ਰਾਜਵਿੰਦਰ ਰੌਂਤਾ
ਜਿਉਂ ਜਿਉਂ ਦੁਨੀਆਂ ਜਿਆਦਾ ਤਰੱਕੀ ਕਰ ਰਹੀ ਹੈ ਤਿਉਂ ਤਿਉਂ ਸਾਇੰਸ ਦੇ ਲਾਭ ਹਾਨ ਦਾ ਪਤਾ ਲੱਗਦਿਆਂ ਲੋਕ ਆਪਣੇ ਪਿਛੋਕੜ ਵੱਲ ਵੀ ਮੁੜ ਰਹੇ ਹਨ।ਕਿਸੇ ਸਮੇਂ ਅਧੁਨਕੀਕਰਨ ਨੇ ਲੋਕਾਂ ਦਾ ਮੋਹ ਮਿੱਟੀ ਦੇ ਭਾਂਡਿਆਂ ਨਾਲੋਂ ਭੰਗ ਕਰ ਦਿੱਤਾ ਸੀ ਲੋਕਾਂ ਨੇ ਪੁਰਾਣੀਆਂ ਧਾਤਾਂ ਤਾਂਬਾਂ, ਪਿੱਤਲ ਦੇ ਭਾਂਡਿਆਂ ਨੂੰ ਨਕਾਰ ਕੇ ਬੋਰੀਆਂ ਵਿੱਚ ਹੀ ਪਾ ਕੇ ਰੱਖ ਦਿੱਤਾ ਸੀ। ਮਿੱਟੀ ਦੇ ਭਾਂਡੇ ਸਾਡੀ ਰਸੋਈ ਦਾ ਸ਼ਿੰਗਾਰ ਹੁੰਦੇ ਸਨ। ਉਸ ਥਾਂ ਤੇ ਸਟੀਲ ਤੇ ਨਵੀਆਂ ਧਾਤਾਂ ਦੇ ਬਰਤਨਾਂ ਨੇ ਲੈ ਲਈ ਸੀ ਅਤੇ ਮਿੱਟੀ ਦੇ ਭਾਂਡੇਬਣਾਉਣ ਵਾਲਿਆਂ ਨੂੰ ਰੋਟੀ ਦੇ ਲਾਲੇ ਪੈ ਚੱਲੇ ਸਨ। ਪਰ ਹੁਣ ਫ਼ਿਰ ਲੋਕਾਂ ਦਾ ਝੁਕਾਅ ਦੇਸੀ ਸੱਭਿਆਚਾਰ ਵੱਲ ਹੋ ਰਿਹਾ ਹੈ।
ਮਿੱਟੀ ਦੇ ਬਰਤਨਾਂ ਦੀ ਵਰਤੋਂ ਕਰਨ ਦਾ ਰੁਝਾਨ ਸ਼ੁਰੂ ਹੋਣ ਨਾਲ ਪਰਜਾਪਤ ਬਰਾਦਰੀ ਦੇ ਲੋਕਾਂ ਦੇ ਚਿਹਰਿਆਂ ਤੇ ਰੌਣਕ ਪਰਤੀ ਹੈ। ਗਰਮੀਂ ਦੀ ਬਹੁਤਾਤ ਕਾਰਨ ਮਿੱਟੀ ਦੇ ਭਾਂਡਿਆਂ ਦੀ ਮੰਗ ਵਧੀ ਹੋਈ ਹੈ । ਭਾਂਡੇ ਬਣਾਉਣ ਵਾਲੇ ਲੋਕ ਬਾਹਰ ਤੋਂ ਵੀ ਭਾਂਡੇ ਮੰਗਵਾ ਕੇ ਵੇਚ ਰਹੇ ਜਿਸ ਨਾਲ ਉਨ੍ਹਾਂ ਦੇ ਰੋਜ਼ਗਾਰ ਨੂੰ ਵੀ ਬਲ ਮਿਲ ਰਿਹਾ ਹੈ।ਗਲੀ ਗਲੀ ਪਿੰਡ ਪਿੰਡ ਜਾ ਕੇ ਭਾਂਡੇ ਵੇਚਣ ਵਾਲਿਆਂ ਦੇ ਵੀ ਦਿਨ ਫ਼ਿਰੇ ਹੋਏ ਹਨ। ਖਾਸ ਤੌਰ ਤੇ ਮਿੱਟੀ ਦੇ ਘੜੇ,ਝੱਜਰ,ਗਾਗਰ ਆਦਿ ਦਾ ਠੰਡਾ ਪਾਣੀ ਪੀਣ ਲਈ ਵਰਤੋਂ ਹੋਣ ਲੱਗ ਪਈ ਹੈ ਪਹਿਲਾਂ ਘੜੇ ,ਝੱਜਰ ਆਦਿ ਗਰੀਬ ਘਰਾਂ ਦੀ ਮਿੱਟੀ ਦੀ ਫ਼ਰਿੱਜ਼ ਕਰਕੇ ਜਾਣੇ ਜਾਂਦੇ ਹੁਣ ਇਹ ਬਰਤਨ ਚੰਗੇ, ਸਰਦੇ ਘਰਾਂ ਦੀ ਵੀ ਪਸੰਦ ਬਣ ਰਹੇ ਹਨ। ਸਿਹਤ ਤੇ ਲੋਕਾਂ ਨਾਲ ਜੁੜੇ ਡਾ ਸੁਖਵਿੰਦਰ ਸਿੰਘ,ਡਾ ਗੁਰਪ੍ਰਤਾਪ ਸਿੰਘ,ਯੋਗਿਤਾ ਜੋਸ਼ੀ,ਮਦਨ ਲਾਲ ਰੌਂਤਾ, ਕਾਨੂੰਨਗੋ ਜਸਪਾਲ ਬਰਾੜ ,ਰਾਜਵਿੰਦਰ ਰੌਂਤਾ ਨੇ ਕਿਹਾ ਕਿ ਸਾਨੂੰ ਮਿੱਟੀ ਦੇ ਬਰਤਣ ਖਾਣ ਪੀਣ ਲਈ ਵਰਤਣੇ ਚਾਹੀਦੇ ਹਨ ਜੋ ਕਿ ਸਿਹਤ ਲਈ ਵਧੀਆ ਤੇ ਜ਼ਹਿਰ ਮੁਕਤ ਗਿਣੇ ਜਾਂਦੇ ਹਨ।