ਪਰਮਪਾਲ ਸੰਧੂ
ਤੇਰੀ ਮੇਰੀ ਇੱਕ ਹੀ ਜਮਾਤ ਹੁੰਦੀ ਸੀ
ਵਾਰੋ ਵਾਰੀ ਕਾਨੀਆਂ ਨੂੰ ਡੋਬ ਡੋਬ ਲਿਖੀ ਜਾਣਾ
ਤੇਰੀ ਮੇਰੀ ਇੱਕ ਹੀ ਦਵਾਤ ਹੁੰਦੀ ਸੀ l
ਨਾ ਮੈਂ ਸਾਂ ਸਿੱਖ ਓਦੋਂ ਨਾ ਮੁਸਲਮਾਨ ਤੂੰ
ਖੇਡਣਾ ਇਕੱਠੇ ਇਹੋ ਜ਼ਾਤ ਹੁੰਦੀ ਸੀ l
ਲੜਦੇ ਸਾਂ ਝੱਟ ,ਝੱਟ ਬੋਲ ਵੀ ਸਾਂ ਪੈਂਦੇ ਓਦੋਂ
ਕਿੰਨੀ ਵਾਰੀ ਰੋਜ਼ ਮੁਲਾਕਾਤ ਹੁੰਦੀ ਸੀ l
ਕਦੇ ਤੇਰੀ ਅੰਮੀਂ ਨੇ ਤੇ ਕਦੇ ਮੇਰੀ ਝਾਈ ਨੇ
ਭੇਜਣੀ ਜੋ ਖਾਣ ਲਈ ਸੌਗਾਤ ਹੁੰਦੀ ਸੀ l
ਖਾਧੀਆਂ ਤੰਦੂਰ ਦੀਆਂ ਮਿੱਸੀਆਂ ਉਹ ਰੋਟੀਆਂ
ਇੱਕ ਹੀ ਉਹ ਆਟੇ ਦੀ ਪਰਾਤ ਹੁੰਦੀ ਸੀ l
ਕਾਹਦੇ ਅਸੀਂ ਵੱਡੇ ਹੋਏ ਧਰਮਾਂ ਚ ਵੰਡੇ ਗਏ
ਚੰਗੀ ਮਾੜੀ ਜਾਤ ਵਾਲੇ ਭਰਮਾਂ ਚ ਵੰਡੇ ਗਏ
ਚਿਰਾਂ ਤੋਂ ਮਸੀਤ ਵੱਲ ਮੈਂ ਵੀ ਕਦੇ ਆਇਆ ਨਾ
ਤੂੰ ਵੀ ਗੁਰੂਘਰ ਮੁੜ ਪੈਰ ਕਦੇ ਪਾਇਆ ਨਾ
ਵਿੱਥ ਪੈ ਗਈ ਦੋਹਾਂ ਵਿੱਚ ਝਟਕੇ ਹਲਾਲ ਦੀ
ਦੂਰ ਦੂਰ ਰਹੀਏ ਕਦੇ ਲੰਘਦੇ ਨਾ ਨਾਲ ਦੀ
ਇਹੋ ਜਹੀ ਕੋਈ ਕਦੋਂ ਬਾਤ ਹੁੰਦੀ ਸੀ l
ਤੇਰੀ ਮੇਰੀ ਇੱਕ ਹੀ ਜਮਾਤ ਹੁੰਦੀ ਸੀ
ਵਾਰੋ ਵਾਰੀ ਕਾਨੀਆਂ ਨੂੰ ਡੋਬ ਡੋਬ ਲਿਖਦੇ ਸਾਂ
ਦੋਵਾਂ ਕੋਲੇ ਇੱਕ ਹੀ ਦਵਾਤ ਹੁੰਦੀ ਸੀ l