ਅਸੀਂ ਵੀ ਤਾਰੇ ਇਸ਼ਕੇ ਦੇ
ਪਏ ਸਾਂ ਮਾਰੇ ਇਸ਼ਕੇ ਦੇ
ਇੱਕੋ ਰੰਗ ਨਾ ਉਠਣ ਦੇਂਦਾ
ਰੰਗ ਹਜ਼ਾਰੇ ਇਸ਼ਕੇ ਦੇ
ਹੰਝੂਆਂ ਦੇ ਨਾਲ ਲਿੰਬਾ ਕੰਦਾ
ਕਰ-ਕਰ ਗਾਰੇ ਇਸ਼ਕੇ ਦੇ
ਮਰਨੋ ਮਸਤੀ ਨਾ ਪਰ ਮਰਦੀ
ਉਤੇ ਆਰੇ ਇਸ਼ਕੇ ਦੇ
ਚੜ੍ਹਨ ਖਿਆਲ ਦੀ ਪਾਉੜੀ ਲਾ
ਯਾਰ ਚੁਬਾਰੇ ਇਸ਼ਕੇ ਦੇ
ਬੰਦ ਨੈਣ ਹੀ ਗਿਣ ਲੈਂਦੇ ਨੇ
ਆਸ਼ਕ ਤਾਰੇ ਇਸ਼ਕੇ ਦੇ
ਬਾਹਰ ਨੇ ਗੱਲਾਂ ਕਹਿਣੇ ਤੋ
ਵਿੱਚ ਸੋਚੀਂ ਸਾਰੇ ਇਸ਼ਕੇ ਦੇ
ਡੋਬ ਇਸ਼ਕ ਦੀ ਜੰਨਤ ਬਖਸ਼ੇ
ਸੋਚ ਕਿਨਾਰੇ ਇਸ਼ਕੇ ਦੇ?
ਗਰਮ ਹਵਾ ਦੇ ਬੁੱਲੇ ਵੀ
ਨੇ ਸੀਤ ਹੁਲ੍ਹਾਰੇ ਇਸ਼ਕੇ ਦੇ
ਕੱਖਾਂ ਦੀ ਵੀ ਕੁੱਲੀ ਗਾਵੇ
ਗੀਤ ਮੁਨਾਰੇ ਇਸ਼ਕੇ ਦੇ
ਪਿਆਰ ਦੀ ਬਾਜ਼ੀ ਜਿੱਤਣ “ਰਾਵੀ”
ਦਿਲ ਤੋਂ ਹਾਰੇ ਇਸ਼ਕੇ ਦੇ
ਗਲੀਆਂ ਦੇ ਵਿੱਚ ਨੱਚਦੇ ਤਾਂ ਵੀ
ਤੋਹਮਤ ਮਾਰੇ ਇਸ਼ਕੇ ਦੇ
ਕੁਝ ਨੇ ਸੱਚੇ, ਤੇ ਕੁਝ ਨੇ ਝੂਠੇ
ਪਰ ਵਿੱਚ ਸਾਰੇ ਇਸ਼ਕੇ ਦੇ
ਇਸ਼ਕ ਨਾ ਹਲਕ ਵਜੂਦੀਂ ਹੁੰਦਾ
ਪੈਰ ਨੇ ਭਾਰੇ ਇਸ਼ਕੇ ਦੇ
-ਰਾਵੀ ਕੌਰ