ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਬਰੈਡਫੋਰਡ ਦੇ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਲੀਡਜ਼ ਕੇਅਰ ਸੰਸਥਾ ਨੂੰ 10 ਹਜ਼ਾਰ ਪੌਂਡ ਸਹਾਇਆ ਰਾਸ਼ੀ ਦਾ ਚੈੱਕ ਭੇਂਟ ਕੀਤਾ ਗਿਆ। ਇਸ ਸਮੇਂ ਬੋਲਦਿਆਂ ਕਮੇਟੀ ਪ੍ਰਧਾਨ ਅਜੀਤ ਸਿੰਘ ਗਿੱਲ ਅਤੇ ਟਰੱਸਟੀ ਬਲਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਗੁਰੂ ਘਰ ਦੇ ਵਜ਼ੀਰ ਗਿਆਨੀ ਗੁਰਮੀਤ ਸਿੰਘ ਜੀ ਵੱਲੋਂ ਸੰਗਤਾਂ ਨੂੰ ਕੀਤੀ ਬੇਨਤੀ ਦਾ ਇਹ ਅਸਰ ਹੋਇਆ ਕਿ 40 ਹਜ਼ਾਰ ਪੌਂਡ ਦੀ ਰਾਸ਼ੀ ਇਕੱਤਰ ਹੋ ਗਈ। ਉਕਤ ਰਾਸ਼ੀ ਉਸ ਸਮੇਂ ਐੱਨ ਐੱਚ ਐੱਸ ਦੇ ਸਪੁਰਦ ਕਰ ਦਿੱਤੀ ਗਈ ਸੀ। ਸੰਗਤਾਂ ਵੱਲੋਂ ਬਾਅਦ ਵਿੱਚ ਵੀ ਦਾਨ ਰਾਸ਼ੀ ਭੇਜਣੀ ਜਾਰੀ ਰੱਖੀ ਤਾਂ ਹੋਰ 10 ਹਜ਼ਾਰ ਪੌਂਡ ਇਕੱਠੇ ਹੋ ਗਏ। ਕਮੇਟੀ ਵੱਲੋਂ ਲਏ ਫੈਸਲੇ ਅਨੁਸਾਰ ਉਕਤ ਦਸ ਹਜ਼ਾਰ ਪੌਂਡ ਲੀਡਜ਼ ਕੇਅਰ ਵੱਲੋਂ ਆਈ ਨੁਮਾਇੰਦਾ ਬੀਬੀ ਨੂੰ ਭੇਂਟ ਕੀਤਾ ਗਿਆ। ਕਮੇਟੀ ਵੱਲੋਂ ਜਿੱਥੇ ਸਮੂਹ ਦਾਨੀ ਸੰਗਤਾਂ ਦਾ ਧੰਨਵਾਦ ਕੀਤਾ ਗਿਆ, ਉੱਥੇ ਕਮੇਟੀ ਦੇ ਇਸ ਨਿੱਗਰ ਉਪਰਾਲੇ ਦੀ ਦੇਸ਼ ਭਰ ਵਿੱਚ ਪ੍ਰਸੰਸਾ ਹੋ ਰਹੀ ਹੈ।