4.6 C
United Kingdom
Sunday, April 20, 2025

More

    ਫਿਕਸੋ ਵਾਲਾ ਗੁਲਾਬ ਸਿਉਂ

    ਅਮਰ ਮੀਨੀਆਂ (ਗਲਾਸਗੋ)

    ਲੇਖਕ- ਅਮਰ ਮੀਨੀਆਂ (ਗਲਾਸਗੋ)

    ਸ੍ਰੀ ਲੰਕਾ ਏਅਰ ਲਾਈਨ ਦੀ ਫਲਾਇਟ ਤੇ ਮਲੇਸ਼ੀਆ ਜਾ ਰਿਹਾ ਸੀ। ਸੰਨ 2003 ਫਰਵਰੀ ਮਹੀਨਾ ਸੀ। ਨਾਲ ਵਾਲੀ ਸੀਟ ਤੇ ਮਾਵੇ ਵਾਲੀ ਪੱਗ, ਫਿਕਸੋ ਲਾਕੇ ਚਿਪਕਾਈ ਦਾਹੜੀ, ਸਫਾਰੀ ਸੂਟ ਵਾਲੇ ਸਰਦਾਰ ਜੀ ਬੈਠ ਗਏ। ਰਸਮੀ ਗੱਲਬਾਤ ਸ਼ੂਰੂ ਹੋ ਗਈ ਇਹ ਸਰਦਾਰ ਗੁਲਾਬ ਸਿੰਘ ਲੁਧਿਆਣੇ ਤੋਂ ਮਲੇਸ਼ੀਆ ਬਿਜਨਿਸ ਲਈ ਜਾ ਰਹੇ ਸਨ। ਜੋ ਅਕਸਰ ਹੀ ਮਲੇਸ਼ੀਆ, ਸਿੰਘਾਪੁਰ, ਥਾਈਲੈਂਡ ਤੇ ਇੰਡੋਨੇਸ਼ੀਆ ਆਉਂਦੇ ਜਾਂਦੇ ਰਹਿੰਦੇ ਸਨ। ਸਫਰ ਦੌਰਾਨ ਰਾਜਨੀਤਕ, ਧਾਰਮਿਕ ਤੇ ਹੋਰ ਹਲਕੀਆਂ ਫੁਲਕੀਆਂ ਗੱਲਾਂ ਕਰਦੇ ਕਰਦੇ, ਅਸੀਂ ਕੁਆਲਾਲੰਪੁਰ ਏਅਰਪੋਰਟ ਤੇ ਜਾ ਉਤਰੇ।
    ਪੰਦਰਾਂ ਕੁ ਦਿਨਾਂ ਬਾਅਦ ਗੁਲਾਬ ਸਿੰਘ ਦੂਜੀ ਵਾਰ ਕੁਆਲਾਲੰਪੁਰ ਸ਼ਹਿਰ ਦੇ ਪੰਜਾਬੀ ਰੈਸਟੋਰੈਂਟ “ਜੈ ਹਿੰਦ ਢਾਬੇ “ਦੇ ਨੇੜੇ ਮਿਲਿਆ, ਜਿੱਥੇ ਉਹ ਇਕ ਚੀਨੀ ਕੁੜੀ ਦਾ ਹੱਥ ਵੇਖ ਕੇ ਉਸਦਾ ਭਵਿੱਖ ਦੱਸ ਰਿਹਾ ਸੀ। ਉਸਦੇ ਅਸਲ ਬਿਜਨਿਸ ਬਾਰੇ ਵੀ ਉਸ ਦਿਨ ਜਾਣਕਾਰੀ ਹੋਈ। “ਜੈ ਹਿੰਦ” ਢਾਬੇ ਤੇ ਅਸੀਂ ਲੰਚ ਇਕੱਠਿਆਂ ਕੀਤਾ। ਮਹੀਨੇ ਦੀ ਮੇਰੀ ਇੰਟਰੀ ਸੀ ਅਗਲੇ ਮਹੀਨੇ ਦਾ ਵੀਜ਼ਾ ਲੈਣ ਲਈ ਮੈਨੂੰ ਸਿੰਘਾਪੁਰ ਜਾਣਾ ਪਿਆ। ਇੰਬੈਸੀ ਵਿੱਚ ਗੁਲਾਬ ਸਿੰਘ ਗੁਲਾਬੀ ਪੱਗ ਨਾਲ ਫਿਰ ਮਿਲ ਪਿਆ। ਉਸਦੀ ਵੀ ਮੇਰੇ ਵਾਂਗ ਵੀਜ਼ੇ ਦੀ ਹੀ ਮੁਸ਼ਕਿਲ ਸੀ। ਵੀਜ਼ਾ ਲੈਣ ਵਿੱਚ ਪੁਰਾਣੇ ਖਿਡਾਰੀ ਗੁਲਾਬ ਸਿੰਘ ਨੇ ਮੇਰੀ ਬਹੁਤ ਮੱਦਦ ਕੀਤੀ। ਦੂਸਰੇ ਦਿਨ ਅਸੀਂ ਦੋਨੋਂ ਸਿੰਘਾਪੁਰ ਤੋਂ ਬੱਸ ਰਾਹੀਂ ਮਲੇਸ਼ੀਅਨ ਸ਼ਹਿਰ ਜੌਹਰ ਬਾਰੂ ਜਾ ਵੜੇ। ਇਕ ਰਾਤ ਇਕੱਠੇ ਰਹਿਣ ਨਾਲ ਤੇ ਸਫਰ ਦੌਰਾਨ ਅਸੀਂ ਇੱਕ ਦੂਜੇ ਦੇ ਕਾਫੀ ਜਾਣੂ ਹੋ ਗਏ। ਗੁਲਾਬ ਸਿੰਘ ਦੇ ਪਿਉ ਦਾਦੇ ਵੀ ਹੱਥ ਵੇਖਣ ਦੇ ਕੰਮ ਵਿੱਚ ਇਹਨਾਂ ਤਿੰਨ ਚਾਰ ਦੇਸ਼ਾਂ ਵਿੱਚ ਗੇੜਾ ਮਾਰਦੇ ਸਨ। ਵੀਹ ਸਾਲ ਦੀ ਉਮਰ ਤੋਂ ਗੁਲਾਬ ਸਿੰਘ ਵੀ ਆਪਣੇ ਪਿਤਾ ਪੁਰਖੀ ਕਿੱਤੇ ਚ ਪੈਕੇ ਸੈਂਕੜੇ ਵਾਰ ਜਹਾਜ਼ਾਂ ਦੇ ਝੂਟੇ ਲੈ ਚੁੱਕਾ ਸੀ। ਆਪਣੇ ਕੰਮ ਨਾਲ ਸੰਬੰਧਿਤ ਤੇ ਲੋੜ ਜੋਗੀ, ਇੰਗਲਿਸ਼, ਚੀਨੀ, ਮਲਾਈ ਤੇ ਥਾਈ, ਬੋਲੀ ਆਪਣੇ ਪੁਰਖਿਆਂ ਤੋਂ ਸਿੱਖੀ ਹੋਈ ਸੀ, ਬਾਕੀ ਆਉਣ ਜਾਣ ਨਾਲ ਹੋਰ ਤਜ਼ੱਰਬਾ ਹੋ ਗਿਆ ਸੀ। ਉਹ ਦੋ ਤਿੰਨ ਮਹੀਨੇ ਘਰ ਰਹਿ ਕੇ ਕਿਸੇ ਨਾ ਕਿਸੇ ਜਹਾਜ਼ ਚ ਚੜ੍ਹ ਜਾਂਦਾ ਸੀ। ਉਸਦੇ ਦੱਸਣ ਮੁਤਾਬਕ ਹਰੇਕ ਟੂਰ ਵਿੱਚੋਂ ਖਰਚੇ ਕੱਢ ਕੇ ਡੇਢ ਤੋਂ ਦੋ ਲੱਖ ਕਮਾਈ ਕਰ ਲੈੰਦਾ ਸੀ। ਮੈਂ ਤਾਂ ਵਾਪਸ ਮੁੜਨਾ ਹੀ ਸੀ ਤੇ ਗੁਲਾਬ ਨੂੰ ਵੀ ਹੋਰ ਵੀਜ਼ਾ ਨਾ ਮਿਲਿਆ ਤਾਂ ਲੀਓ ਟਰੈਵਲ ਵਾਲੇ ਬਲਦੇਵ ਸਿੰਘ ਤੋਂ ਇਕੱਠਿਆਂ ਨੇ ਵਾਪਸੀ ਟਿਕਟ ਕਰਵਾ ਲਈ।


    ਗੁਲਾਬ ਦਾ ਟੂਰ ਚੰਗਾ ਲੱਗ ਗਿਆ ਸੀ ਇਸ ਲਈ ਡਿਉਟੀ ਫ੍ਰੀ ਤੋਂ ਖਰੀਦੀ ਬਲੈਕ ਲੇਬਲ ਵਿਸਕੀ ਉਸਨੇ ਏਅਰਪੋਰਟ ਤੇ ਹੀ ਖੋਲ੍ਹ ਲਈ। ਜਹਾਜ਼ ਵਾਲੇ ਦੋ ਕੁ ਹਾੜਿਆਂ ਨੇ ਗੁਲਾਬ ਪੂਰਾ ਗੁਲਾਬੀ ਕਰ ਦਿੱਤਾ। ਮੰਨਿਆ ਜਾਂਦਾ ਹੈ ਕਿ ਸ਼ਰਾਬ ਪੀ ਕੇ ਬੰਦਾ ਸੱਚ ਬੋਲ ਦਿੰਦਾ, ਗੁਲਾਬ ਵੀ ਅੱਜ ਪੂਰਾ ਖਿੜ ਗਿਆ ਸੀ। ਮੈਂ ਪੁੱਛਿਆ ਕਿ, “ਜੇ ਤੇਰਾ ਵੀਜ਼ਾ ਨਾ ਲੱਗੇ ਤਾਂ ਫਿਰ ਗੁਜ਼ਾਰਾ ਕਿਵੇਂ ਚੱਲਦਾ? ਉਹ ਗਲਾਸ ਖਾਲੀ ਕਰਕੇ, ਭੁੱਜੀ ਮੂੰਗਫਲੀ ਦੇ ਦਾਣੇ ਜਾੜਾਂ ਹੇਠ ਲਤੜਦਾ ਬੋਲਿਆ,” ਭਾ ਜੀ ਕੀ ਗੱਲਾਂ ਪਏ ਕਰੇਂਦੇ ਜੇ। ਆਪਣੇ ਮੁਲਕ ਚ ਪੈਸੇ ਦੀ ਕੋਈ ਗਾਟ(ਘਾਟ) ਨਹੀਂ ਜੇ, ਬੱਸ ਅਕਲ ਨੂੰ ਚਾਬੀ ਲਗਾਣੀ ਹੁੰਦੀ ਏ। ਉਹ ਕਿਵੇਂ? ਮੈਂ ਸੁਆਲ ਦਾਗਿਆ, “ਵੇਖੋ ਵਿਸਾਖੀ ਆ ਰਹੀ ਏ ਤੇ ਕਣਕਾਂ ਵੱਢੀਆਂ ਜਾਸੀ। ਅਸਾਂ ਦੇ ਚਾਰ ਪਾਰਟਨਰ ਹੈਣ। ਇਕ ਪੁਰਾਣੀ ਜੀਪ ਹੈ ਅਸਾਂ ਦੇ ਕੋਲ। ਚੋਲੇ ਗਾਤਰੇ ਪਾ ਕੇ, ਕਾਰ ਸੇਵਾ ਦੇ ਨਾਂ ਤੇ ਕਣਕ ਇਕੱਠੀ ਕਰ ਲੈਨੇ ਆ। ਪੂਰੇ ਸ਼ੀਜਨ ਵਿੱਚ ਲੱਖ ਲੱਖ ਰੁਪਏ ਦੀ ਵੱਟਤ, ਦਾਰੂ ਮੱਛੀ ਤੇ ਗੱਡੀ ਦੇ ਤੇਲ ਦੇ ਖਰਚੇ ਕੱਢ ਕੇ ਹੋ ਜਾਸੀ” । ਉਸ ਤੋਂ ਬਾਅਦ ਪੰਜਵੇਂ ਗੁਰੂ ਦਾ ਸ਼ਹੀਦੀ ਪੁਰਬ ਆ ਜਾਸੀ। ਫਿਰ ਛਬੀਲ ਲਈ ਚਾਲੀ ਪੰਜਾਹ ਹਜ਼ਾਰ ਦਮੜਾ ਗਰਾਹੀ ਕਰ ਲੈਣੇ ਆ” । ਫਿਰ ਛਬੀਲ ਲਾਉਂਦੇ ਹੋ ਜਾਂ ਨਹੀਂ? ਮੇਰਾ ਸੁਆਲ ਸੁਣ ਕੇ ਗੁਲਾਬਾ ਮੁਸਕਰਾਇਆ, “ਭਾਜੀ ਛਬੀਲਾਂ ਤਾਂ ਲੁਦਿਆਣੇ ਥਾਂ-ਥਾਂ ਲੱਗੀਆਂ ਹੋਦੀਆਂ, ਅਸੀਂ ਕਿ ਕਰਨੇ ਆ ਹਰੇਕ ਛਬੀਲ ਤੇ ਜਾਕੇ ਗੰਟਾ ਹੱਧਾ ਗੰਟਾ(ਘੰਟਾ ਅੱਧਾ ਘੰਟਾ) ਸਭ ਤੋਂ ਅੱਗੇ ਹੋ ਕੇ ਸੇਵਾ ਕਰੇਨੇ ਆ। ਜਿਸ ਨਾਲ ਵੇਖਣ ਵਾਲੇ ਨੂੰ ਇੰਞ ਲੱਗਸੀ ਕਿ ਛਬੀਲ ਅਸੀਂ ਹੀ ਲਗਾਈ ਹੈ” । ਸੁਣ ਕੇ ਮੇਰੇ ਡੇਲੇ ਬਾਹਰ ਨੂੰ ਆਏ ਤੇ ਪੁੱਛਿਆ,” ਇਸ ਤੋਂ ਬਿਨਾਂ ਹੋਰ ਕਿਹੜੇ ਕਿਹੜੇ ਢੰਗ ਹੋਏ ਪੈਸਾ ਕਮਾਉਣ ਦੇ? ਮੈਂ ਦੱਸਿਆ ਤਾਂ ਹੈ ਕਿ ਅਕਲ ਦਾ ਤਾਲਾ ਖੋਲ੍ਹਣ ਦੀ ਲੋੜ ਹੈ, ਮੇਰੀ ਫੋਟੋ ਬੀਬੀ ਇੰਦਰਜੀਤ ਕੌਰ ਪਿੰਗਲਵਾੜੇ ਵਾਲੀ ਦੇ ਨਾਲ ਹੈ ਤੇ ਦਾਰ ਜੀ (ਪਿਤਾ ਜੀ) ਦੀ ਫੋਟੋ ਭਗਤ ਪੂਰਨ ਸਿੰਘ ਜੀ ਨਾਲ ਹੈ। ਇਹ ਵਿਖਾ ਕੇ ਅਸੀਂ ਪਿੰਗਲਵਾੜੇ ਦੇ ਨਾਂ ਤੇ ਕਮਾਈ ਕਰ ਲੈਨੇ ਆ।ਇਸ ਵਾਸਤੇ ਪੰਜਾਬ ਤੋਂ ਬਾਹਰ ਦੇ ਸ਼ਹਿਰਾਂ ਵਿੱਚ ਚਲੇ ਜਾਂਦੇ ਹਾਂ।, ਕਦੇ ਫਸੇ ਵੀ ਹੋਵੋਗੇ? ਸਾਰੀ ਦੁਨੀਆਂ ਬੇਵਕੂਫ ਥੋੜੀ ਆ”। ਮੇਰੇ ਇਸ ਸੁਆਲ ਦਾ ਜੁਆਬ ਵੀ ਉਹ ਮੁਸਕਰਾਹਟ ਨਾਲ ਦਿੰਦਾ ਹੈ।, “ਜੇ ਅਸੀਂ ਹੱਥ ਵੇਖ ਸਕਨੇ ਆ ਤਾਂ ਬੰਦੇ ਦਾ ਚਿਹਰਾ ਪੜ੍ਹਨ ਦੀ ਜਾਂਚ ਵੀ ਹੈ। ਤੇਜ਼ ਤਰਾਰ ਲੋਕਾਂ ਨੂੰ ਅਸੀਂ ਮੂੰਹ ਨਹੀਂ ਜੇ ਲਗਾਉਂਦੇ।
    ਢੰਗ ਤਾਂ ਉਸ ਨੇ ਹੋਰ ਵੀ ਬਥੇਰੇ ਦੱਸੇ ਪਰ ਮੇਰੇ ਸਬਰ ਦਾ ਪਿਆਲਾ ਭਰ ਚੁੱਕਾ ਸੀ। ਮੈਂ ਤਲਖ ਲਹਿਜੇ ਵਿੱਚ ਆ ਗਿਆ ਤੇ ਕਿਹਾ, “ਯਾਰ ਤੁਸੀਂ ਲੋਕਾਂ ਨੂੰ ਸ਼ਰੇਆਮ ਲੁੱਟਦੇ ਹੋ, ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਉੱਤੇ ਐਸ਼ ਕਰਦੇ ਹੋ, ਥੋਨੂੰ ਇਸ ਦੀ ਸ਼ਰਮ ਹਯਾ ਕਦੇ ਨਹੀਂ ਆਉਂਦੀ? ਉਸਦੇ ਚਿਹਰੇ ਤੇ ਕੋਈ ਸ਼ਰਮ ਜਾਂ ਗੁੱਸਾ ਨਹੀ ਸੀ, ਸਗੋਂ ਬੜੇ ਠਰੰਮੇ ਨਾਲ ਮੈਨੂੰ ਸੰਬੋਧਿਤ ਹੋਇਆ,” ਭਾਜੀ ਇੱਥੇ ਕੌਣ ਹੈ ਜੋ ਦੂਜਿਆਂ ਨੂੰ ਲੁੱਟ ਨਹੀਂ ਰਿਹਾ? ਡਾਕਟਰ, ਲੀਡਰ, ਵਪਾਰੀ, ਸਾਰਾ ਸਰਕਾਰੀ ਤਾਣਾ ਬਾਣਾ, ਗੁਰਦੁਆਰਿਆਂ ਦੇ ਪ੍ਰਬੰਧਕ, ਸਮਾਜਸੇਵੀ ਸਭ ਲੁੱਟ ਰਹੇ ਆ।ਧਰਮ ਦੇ ਨਾਂ ਹੇਠ ਸਭ ਤੋਂ ਵੱਧ ਲੁੱਟ ਹੋਂਦੀ ਏ। ਸਾਧ ਬਾਬੇ ਸੌ ਸੌ ਅਖੰਡ ਪਾਠ ਕਰਵਾ ਕੇ ਸ਼ਰੇਆਮ ਲੁੱਟ ਰਹੇ ਜੇ। ਸਿੱਧੀ ਬਾਤ ਆ, ਜਿਸਦਾ ਜਿੱਥੇ ਦਾਅ ਲੱਗਦਾ ਲਾ ਹੀ ਲੈਂਦਾ ਏ। ਨਾਲੇ ਸਾਡਾ ਤਾਂ ਪਿਤਾ ਪੁਰਖੀ ਕੰਮ ਇਹੋ ਹੀ ਜੇ। ਸਾਡੇ ਵਡੇਰੇ ਪਿੰਡਾਂ ਵਿੱਚ ਜਾਕੇ ਪੱਤਰੀ ਵੇਖ ਕੇ, ਜਾਂ ਹੱਥ ਵੇਖਕੇ, ਆਟਾ ਦਾਣਾ ਇਕੱਠਾ ਕਰੇੰਦੇ ਸੀ ਤੇ ਅਸਾਂ ਆਪਣੀ ਅਕਲ ਨਾਲ ਉਸੇ ਧੰਦੇ ਨੂੰ ਅੱਗੇ ਵਧਾਇਆ ਹੈ। ਸਮੇਂ ਦੇ ਬਦਲਣ ਨਾਲ ਕਮਾਈ( ਲੁੱਟਣ) ਦਾ ਢੰਗ ਵੀ ਬਦਲ ਗਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਬਦਲੇਗਾ। ਮੇਰਾ ਯਕੀਨ ਕਰਨਾ, ਇਸ ਵਿੱਚ ਝੂਠ ਕੋ ਨੀ । ਛੇ ਕੁ ਘੰਟੇ ਦਾ ਸਫਰ ਗੱਲਬਾਤ ਦੌਰਾਨ ਪਤਾ ਹੀ ਨਹੀਂ ਲੱਗਾ, ਕਦ ਬੀਤ ਗਿਆ।
    ਅੱਜ ਟਕਨਾਲੋਜੀ ਨੇ ਬੜੀ ਤਰੱਕੀ ਕਰ ਲਈ ਹੈ। ਇੰਟਰਨੈੱਟ ਮੋਬਾਈਲ ਹਰ ਪਿੰਡ ਤੇ ਹਰ ਘਰ ਪਹੁੰਚ ਗਿਆ ਹੈ। ਸੋਸ਼ਲ ਮੀਡੀਆ ਨੇ ਅਖਬਾਰਾਂ ਟੈਲੀਵੀਜ਼ਨਾ ਨੂੰ ਬਖਤ ਪਾ ਛੱਡਿਆ ਏ। ਗੁਲਾਬ ਸਿੰਘ ਦੇ ਕਹਿਣ ਅਨੁਸਾਰ ਲੁੱਟਣ ਦਾ ਢੰਗ ਵੀ ਬਦਲ ਗਿਆ ਹੈ। ਕੋਈ ਗਰੀਬ ਕੁੜੀਆਂ ਵਿਆਹੀ ਜਾਂਦਾ, ਕੋਈ ਬਿਮਾਰਾਂ ਦੇ ਇਲਾਜ ਲਈ ਅਪੀਲਾਂ ਕਰ ਰਿਹਾ, ਕੋਈ ਕਿਸੇ ਦੇ ਢੱਠੇ ਮਕਾਨ ਬਣਾਉਣ ਤੁਰਿਆ ਜਾਂਦਾ
    ਕੋਈ ਅਰਧ ਮਾਨਸਿਕ ਰੋਗੀਆਂ ਨੂੰ ਸਾਬਣ ਨਾਲ ਮਲ ਮਲ ਕੇ ਨੁਹਾ ਧੁਹਾ ਕੇ, ਵੀਡੀਓ ਬਣਾ ਕੇ ਨੈਟ ਤੇ ਚਾੜੀ ਜਾਂਦਾ, ਕਿਧਰੇ ਕੈਂਸਰ ਰੋਕੂ ਮੁਹਿੰਮਾਂ ਚੱਲੀ ਜਾਂਦੀਆਂ।ਸਰਕਾਰਾਂ ਲੁੱਟਣ ਤੇ ਕੁੱਟਣ ਵਿੱਚ ਮਸਰੂਫ ਨੇ, ਸਰਕਾਰਾਂ ਦੇ ਕੰਮ ਸਾਡੇ ਸਮਾਜ ਸੇਵੀ ਕਰੀ ਜਾਂਦੇ ਆ। ਦਾਨੀ ਸੱਜਣ ਆਪਣੇ ਅਣਕੀਤੇ ਪਾਪਾਂ ਦਾ ਭਾਰ ਲਾਹੀ ਜਾਂਦੇ ਆ। ਨਾਲੇ ਪੁੰਨ ਨਾਲੇ ਫਲੀਆਂ।
    ਅਮਰ ਮੀਨੀਆਂ (ਗਲਾਸਗੋ)
    00447868370984

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!