✍️✍️ਮਨਦੀਪ ਕੌਰ ਭੰਮਰਾ
ਕਰ ਲਿਐ ਅਸਾਂ ਤੁਫ਼ਾਨ ਵਿੱਚ ਤਰਨ ਦਾ ਫ਼ੈਸਲਾ,
ਕਰ ਲਿਐ ਅਸਾਂ ਨਾ ਕਿਸੇ ਕੋਲ਼ੋਂ ਡਰਨ ਦਾ ਫ਼ੈਸਲਾ,
ਸਮੁੰਦਰੀ ਲਹਿਰਾਂ ਦੀ ਉਚਾਈ ਵਿਛ ਹੀ ਜਾਏਗੀ,
ਹੌਸਲੇ ਉਹਦੇ ਨੇ ਕਰ ਲਿਐ ਨਾ ਹਰਨ ਦਾ ਫ਼ੈਸਲਾ।
ਸੰਗ ਪੱਥਰਾਂ ਟਕਰਾਅ ਕੇ ਪਾਣੀ ਮੋੜਾ ਨੇ ਪਾਉਂਦੇ,
ਨਾਲ਼ ਚਟਾਨਾਂ ਖਹਿਕੇ ਪਾਣੀ ਮੁੜ ਮੁੜ ਨੇ ਆਉਂਦੇ,
ਘੁੰਮਣਘੇਰੀ ਦੇ ਵਿੱਚ ਫ਼ਸ ਜਾਏ ਜੇ ਜਾਨ ਨਿਤਾਣੀ,
ਗੁਰੂ ਨਾਨਕ ਆਪ ਉਸਨੂੰ ਸਿੱਧੇ ਰਾਹੇ ਨੇ ਪਾਉਂਦੇ।
ਹਸਤੀ ਦੇ ਵਿੱਚ ਚਾਨਣ ਹੋਜੇ ਰੂਹ ਜਾਵੇ ਰੁਸ਼ਨਾਈ,
ਬਸਤੀ ਦੇ ਵਿੱਚ ਜਗਮਗ ਹੋਜੇ ਜੇ ਤੂੰ ਜੋਤ ਜਗਾਈ,
ਅੱਖਰ ਅੱਖਰ ਦੇ ਵਿੱਚ ਲੋਅ ਕਵਿਤਾ ਵਿੱਚ ਸੁਨੇਹੇ,
ਕਵਿਤਾ ਮੇਰੇ ਮਨ ਦੇ ਵਿਹੜੇ ਹੈ ਮਹਿਫ਼ਲ ਸਜਾਈ।
ਤੱਕਣੀ ਦੇ ਵਿੱਚ ਭਰ ਦੁਆਵਾਂ ਉਹ ਵੰਡਦੀ ਜਾਵੇ,
ਕਵਿਤਾ ਵਿੱਚ ਸੁਨੇਹੇ ਭਰ ਭਰ ਕੇ ਮਹਿਕ ਫੈਲਾਵੇ,
ਸਾਦਾ ਜੀਵਨ ਵਲ਼ ਛਲ਼ ਤੋਂ ਦੂਰ ਰਹਿ ਕੇ ਜਿਉਣਾ,
ਕਲਮ ਦੇ ਸੰਗ ਬੀਤੇ ਓਦ੍ਹਾ ਜੀਵਨ ਨਾ ਘਬਰਾਵੇ।
ਹੁੰਦੈ ਬੱਸ ਬਖਸ਼ਿਸ਼ ਦਾ ਸਮਾਂ ਤਾਂ ਕਲਾ ਵਿਗਸਦੀ,
ਉਂਜ ਨਹੀਂ ਗੱਲ ਹੁੰਦੀ ਇਹ ਤੇਰੇ ਅਤੇ ਮੇਰੇ ਵੱਸਦੀ,
ਸ਼ੁਕਰਾਨੇ ਵਿੱਚ ਰਹਾਂ ਸਿਜਦਾ ਕਰਾਂ ਕਲਾਵਾਨ ਨੂੰ,
ਜੁਗਤ ਉਸਨੇ ਜੋ ਘੜ੍ਹੀ ਮੇਰੇ ਲਈ ਇਹ ਪਰਖਦੀ।
ਬਰਕਤਾਂ ਦਾ ਸਿਲਸਿਲਾ ਪੱਲੇ ਵਿੱਚ ਆਣ ਪਿਆ,
ਸਾਂਭਾਂ ਸੰਭਾਲ਼ਾਂ ਕਵਿਤਾ ਵਿੱਚ ਕਲਾ ਸੰਜੋਅ ਦਿਆਂ,
ਪਰਖਵਾਨਾਂ ਦੇ ਸਾਹਵੇਂ ਰੱਖਾਂ ਅਤੇ ਹੁੰਗ੍ਹਾਰੇ ਲਵਾਂ,
ਸਿਦਕ ਸੰਗ ਰਚਨਾਵਾਂ ਕਰਾਂ ਸੱਚੇ ਰੱਬ ਨੂੰ ਧਿਆ।
ਗੁਰੂਦੇਵ ਦੇਹਲੀ ਤੇ ਬਖਸ਼ਿਸ਼ਾਂ ਦੇ ਅੰਬਾਰ ਮਿਲ਼ਦੇ,
ਰਹਿਮਤ ਸੰਗ ਝੋਲ਼ੀਆਂ ਭਰ ਜਾਣ ਸੰਸਾਰ ਮਿਲ਼ਦੇ,
ਭਾਵਨਾਵਾਂ ਸੁੱਚੀਆਂ ਹੋਵਣ ਮੈਂ ਸਦਾ ਕਾਮਨਾ ਕਰਾਂ,
ਫ਼ੈਸਲਾ ਲੈ ਲਵੇ ਕੋਈ ਸਾਥੀ ਉਸਨੂੰ ਹਜ਼ਾਰ ਮਿਲ਼ਦੇ।
-ਮਨਦੀਪ ਕੌਰ ਭੰਮਰਾ