4 C
United Kingdom
Friday, March 6, 2026

More

    ਨਾਵਲ- ‘ਬੋਦੀ ਵਾਲ਼ਾ ਤਾਰਾ ਚੜ੍ਹਿਆ’ (9)

    ਕਾਂਡ 9

    ਸਵੇਰ ਹੋਣ ਸਾਰ ਨੇਕਾ ਕੰਮ ਲੱਭਣ ਤੁਰ ਪੈਂਦਾ। ਪਰ ਆਥਣ ਤੱਕ ਉਸ ਦੇ ਨਿਰਾਸ਼ਾ ਹੀ ਪੱਲੇ ਪੈਂਦੀ। ਅਖੀਰ ਥੱਕ-ਹਾਰ ਕੇ ਉਹ ਘਰ ਪਰਤ ਆਉਂਦਾ। ਪਤਾ ਤਾਂ ਜੰਗੀਰੋ ਨੂੰ ਵੀ ਸੀ ਕਿ ਕੰਮ ਨਾ ਮਿਲਣ ਕਾਰਨ ਨੇਕਾ ਹਿੰਮਤ ਹਾਰਦਾ ਜਾ ਰਿਹਾ ਹੈ। ਪਰ ਵੱਸ ਤਾਂ ਕੋਈ ਜੰਗੀਰੋ ਦੇ ਵੀ ਨਹੀਂ ਸੀ।
    -“ਹੁਣ ਮੈਂ ਕੰਮ ਪੁੱਛਣ ਨਿਕਲਿਆ ਕਰੂੰਗੀ, ਕੀ ਐ ਮੈਨੂੰ ਕੋਈ ਕੰਮ ਮਿਲ਼ ਜਾਵੇ…?” ਜੰਗੀਰੋ ਨੇ ਨੇਕੇ ਦਾ ਦਿਲ ਜਿਹਾ ਰੱਖਣ ਲਈ ਕਿਹਾ।
    -“ਨਹੀਂ ਜੰਗੀਰੋ…! ਜਿੰਨਾਂ ਚਿਰ ਮੈਂ ਆਂ, ਓਨਾਂ ਚਿਰ ਤੂੰ ਚੁੱਪ ਕਰ ਕੇ, ਟਿਕ ਕੇ ਘਰ ਬੈਠ…! ਮੇਰੇ ਹੁੰਦੇ ਤੂੰ ਧੱਕੇ ਖਾਵੇਂ, ਇਹ ਮੈਥੋਂ ਨੀ ਜਰਿਆ ਜਾਣਾ…!”
    -“ਕੰਮ ਦੀ ਕੋਈ ਸ਼ਰਮ ਥੋੜ੍ਹੋ ਹੁੰਦੀ ਐ…? ਕੰਮ ਤਾਂ ਬੰਦੇ ਦਾ ਕਰਮ ਐਂ…!”
    -“ਚਾਹੇ ਕੁਛ ਹੋਵੇ, ਪਰ ਮੇਰੇ ਹੁੰਦੇ ਤੂੰ ਕਿਤੇ ਵੀ ਕੰਮ ਪੁੱਛਣ ਨੀ ਜਾਣਾ…!” ਉਸ ਨੇ ਕਰੜਾ ਹੋ ਕੇ ਕਿਹਾ।
    -“…………..।” ਜੰਗੀਰੋ ਚੁੱਪ ਰਹੀ।
    -“ਹਾਂ, ਜੇ ਤੈਨੂੰ ਕਿਤੇ ਮੇਰੇ ਨਾਲ਼ ਕੰਮ ਮਿਲ਼ ਜਾਵੇ, ਫ਼ੇਰ ਮੇਰੇ ਮਨ ‘ਤੇ ਕੋਈ ਬੋਝ ਵੀ ਨਹੀਂ ਹੋਣਾਂ…!”
    ਅਗਲੇ ਦਿਨ ਕੰਮ ਭਾਲਣ ਗਏ ਨੇਕੇ ਨੂੰ ਇੱਕ ‘ਦਲਾਲ’ ਮਿਲਿਆ।
    ਭੂਰੀ ਕੀੜੀ ਵਰਗੀ ਅੱਖ ਵਾਲ਼ਾ ਬੰਦਾ ਦਲਾਲ ਘੱਟ ਪਰ ‘ਦੱਲਾ’ ਜ਼ਿਆਦਾ ਲੱਗਦਾ ਸੀ।
    -“ਕੀ ਨਾਂ ਏ ਆਪਣਾ…?”
    -“ਨੇਕਾ…!”
    -“ਦੇਖ ਮਿੱਤਰਾ ਨੇਕਾ ਸਿਆਂ…! ਕੰਮ ਤਾਂ ਦਿਆਂਗਾ, ਲੈ…! ਪਰ ਮੇਰੀ ਇੱਕ ਸ਼ਰਤ ਐ…!”
    -“ਬੋਲ ਬਾਈ…?”
    -“ਸੌ ਹੱਥ ਰੱਸਾ ਤੇ ਸਿਰੇ ‘ਤੇ ਗੰਢ, ਕੰਮ ਤਾਂ ਤੈਨੂੰ ਪਤੈ ਬਈ ਸਾਡਾ ਵੀ ਮੰਦੈ, ਕੰਮ ਤਾਂ ਮਿਲ਼ ਜਾਊਗਾ, ਪਰ ਹਿੱਸਾ ਆਪਣਾ ਅੱਧਾ-ਅੱਧਾ…!”
    ਸੁਣ ਕੇ ਨੇਕੇ ਨੂੰ ਚੱਕਰ ਆਇਆ।
    ਉਸ ਦੀ ਦਿਨ ਦਿਹਾੜੇ ਲੁੱਟ ਹੋ ਰਹੀ ਸੀ।
    -“ਆਹ ਤਾਂ ਯਾਰ ਬਾਈ, ਧੱਕੈ…!”
    -“ਫ਼ੇਰ ਤੇਰੀ ਮਰਜ਼ੀ ਐ ਨੇਕਾ ਸਿਆਂ…!” ਦਲਾਲ ਤੁਰ ਚੱਲਿਆ।
    ਪਰ ਨੇਕੇ ਨੇ ਸੋਚਿਆ ਕਿ ਕੰਮ ਕਿਹੜਾ ਮਿਲ਼ਦੇ ਐ, ਉਸ ਨੇ ਦਲਾਲ ਦੀ ਬਾਂਹ ਜਾ ਫ਼ੜੀ।
    -“ਬਾਈ ਗੱਲ ਤਾਂ ਸੁਣ…!”
    ਦਲਾਲ ਰੁਕ ਗਿਆ।
    ਭਾਂਪ ਉਸ ਨੇ ਵੀ ਲਿਆ ਸੀ ਕਿ ਬੰਦਾ ਫ਼ਸਿਆ ਮਾਰ ਜ਼ਰੂਰ ਖਾਊਗਾ।
    -“ਚੱਲ ਆਪਾਂ ਇਉਂ ਕਰਦੇ ਐਂ!”
    -“ਦੱਸ….?” ਦਲਾਲ ਨੂੰ ਬੰਦਾ ਪੜ੍ਹਨਾ ਅਤੇ ਵਰਤਣਾ ਆਉਂਦਾ ਸੀ।
    -“ਚੱਲ ਜੇ ਸੌ ਦੀ ਦਿਹਾੜੀ ਮਿਲ਼ੀ, ਓਸ ‘ਚੋਂ ਤੀਹ ਤੇਰੇ ਤੇ ਸੱਤਰ ਮੇਰੇ…!”
    -“ਚੱਲ ਅੱਧੀ ਤੇਰੀ ਮੰਨੀ ਤੇ ਅੱਧੀ ਤੂੰ ਮੇਰੀ ਮੰਨ…!”
    -“ਬੋਲ਼…?”
    -“ਸੌ ‘ਚੋਂ ਚਾਲ਼ੀ ਮੇਰੇ ਤੇ ਸੱਠ ਤੇਰੇ…!”
    -“ਚੱਲ ਯਾਰ ਠੀਕ ਐ…!” ਨੇਕੇ ਨੇ ਜਾਂਦੇ ਚੋਰ ਦੀ ਤੜਾਗੀ ਨੂੰ ਹੀ ਆਪਣੀ ਪ੍ਰਾਪਤੀ ਮੰਨ ਲਿਆ। ਮਜਬੂਰੀ ਦਾ ਨਾਂ ‘ਮਾਸੀ’ ਸੀ।
    ਉਸ ਦਿਨ ਤੋਂ ਨੇਕੇ ਦਾ ਕੰਮ ਚੱਲ ਪਿਆ। ਚਾਹੇ ਉਸ ਨੂੰ ਅੱਧੋ-ਰਾਣੀ ਦਿਹਾੜੀ ਹੀ ਮਿਲ਼ਦੀ ਸੀ। ਪਰ ਘਰ ਦਾ ਖਰਚ ਤੁਰਨ ਲੱਗ ਪਿਆ ਸੀ।
    ਦੀਵਾਲ਼ੀ ਨੇੜੇ ਆ ਰਹੀ ਸੀ। ਨੇਕਾ ਸਵੇਰੇ ਸੂਰਜ ਚੜ੍ਹਦੇ ਸਾਰ ਹੀ ਕੰਮ ‘ਤੇ ਚਲਿਆ ਜਾਂਦਾ ਅਤੇ ਸੂਰਜ ਦੀ ਟਿੱਕੀ ਛੁਪਦੀ ਨੂੰ ਘਰ ਵੜਦਾ।
    ਸਾਰੀ ਦਿਹਾੜੀ ਘਰੇ ਵਿਹਲੀ, ਮੱਖੀਆਂ ਮਾਰਦੀ ਜੰਗੀਰੋ ਅੱਕ ਗਈ।
    -“ਮੈਨੂੰ ਵੀ ਕੋਈ ਕੰਮ ਭਾਲ਼ ਦੇਹ…! ਹੁਣ ਮੇਰੇ ਤੋਂ ਵੀ ਸਾਰੀ ਦਿਹਾੜੀ ਘਰੇ ਰਹਿ ਨੀ ਹੁੰਦਾ…!”
    -“ਮੈਂ ਪੁੱਛਦੈਂ ਠੇਕੇਦਾਰ ਨੂੰ…! ਜੇ ਕੰਮ ਹੋਇਆ, ਤੂੰ ਮੇਰੇ ਨਾਲ਼ ਈ ਚੱਲ ਪਿਆ ਕਰੀਂ…! ਪਰ ਮੇਰੇ ਸਾਲ਼ੇ ਦੀ ਨੀਅਤ ਬਹੁਤ ਖੋਟੀ ਐ, ਸੌ ‘ਚੋਂ ਚਾਲ਼ੀ ਲੈ ਜਾਂਦੈ…!”
    -“ਚੱਲ ਜਿਹੜਾ ਕਰਮਾਂ ‘ਚ ਲਿਖਿਐ, ਓਹੀ ਮਿਲਣੈਂ, ਤੂੰ ਝੋਰਾ ਨਾ ਲਾ ਮਨ ਨੂੰ…!”
    -“ਮੇਰੇ ਮਨ ‘ਚ ਇੱਕ ਹੋਰ ਸਕੀਮ ਐਂ, ਜੰਗੀਰੋ…!”
    -“ਕੀ…?”
    -“ਆਪਾਂ ਮਹੀਨਾਂ ਕੁ ਦੱਬ ਕੇ ਕੰਮ ਕਰੀਏ ਤੇ ਆਪਣੀ ਛੋਟੋ ਕੋਲ਼ੇ ਚੱਲੀਏ…!”
    -“ਛੋਟੋ ਕੋਲ਼ੇ…?” ਜੰਗੀਰੋ ਜਿਵੇਂ ਕਿਸੇ ਸਦਮੇਂ ‘ਚੋਂ ਬੋਲੀ ਸੀ।
    -“ਛੋਟੋ ਕੋਈ ਬਿਗਾਨੀ ਥੋੜ੍ਹੋ ਐ….? ਆਪਣੀ ਨਿੱਕੀ ਭੈਣ ਐਂ, ਕਮਲ਼ੀਏ…!”
    -“ਮੈਂ ਦੁਨੀਆਂ ਤੋਂ ਸਾਰਾ ਕੁਛ ਅਖਵਾ ਲਊਂਗੀ, ਨੇਕਿਆ…! ਤੇਰੀ ਖਾਤਰ ਦੁਨੀਆਂ ਛੱਡ ਦਿੱਤੀ, ਤੇ ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਤੇਰੀ ਆਂ, ਪਰ ਮੈਂ ਤੇਰੀ ਰਖੇਲ ਨੀ ਅਖਵਾ ਸਕਦੀ…!”
    ਨੇਕਾ ਉਚੀ-ਉਚੀ ਹੱਸ ਪਿਆ।
    -“ਐਸੇ ਕਰ ਕੇ ਨੀ ਜਾਂਦੀ…? ਜਾਹ ਸਾਲ਼ੇ ਦੀ ਯਧ ਕਮਲ਼ੀ…! ਛੋਟੋ ਨੀ ਤੈਨੂੰ ਕੁਛ ਕਹਿੰਦੀ…! ਉਹ ਤਾਂ ਕੁੜੀ ਈ ਬਹੁਤ ਸਤਿਯੁਗੀ ਐ, ਓਹਦੀ ਚਿੰਤਾ ਨਾ ਕਰ…!”
    -“………….।” ਜੰਗੀਰੋ ਚੁੱਪ ਸੀ।
    ਪਰ ਪਤਾ ਨਹੀਂ ਕਿਉਂ ਉਸ ਦਾ ਅੰਦਰ ਕੰਬ ਰਿਹਾ ਸੀ? ਪਤਾ ਨਹੀਂ ਕਿਉਂ ਉਸ ਦਾ ਛੋਟੋ ਕੋਲ਼ ਜਾਣ ਨੂੰ ਮਨ ਨਹੀਂ ਮੰਨ ਰਿਹਾ ਸੀ।
    -“ਜੇ ਤੇਰਾ ਓਥੇ ਜੀਅ ਨਾ ਲੱਗਿਆ, ਆਪਾਂ ਗਾਂਹਾਂ ਤੁਰਪਾਂਗੇ, ਓਥੇ ਆਪਾਂ ਨੂੰ ਕੋਈ ਬਾਨ੍ਹ ਥੋੜ੍ਹੋ ਐ…? ਤੂੰ ਚਿੰਤਾ ਕਾਹਦੀ ਕਰਦੀ ਐਂ..?” ਨੇਕੇ ਨੇ ਉਸ ਨੂੰ ਗਲਵਕੜੀ ਵਿਚ ਲੈ ਲਿਆ।
    -“ਹੁਣ ਆਪਾਂ ਨਿੱਤ ਜੁੱਲੀਆਂ ਚੱਕੀ ਦਰ-ਦਰ ਭਟਕਦੇ ਰਹਾਂਗੇ…? ਨਾਲ਼ੇ ਮੈਂ ਆਪਦੇ ਜਨੌਰ ਛੱਡ ਕੇ ਨੀ ਜਾਣਾ ਚਾਹੁੰਦੀ…! ਉਹ ਤਾਂ ਮੇਰੇ ਆਸਰੇ ਈ ਜਿਉਂਦੇ ਐ, ਓਦਰ ਜਾਣਗੇ ਮੇਰੇ ਬਿਨਾ…!” ਜੰਗੀਰੋ ਦਾ ਕਾਲ਼ਜਾ ਅਜੇ ਵੀ ਕੰਬੀ ਜਾ ਰਿਹਾ ਸੀ।
    -“ਧਰਮ ‘ਨਾ ਜਮਾਂ ਈ ਕਮਲ਼ੀ ਐਂ…! ਸਿਰੇ ਦੀ ਕਮਲ਼ੀ…! ਤੇਰੀ ਖਾਤਰ ਜਾਨ ‘ਲਲਾਮ ਕਰਦੂੰ, ਤੂੰ ਝੋਰਾ ਕਿਹੜੀ ਗੱਲ ਦਾ ਕਰਦੀ ਐਂ…? ਤੈਨੂੰ ਚੜ੍ਹਨ ਆਲ਼ਾ ਤਾਪ ਪਹਿਲਾਂ ਮੇਰੇ ਮੋਛੇ ਪਾਊ…! ਆਬਦੇ ਪੰਛੀਆਂ ਦੀ ਚਿੰਤਾ ਨਾ ਕਰ…! ਤੇਰੇ ਆਉਣ ਤੋਂ ਪਹਿਲਾਂ ਵੀ ਓਹਨਾਂ ਦਾ ਰੱਬ ਸੀ, ਤੇ ਤੇਰੇ ਜਾਣ ਤੋਂ ਬਾਅਦ ਵੀ ਓਹਨਾਂ ਦਾ ਰੱਬ ਈ ਹੋਊਗਾ…!” ਉਹ ਨੇਕੇ ਦੀ ਭੋਲ਼ੀ ਗੱਲ ‘ਤੇ ਹੱਸ ਪਈ।
    ਅਗਲੇ ਦਿਨ ਕੰਮ ਤੋਂ ਬਾਅਦ ਨੇਕਾ ਸੱਥ ਵਿਚ ਜਾ ਕੇ ਬੈਠ ਗਿਆ।
    ਇੱਥੇ ਹੁਣ ਉਹ ਕਾਫ਼ੀ ਲੋਕਾਂ ਨੂੰ ਜਾਨਣ ਲੱਗ ਪਿਆ ਸੀ। ਸੱਥ ਦੇ ਬੋਹੜ ਦੇ ਦੁਆਲੇ ਬਣਿਆ ਇੱਟਾਂ ਅਤੇ ਸੀਮਿੰਟ ਦਾ ਮਜਬੂਤ ਚਬੂਤਰਾ ਬਣਿਆਂ ਹੋਇਆ ਸੀ। ਗਰਮੀ ਦੀ ਰੁੱਤ ਵਿਚ ਬੁੱਢੇ ਬੋਹੜ ਦੀ ਠੰਢੀ-ਠੰਢੀ ਛਾਂ ਹਰ ਇੱਕ ਨੂੰ ਮਾਂ ਦੀ ਅਸੀਸ ਵਰਗੀ ਜਾਪਦੀ ਸੀ! ਇਸ ਕਰਮਾਂ ਵਾਲੀ ਛਾਂ ਹੇਠ, ਛੇ ਸਾਲ ਦੀ ਉਮਰ ਤੋਂ ਲੈ ਕੇ ਅੱਸੀ ਸਾਲ ਦੀ ਉਮਰ ਦੇ ਬਜ਼ੁਰਗਾਂ ਤੱਕ ਇਕੱਤਰ ਹੁੰਦੇ। ਇਸ ਛਾਂ ਵਿਚ ਇਤਨਾ ਜਾਦੂ ਸੀ ਕਿ ਸਾਰੇ ਜ਼ਾਤ-ਪਾਤ ਅਤੇ Ḕਤੇਰ – ਮੇਰḔ ਦੇ ਅਰਥ ਭੁੱਲ ਜਾਂਦੇ। ਬੱਸ…! ਚੇਤੇ ਰਹਿ ਜਾਂਦਾ, ਹੱਸਣਾ-ਖੇਡਣਾ ਅਤੇ ਲੱਤੋ-ਲੱਤੀ ਹੋਣਾ।
    -“ਉਏ ਆ ਬਈ ਬੀਘੜਾ, ਕੀ ਹਾਲ ਐ…?” ਬਚਿੰਤੇ ਬੁੜ੍ਹੇ ਨੇ ਪੁੱਛਿਆ।
    -“ਲੋਟ ਐ, ਬਾਬਾ…!”
    -“ਬੀਘੜਾ…! ਮੱਲਾ ਇੱਕ ਗੱਲ ਪੁੱਛਾਂ…?”
    -“ਬਾਬਾ ਕੋਈ ਪੁੱਠੀ ਗੱਲ ਨਾ ਕਰੀਂ…।”
    -“ਹੈ ਕਮਲਾ…! ਪੁੱਠੀ ਗੱਲ ਕਿਉਂ ਕਰੂੰ…?”
    -“ਪੁੱਛ ਬਾਬਾ ਫੇਰ…!”
    -“ਅੱਜ ਤੇਰੀ ਬੇਬੇ ਫ਼ੁਲਕਾਰੀ ਉਤੇ ਲੈ ਕੇ ਵੀਹੀਆਂ ‘ਚ ਗੇੜੇ ਕਾਹਤੋਂ ਦਿੰਦੀ ਫਿਰਦੀ ਸੀ…? ਦੇਖਿਓ ਮੱਲੋ ਕਿਤੇ ਥੋਡਾ ਚੁੱਲ੍ਹਾ ਨਾ ਠੰਢਾ ਕਰਜੇ..?”
    ਹਾਸੜ ਪੈ ਗਈ।
    -“ਬਾਬਾ, ਮੈਨੂੰ ਪਹਿਲਾਂ ਈ ਪਤਾ ਸੀ ਬਈ ਤੂੰ ਕੋਈ ਲੁੱਚੀ ਗੱਲ ਈ ਕਰੇਂਗਾ…।”
    -“ਮੱਲਾ, ਪੁੱਛਣ ‘ਚ ਕੋਈ ਹਰਜ ਤਾਂ ਨ੍ਹੀ….?”
    -“ਉਏ ਬਾਬਾ…! ਕਿਉਂ ਮਗਜ ਮਾਰੀਆਂ ਕਰਦਾ ਹੁੰਨੈਂ? ਮੇਰੀ ਬੇਬੇ ਦੇ ਤਾਂ ਛਪਾਕੀ ਲਿੱਕਲੀ ਵੀ ਸੀ, ਡਾਕਦਾਰ ਤੋਂ ਕੋਈ ਗੋਲੀ ਗੱਪਾ ਲੈਣ ਗਈ ਹੋਊ…।”
    -“ਪਰ੍ਹਭਾਂ ਦੀ ਖ਼ੈਰ ਹੋਵੇ…!” ਬਾਬੂ ਮਰਾਸੀ ਖੱਚਰ ਲੈ ਕੇ ਆ ਗਿਆ।
    -“ਪਰ੍ਹਭਾ ਖੱਚਰ ਦੇ ਦੋ ਪੈਰ ਦਿਖਾ…!”
    -“ਨਹੀਂ ਪਰ੍ਹਭਾ..! ਮੇਰਾ ਸੰਦ ਜਿਆ ਬਣਿਆ ਵਿਐ, ਰਹਿਣ ਦਿਓ ਦੋ ਪੈਰ ਦੇਖਣ ਨੂੰ, ਖੱਚਰ ਮਾੜੀ ਐ, ਨਾ ਮੇਰੇ ਬੀਰ, ਡਿੱਗਪੂਗੀ..।”
    -“ਨਹੀਂ ਪਰ੍ਹਭਾ…! ਇਹਦੇ ਦੋ ਪੈਰ ਜਰੂਰ ਦੇਖਣੇ ਐਂ, ਨਹੀਂ ਐਤਕੀਂ ਲਾਂਗਾ ਨ੍ਹੀ ਦੇਣਾ, ਫੇਰ ਹਾੜ੍ਹੇ ਨਾ ਕੱਢੀਂ, ਦੇਖ ਲੈ…!”
    ਬਾਬੂ ਮਰਾਸੀ ਨੇ ਖੱਚਰ ਦੇ ਅੱਡੀ ਮਾਰੀ। ਟੈਰ ਵਿਚਾਰੇ ਦੀ ਮਾੜੀ ਸੀ, ਮੋਸ਼ਨ ਫੜਨ ਦੀ ਵਜਾਏ, ਥਾਂ ‘ਤੇ ਹੀ “ਦਾਅੜ” ਕਰਦੀ ਡਿੱਗ ਪਈ। ਬਾਬੂ ਮੀਰ ਦੁਹਾਈ ਦੇਣ ਲੱਗ ਪਿਆ, “ਲਓ ਖਸਮੋਂ…! ਇਹਦੇ ਚਾਰੇ ਪੈਰ ਈ ਦੇਖ ਲਓ…!” ਟੈਰ ਦੀਆਂ ਚਾਰੇ ਟੰਗਾਂ ਹੀ ਉਤਾਂਹ ਹੋ ਗਈਆਂ ਸਨ।
    -“ਉਏ ਸੱਘਿਆ…! ਤੂੰ ਕਿਮੇਂ ਬੁੜ-ਬੁੜ ਕਰਦਾ ਆਉਨੈਂ…?” ਕਿਸੇ ਨੇ ਅਮਲੀ ਨੂੰ ਪੁੱਛਿਆ।
    -“ਕਾਹਦੀ ਗੱਲ ਐ ਯਾਰ…? ਦਲੀਪ ਦਰਜੀ ਨੇ ਨਮੀਂ ਹੱਟੀ ਪਾਈ ਐ ਨਾ…?”
    -“ਆਹੋ..!”
    -“ਪਰਸੋਂ ਦਾ ਕੋਈ ਗਾਹਕ ਨ੍ਹੀ ਆਇਆ…! ਤੇ ਭਾਈ ਮੈਂ ਪੰਜ ਸੇਰ ਕਣਕ ਲੈ ਕੇ ਜਾ ਫਸਿਆ…! ਪੂਰੀ ਪੰਜ ਸੇਰ ਕਣਕ ਤੁਲਵਾ ਕੇ ਮੈਂ ਪੁੱਛਿਆ: ਕਿੰਨੇ ਦੀ ਐ…? ਕਹਿੰਦਾ ਅਖੇ ਪੰਜ ਆਨੇ ਦੀ…! ਮੈਂ ਕਿਹਾ ਕੁੱਤੀਏ ਜਾਤੇ…! ਪਸੇਰੀ ਕਣਕ ਪੰਜ ਆਨੇ ਦੀ ਕਿਮੇਂ ਓਏ…? ਤੇ ਮੈਨੂੰ ਬਣਾ ਸਮਾਰ ਕੇ ਕਹਿੰਦਾ, ਅਖੇ ਮੈਂ ਵੀ ਪਰਸੋਂ ਦਾ ਵਿਹਲਾ ਬੈਠੈਂ, ਤੈਥੋਂ ਈ ਪੂਰੇ ਕਰਨੇ ਐਂ…! ਤੇ ਚੱਕ ਮੇਰੇ ਭਾਈ! ਕੰਜਰ ਪਸੇਰੀ ਕਣਕ ਨੂੰ ਉੜਦੂ ਲਾ ਗਿਆ…! ਤੇ ਜਦੋਂ ਮੈਂ ਘਰੇ ਆਇਆ ਤਾਂ ਨਿੱਕੀ ਦੀ ਬੇਬੇ ਨੇ ਖੌਂਸੜਾ ਲਾਹ ਲਿਆ…!”
    -“ਉਏ ਕਬੀਛਰਾ…!” ਨਹਿੰਗ ਸਿੰਘ ਨੇ ਉਭੜਵਾਹਿਆਂ ਵਾਂਗ ਛੋਟੇ ਬਹਿਵਤੀ ਨੂੰ ਕਿਹਾ। ਬਹਿਵਤੀ ਤੁਕਾਂ ਜੋੜਨ ਵਿਚ ਬੜਾ ਮਾਹਿਰ ਸੀ। ਜਿਸ ਕਰਕੇ ਸਾਰੇ ਪਿੰਡ ਵਾਲੇ ਉਸ ਨੂੰ ‘ਕਵੀਸ਼ਰ’ ਕਹਿੰਦੇ ਸਨ।
    -“ਹਾਂ ਬਾਬਾ…?”
    -“ਗੱਜਣ ਤੇ ਬਾਰੂ ‘ਕੱਠੇ ਤੁਰੇ ਆਉਂਦੇ ਐ, ਇਹਨਾਂ ‘ਤੇ ਕਬੀਛਰੀ ਜੋੜ…!”
    -“ਨਾ ਬਈ ਬਾਬਾ, ਕੁੱਟਣਗੇ! ਇਹ ਤਾਂ ਪਤੰਦਰ ਕੱਬੇ ਵੀ ਬਾਹਲ਼ੇ ਐ…!”
    ਅਸਲ ਵਿਚ ਗੱਜਣ ਦਾ ਦਾਹੜਾ ਬੜਾ ਭਰਵਾਂ ਸੀ। ਸਾਰੇ ਮੂੰਹ ‘ਤੇ ਅੱਖਾਂ ਤੱਕ ਫ਼ੈਲਰਿਆ ਹੋਇਆ। ਪਰ ਇਸ ਦੇ ਬਿਲਕੁਲ ਉਲਟ ਬਾਰੂ ਸੱਠਾਂ ਸਾਲਾਂ ਦਾ ਹੋ ਗਿਆ ਸੀ, ਪਰ ਉਸ ਦੇ ਕੁਦਰਤੀਂ ਦਾਹੜੀ ਹੀ ਨਹੀਂ ਆਈ ਸੀ। ਲੰਕਾ ਦਾ ਚੋਰ ਲੱਗਦਾ ਸੀ।
    -“ਅਸੀਂ ਬੈਠੇ ਐਂ…! ਜਮਾਂ ਨ੍ਹੀ ਕੁਛ ਆਖਣ ਦਿੰਦੇ, ਬਣ ਕੇਰਾਂ ਮੱਲ਼…!”
    -“ਜਲਦੀ ਕਰ…! ਡਰਦਾ ਕਾਹਤੋਂ ਐਂ…?” ਕਹਿਣ Ḕਤੇ ਬਹਿਵਤੀ ਨੇ ਹੇਕ ਚੁੱਕੀ, “ਗੱਜਣ ਦੀ ਦਾਹੜੀ ਉਤੇ ਬੜਾ ਭਾਗ ਜੀ, ਬਾਰੂ ਸਿਉਂ ਨੂੰ ਦੇਤਾ ਚਿੱਟਾ ਈ ਜਵਾਬ ਜੀ…!”
    ਹੱਸਦੀ ਮੁਡੀਹਰ ਦੀਆਂ ਵੱਖੀਆਂ ਟੁੱਟ ਗਈਆਂ।
    -“ਖੜ੍ਹ ਤੇਰੀ ਮਾਂ ਦੀ…!” ਬਾਰੂ ਮੁੱਕੀ ਵੱਟ ਕੇ ਪਿਆ ਤਾਂ ਬਹਿਵਤੀ ਤਿੱਤਰ ਹੋ ਗਿਆ।
    -“ਉਏ ਇਹਨੇ ਕਲਫ਼ ਲਾਉਣੀ ਕਦੋਂ ਕੁ ਤੋਂ ਛੱਡਤੀ…?” ਦੁੱਲੇ ਨੂੰ ਆਉਂਦਾ ਦੇਖ ਕੇ ਧਰੜ ਬੋਲਿਆ।
    -“ਜਦੋਂ ਤੋਂ ਇਹਨਾਂ ਦੇ ਫ਼ੌਜੀ ਨੇ ਛੱਡਤੀ…।”
    -“ਕੀ ਮਤਬਲ਼…?”
    -“ਗੁਰੂ ਭਲਾ ਕਰੇ…! ਜਦੋਂ ਫ਼ੌਜੀ ਨੇ ਕਲਫ਼ ਘੋਲ ਕੇ ਲਾਉਣ ਲੱਗਣਾ ਤਾਂ ਇਹਨੇ ਕੋਲ ਜਾ ਖੜ੍ਹਨਾ…! ਫ਼ੌਜੀ ਨੇ ਤਾਂ ਬੁਰਸ਼-ਬਰਸ਼ ਨਾਲ ਸੁਆਰ ਕੇ ਲਾਉਣੀ ਤੇ ਇਹਨੇ ਪਤੰਦਰ ਨੇ ਪਰਾਂਤ ‘ਚ ਹੱਥ ਫੇਰਨ ਮਾਂਗੂੰ ਫ਼ੌਜੀ ਦੀ ਕਲਫ਼ ਆਲ਼ੀ ਪਲੇਟ ‘ਚ ਹੱਥ ਜਿਆ ਫੇਰ ਕੇ ਦਾਹੜੀ ‘ਤੇ ਊਂਈਂ ਮਲ਼ ਲੈਣੀ, ਜਿਮੇਂ ਦੇਗ ਖਾ ਕੇ ਘਿਉ ਮਲ਼ੀਦੈ, ਤੇ ਅਖੀਰ ਅੱਕਿਆ ਵਿਆ ਫ਼ੌਜੀ ਕਲਫ਼ ਲਾਉਣੋਂ ਈ ਹਟ ਗਿਆ, ਤੇ ਇਹਨੇ ਆਪੇ ਈ ਹਟਣਾ ਸੀ।”
    -“ਲਓ ਜੀ…! ਆਉਂਦੇ ਐ ਦਿਹਾਤੀ ਪ੍ਰੋਗਰਾਮ ਦੇ ਠੰਢੂ ਰਾਮ ਹੋਰੀਂ, ਮਿਲੋ ਇਹਨਾਂ ਨੂੰ…!” ਹਰੀ ਅਤੇ ਟਪੂ ਪੰਡਤ ਨੂੰ ਆਉਂਦਿਆਂ ਦੇਖ ਕੇ ਸਾਧੂ ਲੰਮਾਂ ਬੋਲਿਆ।
    -“ਇਹ ਦੇਣਗੇ ਹੁਣ ਖ਼ਬਰਾਂ ਲਾਹੌਰ ਟੇਸ਼ਣ ਦੀਆਂ…।”
    -“ਇਹਦੀ ਨਵੀਂ ਗੱਲ ਸੁਣੀ ਐਂ…?”
    -“ਨਹੀਂ…!”
    -“ਇਹ ਮੱਝ ਨਵੇਂ ਦੁੱਧ ਕਰਵਾਉਣ ਚਲਿਆ ਗਿਆ-!”
    -“ਅੱਛਾ…!”
    -“ਹੱਥ ਜੋੜ ਕੇ ਝੋਟੇ ਮੂਹਰੇ ਖੜ੍ਹ ਗਿਆ, ਅਖੇ ਝੋਟਾ ਜੀ ਥੋਡਾ ਮਿੰਟ ਦਾ ਕੰਮ ਐਂ ਤੇ ਸਾਡੇ ਜੁਆਕਾਂ ਦੀ ਸਾਲ ਦੀ ਲੱਸੀ ਐ, ਕਿਰਪਾ ਕਰੋ, ਮਿੰਟ ਲਾਓ…!”
    ਹੱਸਦੀ ਮੁਡੀਹਰ ਲਿਟਣ ਲੱਗ ਪਈ।
    -“ਕਾਹਨੂੰ ਭਕਾਈ ਮਾਰਦੇ ਐਂ ਬਾਧੂ ਦੀ ਉਏ, ਕੁੱਤਿਓ…?” ਘੋਗੜ ਨੇ ਦਬਕਿਆ।
    -“ਰਾਮ-ਰਾਮ ਜੀ…!”
    -“ਰੱਮ-ਰੱਮ ਪੰਡਜੀ…!”
    -“ਪੰਡ’ਜੀ, ਕੋਈ ਨਮੀਂ ਤਾਜੀ…?”
    ਟਪੂ ਪੰਡਤ ਹਕੀਮ ਸੀ। ਜਿਸ ਕਰ ਕੇ ਪਿੰਡ ਦੀ ਹਰ ਖ਼ਬਰ ਉਸ ਕੋਲ ਪਹਿਲਾਂ ਪਹੁੰਚਦੀ ਸੀ।
    -“ਬੱਕਰੀਆਂ ਆਲੇ ਗੇਲੇ ਦੀ ਬਹੂ ਕੋਲ਼ੇ ਕਾਕੈ…!”
    -“ਦੁਰ ਫਿੱਟ੍ਹੇ ਮੂੰਹ ਭੈਣ ਦਾ ਛੁਣਛਣਾ ਦੇਣੇ…!” ਅਮਲੀ ਇਉਂ ਟੱਪਿਆ ਜਿਵੇਂ ਉਸ ਦੇ ਪੈਰ ਹੇਠ ਸੱਪ ਆ ਗਿਆ ਸੀ।
    -“ਕਿਉਂ ਅਮਲੀਆ…? ਤੈਨੂੰ ਬੜਾ ਦੁੱਖ ਲੱਗਿਆ…?”
    -“ਕੁੜੀ ਸਾਲੇ ਦੀ ਬਿਆਹੁੰਣ ਆਲੀ ਹੋਈ ਪਈ ਐ…! ਆਹ ਕੀ ਕੀਤਾ ਸਾਲੇ ਮਲੰਗ ਨੇ…?”
    -“ਇਹ ਤਾਂ ਰੱਬ ਦੀ ਦੇਣ ਐਂ, ਕਿਤੇ ਸਿੱਟੇ ਜਾਂਦੇ ਐ…?”
    -“ਹੱਟ ਕੁੱਤੀਏ ਸਾਲੇ ਆਪ ਨ੍ਹੀ ਕਹਿਣ ਦਿੰਦੇ, ਨਾਂ ਬੱਦੂ ਰੱਬ ਦਾ…!”
    -“ਹੋਰ ਪੰਡ’ਜੀ…?”
    -“ਹੋਰ ਕੀ ਐ ਭਾਈ…? ਕਲਜੁਗ ਆ ਗਿਆ! ਕਾਕੂ ਟੁੰਡੇ ਦੀ ਕੁੜੀ ਐ ਨਾ ਕੋਕੇ ਆਲੀ…?”
    -“ਆਹੋ…!”
    -“ਉਹਨੂੰ ਸਾਧ ਲੈ ਗਿਆ…!”
    -“ਬਾਖਰੂ…!”
    -“ਕਿਮੇਂ…?”
    -“ਰਾਮ ਬਖਸ਼ੀ ਰੱਖੇ…! ਕਈ ਮਹੀਨਿਆਂ ਤੋਂ ਇਹਨਾਂ ਦੇ ਘਰੇ ਆਉਂਦਾ ਸੀ, ਅਖੇ ਥੋਡੇ ਘਰੇ ਕਿਸੇ ਨੇ ਤਬੀਤ ਨੱਪੇ ਵੇ ਐ, ਅੱਜ ਭਾਈ ਉਹਨੂੰ ਟੈਗਸੀ ‘ਚ ਲੈ ਕੇ ਆਏ, ਨਾਲ ਉਹਦੇ ਇਕ ਸਾਧਣੀ…! ਸਾਧ ਨੇ ਤਾਂ ਕੁਛ ਕਿਹਾ ਨਾ ਤੇ ਸਾਧਣੀ ਕਹਿੰਦੀ ਅਖੇ ਆਹ ਕੁੜੀ ਨੂੰ ਤਾਂ ਅਸੀਂ ਦੋ-ਚਹੁੰ ਦਿਨਾਂ ਆਸਤੇ ਲੈ ਕੇ ਜਾਣੈਂ, ਸਾਡੀ ਸੇਵਾ ਕਰੂ ਤੇ ਸੁਖ ਪਾਊ…!”
    -“ਤੇ ਫੇਰ ਤੋਰਤੀ ਇਹਨਾਂ ਨੇ…?”
    -“ਲੈ, ਉਹ ਤਾਂ ਸਾਰਾ ਟੱਬਰ ਹੱਥ ਜੋੜੀ ਖੜ੍ਹਾ….! ਅਖੇ ਲੈਜੋ ਮਾਤਾ ਜੀ…।”
    -“ਮਿੱਤਰੋ, ਕੁੜੀ ਤਾਂ ਨੀ ਕਿਸੇ ਪਾਸੇ ਜੋਗੀ ਰਹਿੰਦੀ ਹੁਣ…।”
    -“ਆਹੋ..! ਕੁੜੀ ਨੇ ਕੀ ਰਹਿਣੈ..? ਕੀ ਪਤੈ ਇਹ ਸਾਲੇ ਕੀ ਸੁਆਹ ਖੇਹ ਖਾਂਦੇ ਐ..?” ਅਮਲੀ ਕਾਫ਼ੀ ਚਿਰ ਬਾਅਦ ਬੋਲਿਆ ਸੀ।
    -“ਹੁਣ ਤਾਂ ਖੁਰੀਆਂ ਜੜ ਕੇ ਈ ਮੋੜਨਗੇ…।”
    -“ਆਪਣੀ ਦੁਨੀਆਂ ਦੇ ਵੀ ਗੋਲੀ ਮਾਰੇ…!”
    -“ਮਹਾਤੜ ਪਾਣੀ ਪੀਣ ਜਾ ਵੜੇ, ਸਾਲੇ ਭੈੜ੍ਹੇ ਜੇ ਆਨੇ ਕੱਢਣਗੇ…! ਤੇ ਆਹ ਦੇਖਲਾ…! ਹੈਅ ਥੋਡੀ ਬੇੜੀ ਬਹਿਜੇ…! ਗੜੌਂਧੇ ਅਰਗੀ ਕੁੜੀ ਸਾਹਣ ਨਾਲ ਤੋਰਤੀ…।”
    -“ਪੰਡ’ਜੀ, ਕੜਬਚੱਬਾਂ ਦਾ ਕੀ ਬਣਿਆ…?”
    -“ਬਣਨਾ ਬਣਾਉਣਾ ਕੀ ਸੀ…? ਠਾਣੇਦਾਰ ਨੇ ਪੈਸੇ ਪੂਸੇ ਲੈ ਕੇ ਰੱਸੇ ਲਾਹਤੇ…!”
    -“ਦੇਖ ਲੈ ਸਾਲ਼ੇ ਦੇ ਪਿਉ-ਦਾਦੇ ਮੁੱਲ ਦੀਆਂ ਲਿਆਉਂਦੇ ਰਹੇ ਐ, ਹੁਣ ਇਹਨੂੰ ਪੋਪਲ਼ ਜੇ ਨੂੰ ਮਾੜਾ ਜਿਆ ਪੜ੍ਹਿਆ ਲਿਖਿਆ ਕਰਕੇ ਰਿਸ਼ਤਾ ਹੋਇਆ ਸੀ, ਉਹ ਵੀ ਬਿਚਾਰੀ ਦਾਜ ਕਰ ਕੇ ਸਾੜਤੀ…।”
    -“ਕੁੜੀ ਦੇ ਮਾਪਿਆਂ ਨੇ ਕੁਛ ਨ੍ਹੀਂ ਕੀਤਾ…?”
    -“ਹੈ ਕਮਲ਼ਾ…! ਪੁਲ਼ਸ ਪੈਸੇ ਆਲਿਆਂ ਦੀ ਮਿੱਤ ਐ..! ਉਹ ਬਿਚਾਰੇ ਗਰੀਬ ਐ…! ਐਮ. ਐਲੇ ਕੋਲੇ ਵੀ ਬਥੇਰੇ ਗੇੜੇ ਕੱਢੇ ਐ, ਉਹ ਨਾਲ ਈ ਨ੍ਹੀ ਤੁਰਿਆ…! ਕਹਿੰਦਾ ਅਖੇ ਥੋਡਾ ਘਰ ਦਾ ਮਸਲਾ ਐ, ਆਪ ਨਬੇੜੋ…! ਪੁੱਛਣਾ ਹੋਵੇ ਬਈ ਜਦੋਂ ਅਗਲਿਆਂ ਦੀ ਪਾਲ਼ੀ ਪੋਸੀ ਵੀ ਮਾਰਤੀ, ਫੇਰ ਭੈਣ ਦਿਆ ਯਾਰਾ ਘਰ ਦਾ ਮਸਲਾ ਕਾਹਦਾ ਰਹਿ ਗਿਆ…? ਅਗਲੇ ਲਹੂ ਦੀ ਘੁੱਟ ਭਰ ਕੇ ਬਹਿ ਗਏ…! ਕੁੜੀ ਦੀ ਮਾਂ ਨੂੰ ਤਾਂ ਦੱਸਦੇ ਐ ਬਈ ਓਦਣ ਦੇ ਦੰਦਲ਼ਾਂ ਦੌਰੇ ਪੈਣੋ ਨ੍ਹੀ ਹਟਦੇ…।”
    -“ਕੀ ਦੋਸ਼ ਐ ਬਈ…? ਅਗਲੇ ਦੀ ਇੱਕੋ ਇੱਕ ਜੁਆਨ ਧੀ ਸੀ…।”
    -“ਅਸਲ ‘ਚ ਰੌਲਾ ਕੀ ਸੀ…?”
    -“ਰੌਲਾ ਕੀ ਹੋਣਾ ਸੀ…? ਇਹ ਮਾਊਂ ਜਿਆ ਆਬਦੀ ਮਾਂ ਦੀ ਚੁੱਕ ‘ਤੇ ਕੁੜੀ ਨੂੰ ਕਹਿੰਦਾ, ਅਖੇ ਜਿਹੜੀ ਤੇਰੇ ਪਿਉ ਕੋਲ਼ੇ ਦੋ-ਤਿੰਨ ਕਿੱਲੇ ਜਮੀਨ ਐਂ, ਉਹ ਮੇਰੇ ਨਾਂ ਲੁਆਵੇ…! ਦੱਸੋ ਬਈ ਜਿਉਂਦੇ ਜੀਅ ਅਗਲਾ ਕਦੋਂ ਹੱਥ ਵਢਾਉਂਦੈ…?”
    -“ਹੈ ਸਾਲਾ, ਪੋਰ…?”
    -“ਹੁਣ ਆਪ ਤਾਂ ਕੁੜੀ ਦਾ ਪਿਉ ਮਰਿਆਂ ਅਰਗਾ ਈ ਐ, ਇਹਦੇ ਗੋਲ਼ੀ ਮਾਰੇ ਚੂਕਣੇ ‘ਚ ਸਾਲ਼ੇ ਦੇ…!”
    -“ਉਏ ਗੋਲ਼ੀ ਮਾਰਨ ਜੋਕਰਾ ਉਹ ਕਾਹਨੂੰ ਐਂ ਬਿਚਾਰਾ…?”
    -“ਉਹ ਤਾਂ ਪੈਰੀਂ ਪੱਗਾਂ ਧਰੀ ਗਿਆ ਤੇ ਇਹ ਲਾਚੜਗੇ…!”
    -“ਉਏ ਐਹੋ ਜੇ ਪੈਰੀਂ ਪੱਗਾਂ ਆਲੇ ਕਾਹਨੂੰ ਐਂ…?”
    -“ਐਹੋ ਜਿਆਂ ਦੀ ਤਾਂ ਇੱਕੋ ਟੱਕ ਨਾਲ ਲੱਤ ਗਰਚ ਦੇਣੇ ਲਾਹ ਕੇ ਪਰ੍ਹਾਂ ਮਾਰੇ…! ਫੇਰ ਲੋਟ ਆਉਂਦੇ ਐ।”
    -“ਉਏ ਚਾਚਾ…! ਕੱਲ੍ਹ ਨੂੰ ਘੰਟਾ ਖੰਡ ਇੰਜਣ ਦੇਮੇਂਗਾ…?” ਫੰਗਣ ਬੁੱਲ੍ਹੜ ਨੇ ਆ ਕੇ ਨਹਿੰਗ ਨੂੰ ਪੁੱਛਿਆ।
    -“ਕੀ ਕਰਨੈਂ…?” ਨਹਿੰਗ ਦੀ ਥਾਂ ਪ੍ਰੀਤਮ ਫੱਲ੍ਹੀ ਬੋਲਿਆ।
    -“ਨਰਮਾਂ ਸਿੰਜਣੈ…।”
    -“ਗੱਲ ਸੁਣ ਉਏ…? ਨਰਮਾਂ ਸਿੰਜਣ ਨੂੰ ਸਾਲ਼ਿਆ ਤੇਰੇ ਕੋਲ਼ੇ ਜੈਤੋ ਆਲ਼ੇ ਸਰਦਾਰਾਂ ਆਲ਼ੀ ਢੇਰੀ ਐ…? ਡੂੜ੍ਹ ਥੋਡੇ ਕੋਲੇ ਕਿੱਲੈ…! ਪੰਦਰਾਂ ਤੁਸੀਂ ਘਰ ਦੀ ਸਤੌਲ਼ ਐਂ, ਤੁਸੀਂ ਤਾਂ ਛੱਪੜ ‘ਚੋਂ ਬਾਲਟੀ-ਬਾਲਟੀ ਪਾਣੀ ਦੀ ਪਾਵੋਂ, ਤਾਂ ਨਰਮਾਂ ਤਰ ਹੋਜੂ, ਇੰਜਣ ਕੀ ਕਰਨੈਂ, ਕੁੱਤੀਏ ਜਾਤੇ…?”
    -“ਲੈਜੀਂ-ਲੈਜੀਂ…! ਜਾਹ ਸਾਡਾ ਟੈਮ ਨਾ ਬਰਬਾਦ ਕਰ…!” ਚਲਾਕੂ ਕਾਮਰੇਡ ਨੇ ਨਹਿੰਗ ਵੱਲੋਂ ਹਾਮੀਂ ਭਰੀ।
    -“ਲੈ ਬਈ ਨਹਿੰਗਾ, ਇਕ ਗੱਲ ਦੱਸ…?” ਕਾਮਰੇਡ ਨੇ ਉਸ ਵੱਲ ਮੂੰਹ ਕੀਤਾ।
    -“ਬਈ ਤੁਸੀਂ ਸੋਟੇ ਨੂੰ ਮੁਲਾਹਜੇ-ਤੋੜ ਕਿਉਂ ਆਖਦੇ ਐਂ…?”
    -“ਦਸਵੇਂ ਪਾਤਸ਼ਾਹ ਨੇ ਇਹਦਾ ਨਾਂ ਰੱਖਿਆ ਸੀ, ਕੁਤਕ…।” ਨਹਿੰਗ ਨੇ ਕਹਿਣਾ ਸ਼ੁਰੂ ਕੀਤਾ।
    -“ਹਲਾ…!”
    -“ਤੇ ਅਸੀਂ ਇਹਨੂੰ ਮੁਲਾਹਜੇ ਤੋੜ ਤਾਂ ਕਹਿੰਨੇ ਐਂ, ਬਈ ਜੀਹਦੇ ਟੋਟਣ Ḕਚ ਇਕ ਠੁਕ ਗਿਆ, ਉਹਦੇ ਨਾਲ ਮੁਲਾਹਜਾ ਰਹਿੰਦਾ ਈ ਕੋਈ ਨ੍ਹੀ, ਅਗਲਾ ਪਾਰ ਬੋਲ ਜਾਂਦੈ…! ਛੇਵੇਂ ਪਾਤਸ਼ਾਹ ਨੇ ਭਾਈ ਭੱਲਣ ਤੋਂ ਮੁਲਾਹਜੇ ਤੋੜ ਨਾਲ ਸ਼ੇਰ ਦਾ ਸ਼ਿਕਾਰ ਕਰਵਾਇਆ ਸੀ-।”
    -“ਵਾਹ ਜੀ ਵਾਹ…! ਧੰਨ ਨੇ ਮੇਰੇ ਛੇਵੇਂ ਪਾਤਿਸ਼ਾਹ ਗੁਰੂ ਹਰਗੋਬਿੰਦ ਸਾਹਿਬ…!”
    -“ਪੰਡ’ਜੀ, ਰੱਤੂ ਦਾ ਕੀ ਹਾਲ ਐ…?” ਆਤਮੇਂ ਫ਼ੱਕਰ ਨੇ ਅਚਾਨਕ ਪੁੱਛਿਆ।
    -“ਬੁਰਾ ਈ ਹਾਲ ਐ…! ਦਿਲ ਦਾ ਰੋਗ ਐ, ਚੱਲੀ ਜਾਵੇ, ਚੱਲੀ ਜਾਵੇ, ਜਿੱਦੇਂ ਖੜ੍ਹ ਗਿਆ, ਬੱਸ.. ! ਘੁੱਗੀ ਘੈਂ ਹੋਜੂ…!”
    -“ਮਾੜੀ ‘ਲਾਦ ਵੀ ਨਾ ਜੰਮੇ ਕਿਸੇ ਦੇ…!”
    -“ਅਜੇ ਕੱਲ੍ਹ ਦੀਆਂ ਗੱਲੈਂ, ਜਦੋਂ ਮੁਧਕਰ ਚੱਕਦਾ ਹੁੰਦਾ ਸੀ, ਕਿਸੇ ਨੂੰ ਨੇੜੇ ਨ੍ਹੀ ਸੀ ਲੱਗਣ ਦਿੰਦਾ…! ‘ਲਾਦ ਮਾੜੀ ਲਿੱਕਲਗੀ..! ਮੁੰਡਾ ਸਿਰੇ ਦਾ ਬੈਲੀ ਤੇ ਕੁੜੀ…? ਸਹੁਰੀ ਨੂੰ ਹਾਥ ਈ ਕੋਈ ਨ੍ਹੀ…! ਕੋਈ ਲੰਡਾ ਲੁੱਚਾ ਨ੍ਹੀ ਛੱਡਿਆ ਲੇਖੇ ਨਾਲ਼…! ਬੱਸ ਜਿੱਦਣ ਦੀ ਕੁੜੀ ਨੇ ਬੇਇੱਜ਼ਤੀ ਕੀਤੀ ਐ, ਓਦਣ ਦਾ ਮੰਜੇ ਤੋਂ ਈ ਨ੍ਹੀ ਉਠਿਆ ਸਹੁਰਾ। ਹੱਤਕ ਮੰਨ ਗਿਆ…!”
    -“ਅਣਖ਼ੀ ਬੰਦੇ ਇਉਂ ਈ ਤਾਂ ਮਾਰ ਖਾਂਦੇ ਐ…!”
    -“ਉਹਨੇ ਸਹੁਰੀ ਨੇ ਬੇਇਜ਼ਤੀ ਕਾਹਤੋਂ ਕੀਤੀ…?”
    -“ਕੀ ਦੱਸਾਂ ਸਹੁਰੀ ਦੇ ਕਾਰੇ…? ਚੋਰ ਦੀ ਮਾਂ ਤੇ ਕੋਠੀ ‘ਚ ਮੂੰਹ…! ਹੁਣ ਤਾਂ ਬਾਹਰਲੇ ਪਿੰਡਾਂ ਦੇ ਮੁੰਡੇ ਸਿੱਧੇ ਈ ਘਰੇ ਆਉਣ ਲੱਗ’ਪੇ ਸੀ…! ਇਹਨੇ ਕਿਤੇ ਰੋਕਿਆ ਰੂਕਿਆ ਹੋਊ…! ਰੱਬ ਜਾਣੇ, ਬੱਸ! ਪਤਾ ਨ੍ਹੀ ਸਹੁਰੀ ਦੇ ਡਮਾਕ ਨੂੰ ਕੀ ਫਤੂਰ ਚੜ੍ਹਿਆ..? ਮੁੰਡਿਆਂ ਦੇ ਸਾਹਮਣੇ ਈ ਸ਼ੁਰੂ ਹੋਗੀ, ਅਖੇ ਮੇਰੀ ਬੇਬੇ ਤਾਂ ਤੈਥੋਂ ਚੌਰਿਆ ਸਾਂਭੀ ਨਾ ਗਈ, ਮੈਨੂੰ ਕੀ ਸਾਂਭੇਂਗਾ…? ਤੇ ਚੱਲ ਮੇਰੇ ਭਾਈ! ਉਹ ਦਿਨ ਗਿਆ, ਤੇ ਆਹ ਆ ਗਿਆ, ਬਿਚਾਰਾ ਮੰਜੇ ‘ਤੇ ਪਿਆ ਈ ਚੂਕੀ ਜਾਂਦੈ, ਕੋਈ ਪਾਣੀ ਧਾਣੀ ਵੀ ਨ੍ਹੀ ਪੁੱਛਦਾ, ਹੁਣ ਤਾਂ ਓਸ ਗੱਲ ਦੇ ਆਖਣ ਮਾਂਗੂੰ ਮਾਵਾਂ ਧੀਆਂ ਨਾਅਮੇਂ ‘ਚ ਖੇਡਦੀਐਂ, ਮੇਲਾ ਈ ਲੱਗਿਆ ਰਹਿੰਦੈ ਘਰੇ ਸੁੱਖ ਨਾਲ…।”
    -“ਹੈਅ ਥੋਡੀ ਗੰਦੇ ਟੱਬਰ ਦੀ…!”
    -“ਕੀ ਕਰਨੈਂ ਐਹੋ ਜਿਆ ਪੈਸਾ…? ਅੱਗ ਲਾਉਣੈਂ…?”
    -“ਕਨੇਡੇ ਆਲਿਆਂ ਦੇ ਘਰੇ ਅੱਜ ਝੰਡੀਆਂ ਜੀਆਂ ਟੰਗੀ ਜਾਂਦੇ ਸੀ, ਕਿਸੇ ਦਾ ਬਿਆਹ ਐ…?”
    -“ਕਾਹਨੂੰ ਬਿਆਹ ਐ..! ਉਹ ਤਾਂ ਬੁੜ੍ਹੇ-ਬੁੜ੍ਹੀ ਦੀ ਪੰਜਾਹਵੀਂ ਸ਼ਾਦੀ ਗਿਰਾਹ ਮਨਾਉਣ ਦੀ ਤਿਆਰੀ ਕਰਦੇ ਐ..।”
    -“ਕੀ ਕਰਦੇ ਐ…?” ਗੱਲ ਅਮਲੀ ਦੇ ਸਿਰ ਦੇ ਉਪਰੋਂ ਲੰਘ ਗਈ।
    -“ਉਏ ਅਮਲੀਆ..! ਉਹਨਾਂ ਦੇ ਬੁੜ੍ਹੇ ਬੁੜ੍ਹੀ ਦੇ ਵਿਆਹ ਨੂੰ ਪੰਜਾਹ ਸਾਲ ਹੋਣ ਆਲੇ ਐ, ਉਹਨੂੰ ਮਨਾਉਣ ਦੀ ਤਿਆਰੀ ਕਰਦੇ ਐ..।” ਕਿਸੇ ਨੇ ਜੋਰ ਦੇ ਕੇ ਕਿਹਾ।
    -“ਫਿੱ੍ਹਟ ਭੈਣ ਦੇ ਮੁੰਡਿਆਂ ਈ ਯਹਾਵੇ..! ਦੇਸੀ ਟੱਟੂ, ਤੇ ਕੁਰਾਸ਼ਾਨੀ ਦੁਲੱਤੇ…! ਕੀ ਲੱਛਣ ਕਰਦੇ ਐ, ਸਾਲ਼ੇ…! ਬਈ ਲਹੁਡੀ ਦੇਣਿਓਂ, ਕਬਰਾਂ ‘ਚ ਥੋਡੀਆਂ ਲੱਤੈਂ, ਤੁਸੀਂ ਕਿਸੇ ਪੁੱਤ ਦਾ ਮਨਾਓ, ਕਿਸੇ ਪੋਤੇ ਦਾ ਮਨਾਓ, ਪੰਜਾਹਵਾਂ ਸਾਲ ਮਨਾਏ ਬਿਨਾ ਸਰਦਾ ਨ੍ਹੀ ਇਹਨਾਂ ਦਾ…?”
    -“ਅਮਲੀਆ…! ਅੰਨ੍ਹੀ ਕਮਾਈ ਘਰੇ ਆਉਂਦੀ ਐ, ਕਿਤੇ ਖਪਤ ਵੀ ਕਰਨੀ ਐਂ…।”
    -“ਇਹ ਵੀ ਭਾਈ ਗੱਲ ਠੀਕ ਐ…! ਹੱਥ ਖੁੱਲ੍ਹੈ, ਚੋਜ ਕਰਦੇ ਐ ਜੱਟ…! ਕਹਿੰਦੇ ਹੁੰਦੇ ਐ, ਚਮਚਿਆਂ ਨਾਲ ਪੀਣ ਸ਼ਰਾਬਾਂ, ਕਰਦੇ ਜੱਟ ਚੋਜ ਕੁੜ੍ਹੇ…।”
    -“ਮਾਇਆ ਹਜਮ ਕਰਨੀ ਕਿਹੜਾ ਸੌਖੀ ਐ…?”
    -“ਐਤਕੀਂ ਬੋਟਾਂ Ḕਚ ਕੌਣ ਜਿੱਤੂ ਬਈ…?”
    -“ਬੋਟਾਂ ‘ਚ ਜਿੱਤੂ ਅਮਲੀ!” ਕੋਈ ਹੱਸਿਆ।
    -“ਨਹੀਂ ਹਾਸਾ ਨ੍ਹੀ, ਕੌਣ ਜਿੱਤੂ…?”
    -“ਬੋਟਾਂ ‘ਚ ਜਿੱਤਣਗੇ ‘ਕਾਲੀ…!”
    -“ਮੈਂ ਤਾਂ ਬੋਟ ਕਾਮਰੇਟ ਨੂੰ ਪਾਊਂ…!”
    -“ਨਾਗੋਕਿਆਂ ਆਲੇ ਨੂੰ…?”
    -“ਆਹੋ…!”
    -“ਬਹੁਤ ਵੱਡੀ ਗਲਤੀ ਕਰੇਂਗਾ…।”
    -“ਕਾਹਤੋਂ…?”
    -“ਦੇਖ ਲਈਂ…! ਨਾਗੋਕਿਆਂ ਆਲਾ ਕਾਮਰੇਟ ਪੱਠੇ ਆਪਣਿਓਂ ਖਾਇਆ ਕਰੂ, ਤੇ ਲੇਡੇ ਜਾ ਕੇ ਨਾਗੋਕੀ ਕਰਿਆ ਕਰੂ…!”
    ਹਾਸੜ ਪੈ ਗਈ।
    -“ਆਜੋ ਸਿੰਘੋ…! ਗੱਫ਼ਾ ਲੈ ਲਓ…!” ਗੁਰਦੁਆਰਿਓਂ ਭਾਈ ਜੀ ਨੇ ਹੋਕਰਾ ਮਾਰਿਆ।
    -“ਚਲੋ ਬਈ…!” ਅਮਲੀ ਖੁਸ਼ੀ Ḕਚ ਕੁੜਤੇ ਦੀਆਂ ਬਾਹਵਾਂ ਚਾਹੜਨ ਲੱਗ ਪਿਆ।
    -“ਅਮਲੀਆ…! ਬਾਂਹਾਂ ਤਾਂ ਇਉਂ ਚੜ੍ਹਾਉਣ ਲੱਗ ਪਿਆ, ਜਿਵੇਂ ਮੱਝ ਸੁਆਉਣੀ ਹੁੰਦੀ ਐ…?”
    -“ਉਏ ਇਹ ਵੀ ਗੁਰਦੁਆਰੇ ਦੀ ਦੇਗ ‘ਤੇ ਈ ਬਚਿਆ ਵਿਐ…! ਹੋਰ ਕਿਹੜਾ ਨ੍ਹਾਮੋਂ ਇਹਨੂੰ ਚੂਰੀ ਕੁੱਟ ਕੇ ਦਿੰਦੀ ਐ…?” ਪਿੱਛੋਂ ਨ੍ਹੇਰੀ ਨੇ ਵਿਅੰਗ ਕਸਿਆ।
    -“ਕਰ ਲਓ…! ਕਰ ਲਓ ਬਈ ਟਿੱਚਰਾਂ, ਥੋਡੀ ਉਮਰ ਐ…।” ਅਮਲੀ ਬੋਲਿਆ।
    ਤੇ ਫਿਰ ਸਾਰੇ ਗੁਰਦੁਆਰੇ ਨੂੰ ਵਾਹੋਦਾਹੀ ਹੋ ਤੁਰੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!