-ਵੱਡੀ ਉਮਰ ਦੇ ਮੁੰਡਿਆਂ ਵੱਲੋਂ 500 ਵਾਰ ਬਲਾਤਕਾਰ ਕੀਤੇ ਜਾਣ ਦੇ ਦੋਸ਼
-3 ਸਾਲ ਉਮਰ ਤੱਕ ਦੀਆਂ ਬਾਲੜੀਆਂ ਵੀ ਨਾ ਬਖ਼ਸ਼ੀਆਂ
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਇਤਹਾਸ ਦੀਆਂ ਪਰਤਾਂ ਫਰੋਲੀਆਂ ਜਾਂਦੀਆਂ ਹਨ ਤਾਂ ਸੱਭਿਅਕ ਸਮਾਜ ਦਾ ਕਰੂਪ ਚਿਹਰਾ ਵੀ ਸਾਹਮਣੇ ਆਉਂਦਾ ਹੈ। ਲੰਡਨ ਦੀ ਕਰਾਇਡਨ ਕੌਂਸਲ ਅਧੀਨ ਪੈਂਦੇ ਸ਼ਰਲੀ ਓਕਸ ਦੇ ਬੱਚਿਆਂ ਦੀ ਸਾਂਭ ਸੰਭਾਲ ਵਾਲੇ ਘਰ ਵਿੱਚ 1930 ਤੋਂ 1970 ਤੱਕ ਬੱਚਿਆਂ ਦੇ ਹੁੰਦੇ ਰਹੇ ਜਿਣਸੀ ਸੋਸ਼ਣ ਦਾ ਮੁੱਦਾ ਗਰਮਾਇਆ ਹੈ। ਛਾਣਬੀਣ ਦੌਰਾਨ ਸਾਹਮਣੇ ਆਇਆ ਹੈ ਕਿ ਕਰਾਈਡਨ ਦੇ ਸ਼ਾਰਲੀ ਓਕਸ ਬੱਚਿਆਂ ਦੇ ਘਰ ਵਿੱਚ ਵਸਨੀਕਾਂ ਦੁਆਰਾ ਇੱਕ ਕੁੜੀ ਨਾਲ 500 ਵਾਰ ਬਲਾਤਕਾਰ ਕੀਤਾ ਗਿਆ ਸੀ। ਇਹ ਘਰ, ਕ੍ਰਾਈਡਨ ਵਿੱਚ ਸਥਿਤ ਲਾਂਬੈਥ ਕੌਂਸਲ ਦੁਆਰਾ ਚਲਾਇਆ ਜਾਂਦਾ ਸੀ, ਜਿਥੇ ਵਸਨੀਕਾਂ ਨੂੰ ਜਿਨਸੀ ਅਤੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾਂਦਾ ਸੀ। ਇਸ ਬਾਰੇ ਬੱਚਿਆਂ ਦੀ ਜਿਨਸੀ ਸ਼ੋਸ਼ਣ (ਆਈ ਆਈ ਸੀ ਐਸ ਏ) ਰਾਹੀਂ ਹੋਈ ਸੁਤੰਤਰ ਜਾਂਚ ਨੇ ਪਤਾ ਲਗਾਇਆ ਹੈ। ਇੱਕ ਪੀੜਤਾ ਨੇ ਇੱਥੋਂ ਤੱਕ ਵੀ ਕਿਹਾ ਹੈ ਕਿ ਘਰ ਵਿੱਚ ਰਹਿੰਦੇ ਵੱਡੇ ਮੁੰਡਿਆਂ ਤੋਂ ਇਲਾਵਾ ਇੱਕ ਅਧਿਆਪਕ ਵੱਲੋਂ ਵੀ ਉਸ ਨਾਲ ਕੁਕਰਮ ਕੀਤਾ ਗਿਆ ਸੀ। ਇਸ ਸੁਣਵਾਈ ਦੌਰਾਨ ਉਹਨਾਂ ਪੀੜਤਾਂ ਨੇ ਆਪਣਾ ਦੁੱਖ ਸੁਣਾਇਆ ਜਿਨ•ਾਂ ਨੇ 1930 ਅਤੇ 1970 ਦੇ ਦਰਮਿਆਨ ਕੌਂਸਲ ਦੀ ਦੇਖਭਾਲ ਵਿੱਚ ਰਹਿੰਦਿਆਂ ਨਰਕ ਵਰਗਾ ਅਨੁਭਵ ਕੀਤਾ ਸੀ।
ਇਕ ਸਾਬਕਾ ਨਿਵਾਸੀ ਦੁਆਰਾ ਪੁੱਛਗਿੱਛ ਵੇਲੇ ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ਾਰਲੀ ਓਕਸ ਬੱਚਿਆਂ ਦਾ ਘਰ 1930 ਦੇ ਦਹਾਕੇ ਵਿਚ ਇਕ “ਡਰਾਉਣੀ ਜਗ•ਾ“ ਸੀ, ਜਿਥੇ ਬੱਚਿਆਂ ਨੂੰ ਹਿੰਸਕ ਸਜਾਵਾਂ ਮਿਲਦੀਆਂ ਸਨ ਅਤੇ ਜਦ ਤਕ ਉਹ ਬੀਮਾਰ ਨਹੀਂ ਹੁੰਦੇ ਉਦੋਂ ਤਕ ਜ਼ਬਰਦਸਤੀ ਖੁਆਇਆ ਜਾਂਦਾ ਸੀ। ਇੱਕ ਔਰਤ ਨੇ 1950ਵਿਆਂ ‘ਚ ਹੁੰਦੇ ਜ਼ਾਲਮਾਨਾ ਰਵੱਈਏ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਬੱਚਿਆਂ ਨੂੰ ਸਜ਼ਾ ਦੇਣ ਲਈ ਗਲ ਫੜ• ਕੇ ਟੁਆਇਟ ਸੀਟ ਵਿੱਚ ਮੂੰਹ ਤੱਕ ਡੁਬੋਇਆ ਜਾਂਦਾ ਸੀ। ਉਸਦਾ ਕਹਿਣਾ ਸੀ ਕਿ ਉਸ ਨਾਲ ਹੁੰਦੀ ਜ਼ਬਰਦਸਤੀ ਬਾਰੇ ਸੁਪਰਡੈਂਟ ਨੂੰ ਵੀ ਦੱਸਿਆ ਗਿਆ ਸੀ, ਪਰ ਕੋਈ ਸੁਣਵਾਈ ਨਹੀਂ ਸੀ ਹੋਈ। ਜ਼ਿਕਰਯੋਗ ਹੈ ਕਿ ਸ਼ਾਰਲੀ ਓਕਸ ਦੇਸ਼ ਭਰ ਦਾ ਸਭ ਤੋਂ ਵੱਡਾ ਚਿਲਡਰਨ ਹੋਮ ਸੀ, ਜੋ 1983 ਵਿੱਚ ਬੰਦ ਹੋ ਗਿਆ ਸੀ। ਉੱਥੇ 1930 ਵਿਆਂ ਦੇ ਦਰਮਿਆਨ ਹੁੰਦੇ ਰਹੇ ਅਣਮਨੁੱਖੀ ਵਰਤਾਰੇ ਖਿਲਾਫ਼ ਉੱਥੇ ਰਹਿੰਦੇ ਰਹੇ ਬੱਚਿਆਂ (ਜੋ ਹੁਣ ਬਜ਼ੁਰਗ ਹਨ) ਵੱਲੋਂ ਮੁਹਾਜ਼ ਵਿੱਢਿਆ ਗਿਆ ਹੈ। ਇੱਕ ਔਰਤ ਦਾ ਕਹਿਣਾ ਸੀ ਕਿ ਉਹ ਆਪਣੇ ਘਰ ਵਿੱਚ ਜਿਣਸੀ ਸੋਸ਼ਣ ਦੀ ਸ਼ਿਕਾਰ ਹੋਣ ਉਪਰੰਤ ਉਕਤ ਚਿਲਡਰਨ ਹੋਮ ਭੇਜ ਦਿੱਤੀ ਗਈ ਪਰ ਬਦਕਿਸਮਤੀ ਇੰਨੀ ਕਿ ਉੱਥੇ ਵੱਡੀ ਉਮਰ ਦੇ ਮੁੰਡਿਆਂ ਤੋਂ ਇਲਾਵਾ ਸਟਾਫ ਵੱਲੋਂ ਵੀ ਬਲਾਤਕਾਰ ਕੀਤਾ ਜਾਂਦਾ ਰਿਹਾ ਤੇ ਉਹ ਗਰਭਵਤੀ ਹੋ ਗਈ ਸੀ। ਕਰੂਰਤਾ ਇੰਨੀ ਭਿਆਨਕ ਸੀ ਕਿ 3 ਸਾਲ ਦੇ ਮਾਸੂਮ ਬੱਚਿਆਂ ਨਾਲ ਵੀ ਬਲਾਤਕਾਰ ਹੁੰਦੇ ਰਹੇ। ਇਸ ਸੁਣਵਾਈ ਉਪਰੰਤ ਉਕਤ ਚਿਲਡਰਨ ਹੋਮ ਵਿਖੇ ਸੇਵਾਵਾਂ ਨਿਭਾਉਂਦੇ ਰਹੇ ਅਧਿਕਾਰੀਆਂ, ਕਰਮਚਾਰੀਆਂ ਦਾ ਕਟਿਹਰੇ ਵਿੱਚ ਖੜ•ਨਾ ਲਗਭਗ ਤਹਿ ਹੋ ਗਿਆ ਹੈ। ਇਸ ਰਿਪੋਰਟ ਦੇ ਖੁਲਾਸੇ ਸਮੇਂ ਜਿੱਥੇ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਨੇ ਉਕਤ ਚਿਲਡਰਨ ਹੋਮ ਵਿੱਚ ਹੁੰਦੀਆਂ ਰਹੀਆਂ ਅਣਮਨੁੱਖੀ ਕਰਤੂਤਾਂ ਬਾਰੇ ਸਾਬਕਾ ਵਾਸਿੰਦਿਆਂ ਦੇ ਮੂੰਹੋਂ ਸੁਣਿਆ, ਉੱਥੇ ਮਰ ਗਏ ਲੋਕਾਂ ਦੇ ਪਰਿਵਾਰਾਂ ਦੇ ਜੀਆਂ ਵੱਲੋਂ ਵੀ ਉਹਨਾਂ ਦੇ ਬਜ਼ੁਰਗਾਂ ਨਾਲ ਵਾਪਰਦੇ ਰਹੇ ਜ਼ਾਲਮਾਨਾ ਵਿਹਾਰ ਦੀ ਗਾਥਾ ਸੁਣਾਈ। ਜ਼ਿਕਰਯੋਗ ਹੈ ਕਿ “ਸ਼ਰਲੀ ਓਕਸ ਸਰਵਾਈਵਰਜ ਐਸੋਸੀਏਸ਼ਨ“ ਵੱਲੋਂ ਰੇਅਮੰਡ ਸਟੀਵਨਸਨ ਤੇ ਲੂਸੀਆ ਹਿੰਟਨ ਵੱਲੋਂ 2 ਸਾਲ ਦੀ ਸਖ਼ਤ ਘਾਲਣਾ ਬਾਅਦ ਇਹ ਰਿਪੋਰਟ ਤਿਆਰ ਕੀਤੀ ਗਈ ਸੀ ਜਿਸ ਵਿੱਚ 400 ਤੋਂ ਵੱਧ ਪੀੜਤਾਂ ਦੇ ਅਕਹਿ ਦੁੱਖਾਂ ਦੀ ਗਾਥਾ ਦਰਜ਼ ਕੀਤੀ ਗਈ ਹੈ।