12 C
United Kingdom
Monday, June 8, 2026

More

    ਬਠਿੰਡਾ ਜਿਲੇ ‘ਚ ਅਵਾਰਾ ਕੁੱਤਿਆਂ ਤੇ ਅਵਾਰਾ ਪਸ਼ੂਆਂ ਦਾ ਦਾਬਾ

    ਅਸ਼ੋਕ ਵਰਮਾ
    ਬਠਿੰਡਾ,8ਜੁਲਾਈ। ਬਠਿੰਡਾ ਪੱਟੀ ‘ਚ ਹੁਣ ਨਾ ਟਿੱਬੇ ਰਹੇ ਹਨ ਤੇ ਮਾਰੂਥਲ ਦਾ ਜਹਾਜ ਊਠ ਤਾਂ ਟਾਵਾਂ ਹੀ ਬਚਿਆ ਹੈ। ਬੱਸ ਹੁਣ ਤਾਂ ਹਰ ਪਾਸੇ ਫੰਡਰ ਜਾਨਵਰਾਂ ਤੇ ਅਵਾਰਾ ਕੁੱਤਿਆਂ ਦੀ ਹਕੂਮਤ ਹੈ । ਗਾਹਕ ਜਾਗੋ ਸੰਸਥਾ ਵੱਲੋਂ ਇਸ ਮਾਮਲੇ ‘ਚ ਸੂਚਨਾ ਦੇ ਅਧਿਕਾਰ ਕਾਨੂੰਨ 2005 ਤਹਿਤ ਸਾਹਮਣੇ ਲਿਆਂਦੇ ਤੱਥ ਨਵੀਂ ਤਸਵੀਰ ਦਿਖਾਉਂਦੇ ਹਨ ਜੋ ਕਿ ਹੈਰਾਨ ਕਰ ਦੇਣ ਵਾਲੀ ਹੈ ਜਿਲਾ ਬਠਿੰਡਾ ‘ਚ ਹਰ ਪੰਜ ਘਰਾਂ ਹਿੱਸੇ ਇੱਕ ਅਵਾਰਾ ਪਸ਼ੂ ਆਉਂਦਾ ਹੈ। ਗਾਹਕ ਜਾਗੋ ਦੇ ਜਰਨਲ ਸਕੱਤਰ ਸੰਜੀਵ ਗੋਇਲ ਵੱਲੋਂ ਹਾਸਲ ਜਾਣਕਾਰੀ ਅਨੁਸਾਰ ਬਠਿੰਡਾ ਜਿਲੇ ’ਚ ਅਵਾਰਾ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਦੀ ਗਿਣਤੀ 16011 ਹੈ। ਇੰਨਾਂ ਚੋਂ 8986 ਅਵਾਰਾ ਪਸ਼ੂ ਅਤੇ 7025 ਅਵਾਰਾ ਕੁੱਤੇ ਹਨ। ਅਵਾਰਾ ਕੁੱਤਿਆਂ ਨਾਲ ਸਬੰਧਤ ਅੰਕੜਾ ਪਿਡਾਂ ਦਾ ਇਸ ਤੋਂ ਵੱਖਰਾ ਹੈ। ਬਠਿੰਡਾ ਜਿਲੇ ਦੀਆਂ ਸਮੂਹ ਮੰਡੀਆਂ ਸ਼ਹਿਰ ਇਸ ਸਮੱਸਿਆ ਦੀ ਮਾਰ ਹੇਠ ਹਨ।
                           ਪਸ਼ੂ ਪਾਲਣ ਵਿਭਾਗ ਵੱਲੋਂ  ਸਾਲ2020 ਦੌਰਾਨ ਕਰਵਾਈ  ਪਸ਼ੂ ਧਨ ਗਣਨਾ ਦੇ ਇਹ ਤਾਜਾ ਤੱਥ ਹਨ ਜਦੋਂਕਿ ਸਮਾਜਿਕ ਤੇ ਕਿਸਾਨ ਆਗੂਆਂ ਨੇ ਹਕੀਕਤ ਕੁੱਝ ਹੋਰ ਦੱਸਿਆ ਹੈ। ਬਠਿੰਡਾ ਸ਼ਹਿਰ ਦੀ ਤਸਵੀਰ ਕਾਫੀ ਭਿਆਨਕ ਹੈ । ਇੱਥੇ ਹਰ ਗਲੀ ਮੁਹੱਲਿਆਂ ’ਚ ਲਾਵਾਰਿਸ ਗਊਆਂ ਜਾਂ ਢੱਠੇ ਦਿਖਾਈ ਦਿੰਦੇ ਹਨ।  ਬਠਿੰਡਾ ਸ਼ਹਿਰ ’ਚ ਤਾਂ ਹਰ ਗਲੀ ‘ਚ ਖਤਰਨਾਕ ਕੁੱਤੇ ਹਕੂਮਤ ਕਰਦੇ ਹਨ। ਕੁੱਤਿਆਂ ਦੀ ਗਿਣਤੀ ਇਸ ਕਰਕੇ ਵਧੀ ਹੈ ਕਿ ਹੁਣ ਜਾਨਵਰਾਂ ਨੂੰ ਮਾਰਨ ਦੀ ਮਨਾਹੀ ਹੈ ।ਹਾਲਾਂਕਿ ਇਹ ਕੁੱਤੇ ਕਾਫੀ ਖੂੰਖਾਰ ਹੋ ਗਏ ਹਨ ਤੇ ਲੋਕਾਂ ਤੇ ਹਮਲੇ ਵੀ ਕਰਦੇ ਹਨ ਪਰ ਮਸਲਾ ਹੱਲ ਨਹੀਂ ਹੋਇਆ ਹੈ। ਸੂਚਨਾ ਅਨੁਸਾਰ ਬਠਿੰਡਾ ਸ਼ਹਿਰ ’ਚ ਕੁੱਤੇ ਅਤੇ ਕੁੱਤੀਆਂ ਮਿਲਾ ਕੇ ਗਿਣਤੀ4900 ਬਣਦੀ ਹੈ।  ਸੂਚਨਾ ’ਚ ਦੱਸਿਆ ਗਿਆ ਹੇ ਕਿ ਭੁੱਚੋ ਮੰਡੀ ’ਚ ਦੋਵਾਂ ਵਰਗਾਂ ਦੀ ਗਿਣਤੀ  210 ਹੈ ਜਦੋਂਕਿ ਗੋਨਿਆਣਾ ’ਚ 150,ਮੌੜ ਮੰਡੀ ’ਚ210, ਰਾਮਾ ਮੰਡੀ ’ਚ190 ਅਤੇ  ਰਾਮਪੁਰਾ ਫੂਲ ’ਚ 210 ਕੁੱਤੇ ਕੁੱਤੀਆਂ ਹਨ।
                           ਇਸੇ ਤਰਾਂ ਹੀ ਕੋਟਫੱਤਾ ’ਚ ਦੋਵਾਂ ਕਿਸਮਾਂ ਦੇ ਜਾਨਵਰਾਂ ਦੀ ਗਿਣਤੀ 60 ਹੈ ਜਦੋਂਕਿ ਸੰਗਤ ਮੰਡੀ ’ਚ 130,ਬਾਲਿਆਂ ਵਾਲੀ ’ਚ 50,ਭਗਤਾ ਭਾਈ ’ਚ 95,ਭਾਈ ਰੂਪਾ ’ਚ 100, ਚਾਉਕੇ ’ਚ 100,ਕੋਟਸ਼ਮੀਰ ’ਚ 90,ਲਹਿਰਾ ਮੁਹੱਬਤ ’ਚ 70, ਮੰਡੀ ਕਲਾਂ ’ਚ 50, ਮਲੂਕਾ ’ਚ 45,ਮਹਿਰਾਜ ’ਚ 90 ,ਨਥਾਣਾ ’ਚ 75,ਰਾਮਪੁਰਾ ਪਿੰਡ ‘ਚ 50 ਅਤੇ ਤਲਵੰਡੀ ਸਾਬੋ ਵਿੱਚ 70 ਕੁੱਤੇ ਕੁੱਤੀਆਂ ਹਨ। ਸੂਚਨਾ ’ਚ ਦੱਸਿਆ ਗਿਆ ਹੈ ਕਿ ਅਵਾਰਾ ਪਸ਼ੂਆਂ ਜਾਂ ਕੁੱਤਿਆਂ ਦੀ ਜਿੰਮੇਵਾਰੀ ਨਗਰ ਨਿਗਮਾਂ,ਮਿਉਂਸਿਪਲ ਕਮੇਟੀਆਂ ਅਤੇ ਨਗਰ ਪੰਚਾਇਤਾਂ ਕੋਲ ਹੁੰਦੀ ਹੈ।
              ਪੰਜਾਬ ਸਰਕਾਰ ਸੰਜੀਦਗੀ ਦਿਖਾਏ
      ਗਾਹਕ ਜਾਗੋ ਦੇ ਜਰਨਲ ਸਕੱਤਰ ਸੰਜੀਵ ਗੋਇਲ ਦਾ ਕਹਿਣਾ ਸੀ ਕਿ ਇੰਨਾਂ ਅਵਾਰਾ ਜਾਨਵਰਾਂ ਅਤੇ ਕੁੱਤਿਆ  ਨੇ ਤਰਥੱਲੀ ਮਚਾ ਰੱਖੀ ਹੈ । ਉਨਾਂ ਆਖਿਆ ਕਿ ਇਹ ਕੁੱਤੇ ਆਮ ਲੋਕਾਂ ‘ਤੇ ਹਮਲਾ ਵੀ ਕਰ ਦਿੰਦੇ ਹਨ ਅਤੇ ਪਿਛਲੇ ਦਸ ਵਰਿਆਂ ਦੌਰਾਨ ਸੈਂਕੜੇ ਲੋਕਾਂ ਨੂੰ ਜ਼ਖਮੀ ਕੀਤਾ ਜਾ ਚੁੱਕਾ ਹੈ। ਉਨਾਂ ਆਖਿਆ ਕਿ ਖਾਸ ਕਰਕੇ ਔਰਤਾਂ ਅਤੇ ਸਕੂਲੀ ਬੱਚਿਆਂ ਲਈ ਇਹ ਆਵਾਰਾ ਕੁੱਤੇ ਤਾਂ ਮੁਸੀਬਤ ਬਣੇ ਹੋਏ ਹਨ। ਸ੍ਰੀ ਗੋਇਲ ਨੇ ਆਖਿਆ ਕਿ ਸਮੱਸਿਆ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਸਰਕਾਰ ਨੂੰ ਵੀ ਹੱਲ ਲਈ ਸੰਜੀਦਗੀ ਦਿਖਾਉਣੀ ਚਾਹੀਦੀ ਹੈ।

           ਬਠਿੰਡਾ ’ਚ ਤਾਂ ਐਸਐਸਪੀ ਤੇ ਮੇਅਰ ਵੀ ਨਿਸ਼ਾਨਾ ਬਣੇ
    ਅਵਾਰਾ ਕੁੱਤਿਆਂ ਦਾ ਬਠਿੰਡਾ ’ਚ ਇਹ ਹਾਲ ਹੈ ਕਿ ਸਾਲ 2017 ’ਚ ਤੱਤਕਾਲੀ ਐਸਐਸਪੀ ਨੂੰ ਅਵਾਰਾ ਕੁੱਤੇ ਨੇ ਵੱਢ ਲਿਆ ਸੀ। ਕੁੱਤੇ ਵੱਲੋਂ ਕੱਟਣ ਉਪਰੰਤ ਸਾਹਬ ਦਾ ਪਾਰਾ ਐਨਾ ਚੜ ਗਿਆ ਕਿ ਗੰਨਮੈਨਾਂ ਨੂੰ ਮੁਆਫੀ ਮੰਗ ਕੇ ਖਹਿੜਾ ਛੁਡਾਉਣਾ ਪਿਆ ਸੀ। ਇਵੇਂ ਹੀ ਹੁਣ ਸਾਬਕਾ ਪਰ ਖਟਨਾ ਵੇਲੇ ਦੇ ਮੇਅਰ ਬਲਵੰਤ ਰਾਏ ਨਾਥ  ਨੂੰ ਵੀ ਕੁੱਤੇ ਨੇ ਕੱਟ ਲਿਆ ਸੀ। ਪਤਾ ਲੱਗਿਆ ਹੈ ਕਿ ਦੋਵਾਂ ਨੂੰ ਟੀਕੇ ਲਗਵਾਉਣੇ ਪਏ ਸਨ।

    ਜਿਲਾ ਪ੍ਰਸ਼ਾਸ਼ਨ ਪੱਕਾ ਹੱਲ ਕਰਵਾਏ
    ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਸਾਬਕਾ ਪਿ੍ਰੰਸੀਪਲ ਬੱਗਾ ਸਿੰਘ  ਦਾ ਕਹਿਣਾ ਸੀ ਕਿ ਜਿਲਾ ਬਠਿੰਡਾ ‘ਚ ਆਵਾਰਾ ਕੁੱਤਿਆਂ ਤੇ ਅਵਾਰਾ ਪਸੂਆਂ  ਦੀ ਸ਼ਹਿਰ ਵਿੱਚ ਆਬਾਦੀ ਕਾਫੀ ਵੱਧ ਗਈ ਹੈ। ਉਨਾਂ ਆਖਿਆ ਕਿ ਇੰਨਾਂ ਕਰਕੇ ਲੋਕਾਂ ਨੂੰ ਸੜਕ ਹਾਦਸਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਕੁੱਤੇ ਦੇ ਕੱਟੇ ਲੋਕ ਟੀਕੇ ਲਗਵਾਉਣ ਲਈ ਮਜਬੂਰ ਹਨ। ਉਨਾਂ ਆਖਿਆ ਕਿ ਜਿਲਾ ਪ੍ਰਸ਼ਾਸ਼ਨ ਇਸ ਸਮੱਸਿਆ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਏ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!