਦਾ ਦਿੱਤਾ ਕਿ ਖੇਤੀਬਾੜੀ ਦਾ ਖਾਤਮਾ ਕਰਨ ਵਾਲੇ ਆਰਡੀਨੈਂਸਾਂ ਦੇ ਵਿਰੋਧ ਲਈ 27 ਜੁਲਾਈ ਨੂੰ ਵਧ ਤੋਂ ਵੱਧ ਗਿਣਤੀ ਚ ਮਾਨਸਾ ਪਹੁੰਚਣ ।      
                        ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦਾ ਜਾ ਰਿਹਾ ਨਵਾਂ ਬਿਜਲੀ ਐਕਟ ਵੀ ਕਿਸਾਨਾਂ ਦੀਆਂ ਪਾਣੀ ਮੋਟਰਾਂ ਤੇ ਮਿਲਦੀ  ਸਬਸਿਡੀ ਖਤਮ ਕਰਨ ਦੀ ਹੀ ਚਾਲ ਹੈ । ਉਨਾਂ ਮੰਗ ਕੀਤੀ ਕਿ ਦੇਸ਼ ਨੂੰ ਆਤਮ ਨਿਰਭਰ ਬਨਾਉਣ ਵਾਲੇ ਕਿਸਾਨਾਂ ਦੀ ਮੋਟਰ ਸਬਸਿਡੀ ਜਾਰੀ ਰਖੀ ਜਾਵੇ ਅਤੇ ਖੇਤੀ ਖੇਤਰ ਨੂੰ 16 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ । ਉਨਾਂ ਸੂਬਾ ਆਗੂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਖੇਤੀ ਵਿਰੋਧੀ ਹਮਲਿਆਂ ਨੂੰ ਠੱਲਣ ਲਈ ਮਾਨਸਾ ਜਿਲੇ ਦੇ ਕਿਸਾਨ ਹਰ ਕੁਰਬਾਨੀ ਨੂੰ ਤਿਆਰ ਹਨ ਪਰ ਇਹ ਮਾਰੂ ਫੈਸਲੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ।                      
                                      ਇਸ ਮੌਕੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਜੁਗਿੰਦਰ ਸਿੰਘ ਦਿਆਲਪੁਰਾ ਨੇ ਦੋਸ਼ ਲਾਇਆ ਕਿ ਸਰਕਾਰ ਕਰੋਨਾ ਮਹਾਂਮਾਰੀ ਨਾਲ਼ ਨਜਿੱਠਣ ਚ ਫੇਲ ਹੋਈ ਹੈ ਕਿਉਂਕਿ ਨਾ ਹੀ ਲੋੜੀਂਦੀਆਂ ਸਰਕਾਰੀ ਸਿਹਤ ਸਹੂਲਤਾਂ ਬਣਾਈਆਂ ਗਈਆਂ ਅਤੇ ਨਾ ਹੀ ਜਨਤਾ ਨੂੰ ਕਿਸੇ ਤਰਾਂ ਦੀ ਕੋਈ ਆਰਥਿਕ ਸਹਾਇਤਾ ਦਿੱਤੀ ਗਈ, ਸਗੋਂ ਇਸਦੇ ਉਲਟ ਲੋਕਾਂ ਨੂੰ ਤਾਲੀਆਂ ਥਾਲੀਆਂ ਪਿਛੇ ਲਾ ਕੇ ਅੰਧਵਿਸ਼ਵਾਸ ਨੂੰ ਹਵਾ ਦਿੱਤੀ ਗਈ ਅਤੇ ਇਸ ਬੀਮਾਰੀ ਦੇ ਬਹਾਨੇ ਬਹੁਤ ਸਾਰੇ ਫਿਰਕੂ ਤੇ ਨਿੱਜੀਕਰਨ ਦੇ ਏਜੰਡੇ ਲਾਗੂ ਕੀਤੇ ਗਏ । ਮੀਟਿੰਗ ਨੂੰ ਇੰਦਰਜੀਤ ਸਿੰਘ ਝੱਬਰ,ਮੁਹਿੰਦਰ ਸਿੰਘ ਰੁਮਾਣਾ ਅਤੇ ਪਿ੍ਰੰਸੀਪਲ ਦਰਸ਼ਨ ਸਿੰਘ ਢਿੱਲੋਂ ਨੇ ਵੀ ਸੰਬੋਧਨ ਕਰਦਿਆਂ ਸਮੂਹ ਕਿਸਾਨਾਂ ਨੂੰ ਪਿੰਡਾਂ ’ਚ ਲਾਮਬੰਦੀਆਂ ਸ਼ੁਰੂ ਕਰ ਦੇਣ ਤਾਂ ਜੋ 27 ਜੁਲਾਈ ਦੇ ਘਿਰਾਓ ਪ੍ਰੋਗਰਾਮ ’ਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾ ਸਕੇ।   

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!