ਅਸ਼ੋਕ ਵਰਮਾ
ਬਠਿੰਡਾ,9ਜੁਲਾਈ । ਬੇਅੰਤ ਨਗਰ ਬਠਿੰਡਾ ‘ਚ ਇੱਕ ਨੌਜਵਾਨ ਲੜਕੇ ਵੱਲੋਂ ਪੱਥਰ ਮਾਰਕੇ ਆਪਣੇ ਪਿਤਾ ਦਾ ਬੇਰਹਿਮੀ ਨਾਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮੁਲਜਮ ਮਾਨਸਿਕ ਰੋਗੀ ਦੱਸਿਆ ਜਾ ਰਿਹਾ ਹੈ ਜੋਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਫਰਾਰ ਹੈ। ਥਾਣਾ ਸਿਵਲ ਲਾਈਨ ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੇਰਵਿਆਂ ਮੁਤਾਬਿਕ ਰਾਤ ਕਰੀਬ 12.30 ਵਜੇ ਬੇਅੰਤ ਨਗਰ ‘ਚ ਬਜਰੰਗੀ ਨਾਂਅ ਦੇ ਕਰੀਬ 15 ਸਾਲ ਦੇ ਲੜਕੇ ਨੇ ਆਪਣੇ ਪਿਤਾ ਪ੍ਰੇਮ ਲਾਲ (50) ਦੇ ਪੱਥਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਜਿਸ ਦੇ ਸਿੱਟੇ ਵਜੋਂ ਪ੍ਰੇਮ ਲਾਲ ਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਮੌਕੇ ‘ਤੇ ਪੁੱਜੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਲੰਟੀਅਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਸਿਵਲ ਲਾਈਨ ਅਤੇ ਮਾਡਲ ਟਾਊਨ ਪੁਲਿਸ ਚੌਕੀ ਦੀ ਪੁਲਿਸ ਨੇ ਆ ਕੇ ਘਟਨਾ ਵਾਲੀ ਥਾਂ ਦਾ ਜਾਇਜਾ ਲਿਆ । ਪਤਾ ਲੱਗਿਆ ਹੈ ਕਿ ਮਿ੍ਰਤਕ ਦਾ ਮਾਨਸਿਕ ਰੋਗੀ ਪੁੱਤਰ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਭੜਕ ਗਿਆ ਜਿਸ ਤੋਂ ਬਾਅਦ ਉਸਨੇ ਪੱਥਰ ਚੁੱਕ ਕੇ ਆਪਣੇ ਪਿਤਾ ਦੇ ਸਿਰ ‘ਚ ਮਾਰਿਆ ਜੋ ਉਸ ਲਈ ਜਾਨਲੇਵਾ ਸਿੱਧ ਹੋਇਆ। ਮਿ੍ਰਤਕ ਦਿਹਾੜੀਦਾਰ ਮਜ਼ਦੂਰ ਸੀ। ਸਹਾਰਾ ਵਰਕਰਾਂ ਨੇ ਪੋਸਟਮਾਰਟਮ ਲਈ ਲਾਸ਼ ਨੂੰ ਸਿਵਲ ਹਸਪਤਾਲ ਭਿਜਵਾਇਆ ਹੈ। ਥਾਣਾ ਸਿਵਲ ਲਾਈਨ ਦੇ ਐਸਐਚਓ ਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਮਿ੍ਰਤਕ ਦੀ ਪਤਨੀ ਕਲਾਵੰਤੀ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ । ਉਨਾਂ ਦੱਸਿਆ ਕਿ ਮੁਲਜ਼ਮ ਮੰਦਬੁੱਧੀ ਹੈ ਅਤੇ ਉਹ ਵਾਰਦਾਤ ਪਿੱਛੋਂ ਭੱਜ ਗਿਆ ਹੈ।