ਰਜਨੀ ਵਾਲੀਆ, ਕਪੂਰਥਲਾ
ਕੁੜੀਆਂ ਚਿੜੀਆਂ ਆਟੇ ਵਰਗੀਆਂ,
ਸਾਂਭ ਕੇ ਰੱਖਾਂ ਤਾਂ |
ਅੰਦਰ ਰੱਖੀਏ ਚੂਹੇ ਖਾਵਣ,
ਬਾਹਰ ਰੱਖੀਏ ਕਾਂ |
ਕੁੜੀਆਂ ਚਿੜੀਆਂ ਆਟੇ ਵਰਗੀਆਂ’
ਸਾਂਭ ਕੇ ਰੱਖਾਂ ਤਾਂ |
ਧੀਆਂ ਘਰ ਦੀ ਕੁੰਜੀ ਹੋਵਣ,
ਇੱਜ਼ਤ ਮਾਣ ਦੀ ਪੂੰਜੀ ਹੋਵਣ,
ਏ ਮੇਵੇ ਮਿਲਦੇ ਕਰਮਾ ਨਾ |
ਕੁੜੀਆਂ ਚਿੜੀਆਂ ਆਟੇ ਵਰਗੀਆਂ
ਧੀ ਸਭ ਕੁਝ ਹੀ ਜਰ ਲੈਂਦੀ ਏ,
ਧੀ ਸਭ ਕੁਝ ਹੀ ਕਰ ਲੈਂਦੀ ਏ,
ਤਾਈਂਓ ਆਖੀ ਜਾਂਦੀ ਗਾਂ |
ਕੁੜੀਆਂ ਚਿੜੀਆਂ ਆਟੇ ਵਰਗੀਆਂ
ਸਭ ਧੀਆਂ ਚੁੱਲਾ-ਚੌਂਕਾ ਜਾਨਣ,
ਧੀਆਂ ਮਾਂ ਦੀ ਮਮਤਾ ਮਾਨਣ,
ਭਰਦੀਆਂ ਨੇ ਹਾਂ ਵਿੱਚ ਹਾਂ |
ਕੁੜੀਆਂ ਚਿੜੀਆਂ ਆਟੇ ਵਰਗੀਆਂ
ਮਾਂ ਦੀ ਮੱਤ ਲੈ ਘਰ ਤੋਂ ਤੁਰਦੀ,
ਸਹਿ ਲੈਂਦੀ ਏ ਝੁਰਦੀ-ਝੁਰਦੀ,
ਖੁਦ ਧੁੱਪ ਸਹਿ ਕਰਦੀ ਛਾਂ |
ਕੁੜੀਆਂ ਚਿੜੀਆਂ ਆਟੇ ਵਰਗੀਆਂ
ਓਪਰਿਆਂ ਵਿੱਚ ਜਾ ਕੇ ਰਹਿੰਦੀ,
ਸੁਣ ਲੈਂਦੀ ਏ ਕੁਝ ਨਾ ਕਹਿੰਦੀ,
ਜਦੋਂ ਜਾਂਦੇ ਬਦਲ ਗਰਾਂ |
ਕੁੜੀਆਂ ਚਿੜੀਆਂ ਆਟੇ ਵਰਗੀਆਂ
ਮੇਰੇ ਵਿਹੜੇ ਵਿੱਚ ਵੀ ਧੀ ਏ,
ਬਰਕਤ ਪਾਵਣ ਵਾਲਾ ਜੀਅ ਏ,
ਮੈਂ ਤਾਂ ਹੀ ਨਾਂ ਹਰਾਂ |
ਕੁੜੀਆਂ ਚਿੜੀਆਂ ਆਟੇ ਵਰਗੀਆਂ
ਰਜਨੀ ਧੀ ਦੀ ਰੀਸ ਨਾ ਕੋਈ,
ਕਲਪਨਾ ਚਾਵਲਾ ਵੀ ਧੀ ਹੋਈ,
ਸਜਦੇ ਸੌ ਵਾਰ ਕਰਾਂ |
ਕੁੜੀਆਂ ਚਿੜੀਆਂ ਆਟੇ ਵਰਗੀਆਂ