ਸ਼ਿਵਚਰਨ ਜੱਗੀ ਕੁੱਸਾ
ਅੱਜ ਦੇ ਭੱਜ-ਦੌੜ ਅਤੇ ਮੁਕਾਬਲੇ ਭਰੇ ਯੁੱਗ ਵਿੱਚ ਕਿਸੇ ਦਾ ਮਨੋਰੰਜਨ ਕਰ ਕੇ ਕਿਸੇ ਨੂੰ ਹਸਾ ਦੇਣਾ ਮਹਾਂਭਾਰਤ ਵਰਗੀ ਜੰਗ ਜਿੱਤਣ ਦੇ ਬਰਾਬਰ ਹੈ। ਮੇਰੀ ਨਜ਼ਰ ਵਿੱਚ ਵਿਅੰਗ ਲਿਖ ਕੇ ਹਸਾਉਣਾ ਇੱਕ ਸੌਖਾ ਕਾਰਜ ਹੈ, ਪਰ ਇੱਕ ਚਿਤਰ ਸਿਰਜ ਕੇ ਹਸਾ ਦੇਣਾ ਇੱਕ ਵਚਿੱਤਰ ਕਲਾ ਹੈ। ਜਿਵੇਂ ਅਸੀਂ ਅਰਦਾਸ ਵਿੱਚ ਹਰ ਰੋਜ਼ ਪੜ੍ਹਦੇ ਹਾਂ, “ਕਲਾ ਵਾਹਿਗੁਰੂ ਜੀ ਕੀ ਵਰਤੇ….!” ਕਲਾ ਤਾਂ ਹਰ ਰੋਜ਼ ਅਤੇ ਹਰ ਜਗਾਹ ਉਸ ਵਾਹਿਗੁਰੂ ਜੀ ਕੀ ਹੀ ਵਰਤਦੀ ਹੈ, ਪਰ ਵਰਤਦੀ ਉਸ ਉਪਰ ਹੀ ਹੈ, ਜਿਸ ਉਪਰ ਉਸ ਦੀ ਅਪਾਰ ਕਿਰਪਾ ਹੋਵੇ। ਮੈਨੂੰ ਅਥਾਹ ਮਾਣ ਹੈ ਕਿ ਤੇਜਿੰਦਰ ਮਨਚੰਦਾ ਮੇਰਾ ਪ੍ਰਮ-ਮਿੱਤਰ ਹੈ ਅਤੇ ਮੈਂ ਉਸ ਨੂੰ ਕਈ ਵਾਰ ਪੈਰਿਸ ਵਿੱਚ ਮਿਲ਼ ਚੁੱਕਾ ਹਾਂ। ਉਸ ਤੋਂ ਵੀ ਵੱਡਾ ਮਾਣ ਇਹ ਹੈ ਕਿ ਉਸ ਦਾ ਉਸਤਾਦ, ਮਰਹੂਮ ਬਾਈ ਸੁਖਵੰਤ ਆਰਟਿਸਟ ਵੀ ਮੇਰਾ ਜਿਗਰੀ ਯਾਰ ਸੀ ਅਤੇ ਮੇਰੇ ਤਕਰੀਬਨ ਸਾਰੇ ਨਾਵਲਾਂ ਦੇ ਟਾਈਟਲ ਸਰੀਰਕ ਤੌਰ ‘ਤੇ ਵਿੱਛੜ ਗਏ ਮਿੱਤਰ “ਸੁਖਵੰਤ” ਦੇ ਹੀ ਬਣਾਏ ਹੋਏ ਹਨ।

ਮੇਰੇ ਨਿੱਜੀ ਤਜ਼ਰਬੇ ਜਾਂ ਅੰਦਾਜ਼ੇ ਅਨੁਸਾਰ ਉਤਨੀ ਜਲਦੀ ਗੱਲ ਆਦਮੀ ਪੂਰੇ ਨਾਵਲ ਜਾਂ ਕਹਾਣੀ ਵਿੱਚ ਨਹੀਂ ਕਹਿ ਸਕਦਾ, ਜਿਤਨੀ ਜਲਦੀ ਅਤੇ ਸਪੱਸ਼ਟ ਇੱਕ ਕਾਰਟੂਨ ਵਿੱਚ ਚਿਤਰ ਕੇ ਕਹੀ ਜਾ ਸਕਦੀ ਹੈ। ਪਰ ਸਬੰਧਿਤ ਜਾਂ ਢੁਕਵੇਂ ਵਿਸ਼ੇ ਉਪਰ ਚਿਤਰਣ ਦੀ ਕਲਾ ਹੋਣੀ ਚਾਹੀਦੀ ਹੈ! …..ਤੇ ਉਹ ਉਤਮ ਕਲਾ ਰੱਬ ਨੇ ਤੇਜਿੰਦਰ ਮਨਚੰਦਾ ਨੂੰ ਬਖਸ਼ੀ ਹੋਈ ਹੈ। ਚਾਹੇ ਚਿੱਤਰ ਮਜ਼ਾਹੀਆ ਹੋਣ ਕਾਰਨ ਲੋਕਾਂ ਦੇ ਮਨੋਰੰਜਨ ਦਾ ਸਾਧਨ ਵੀ ਬਣਦੇ ਹਨ, ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿੰਨ੍ਹਾਂ ਦੇ ਉਪਰ ਗੱਲ ਢੁਕਦੀ ਹੁੰਦੀ ਹੈ, ਉਹਨਾਂ ਦੇ ਕਿਵੇਂ ਠੂੰਹੇਂ ਵਾਂਗ ਲੜਦੀ ਹੈ। ਤੇਜਿੰਦਰ ਮਨਚੰਦਾ ਦੀਆਂ ਕਲਾ-ਕਿਰਤਾਂ ਦੀਆਂ ਤੇਜ਼-ਤਰਾਰ ਟਿੱਪਣੀਆਂ ਅਤੇ ਕੋਝੇ ਡੰਗ ਖ਼ਾਸ ਤੌਰ ‘ਤੇ ਬੇਈਮਾਨ ਸਿਆਸਤਦਾਨਾਂ ਦੀ ਨੀਂਦ ਜ਼ਰੂਰ ਹਰਾਮ ਕਰਦੀਆਂ ਹੋਣਗੀਆਂ। ਚਿੱਤਰਕਾਰ ਜਾਂ ਕਲਾਕਾਰ ਕੋਈ ਰਾਤੋ-ਰਾਤ ਨਹੀਂ ਬਣ ਜਾਂਦਾ। ਇਸ ਮਗਰ ਉਸ ਦੀ ਦਹਾਕਿਆਂ ਬੱਧੀ ਮਿਹਨਤ, ਸਿਰੜ ਅਤੇ ਲਗਨ ਕੰਮ ਕਰਦੀ ਹੈ। ਜੇ ਅੰਦਰ ਸਰੀਰਕ ਬਲ ਨਾ ਹੋਵੇ ਤਾਂ ਘਣ ਵਰਗੀ ਸੱਟ ਨਹੀਂ ਵੱਜਦੀ, ਤੇ ਜੇ ਕਲਾਕਾਰ ਦੀ ਘਾਲਣਾ ਨਾ ਹੋਵੇ ਤਾਂ ਸਮਾਜਿਕ ਬੁਰਾਈਆਂ, ਰਾਜਨੀਤਕ ਹੇਰਾਫ਼ੇਰੀਆਂ, ਆਰਥਿਕ ਅਤੇ ਸੱਭਿਆਚਾਰਕ ਸਥਿਤੀਆਂ ਉਪਰ ਦੁਰਮਟ ਵਰਗੇ ਵਾਰ ਨਹੀਂ ਹੁੰਦੇ!

ਚਿੱਤਰਕਾਰੀ ਸਿਰਫ਼ ਸ਼ੌਕ ਹੀ ਨਹੀਂ ਹੁੰਦਾ, ਇਸ ਮਗਰ ਸਮਾਜਿਕ ਅਤੇ ਰਾਜਨੀਤਕ ਕੁਰੀਤੀਆਂ ਅਰਥਾਤ ਕੋਝਾਂ ਨੂੰ ਨਿਰਵਸਤਰ ਕਰਨ ਦਾ ਮੰਤਵ ਵੀ ਹੁੰਦਾ ਹੈ। ਕਲਾਕਾਰ ਖ਼ੁਦ ਮੋਮਬੱਤੀ ਵਾਂਗ ਪਿਘਲ ਕੇ ਲੋਕਾਂ ਨੂੰ ਰੋਸ਼ਨੀ ਪ੍ਰਦਾਨ ਕਰਦਾ ਅਤੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਂਦਾ ਹੈ। ਚਿੱਤਰਕਾਰੀ ਉਪਰ ਮਜਬੂਤ ਪਕੜ ਅਤੇ ਚੋਟ ਮਾਰਨ ਦਾ ਕਰਾਰਾ ਢੰਗ ਤੇਜਿੰਦਰ ਮਨਚੰਦਾ ਨੂੰ ਚੋਟੀ ਦੇ ਚਿੱਤਰਕਾਰਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕਰਦਾ ਹੈ। ਉਸ ਦੀਆਂ ਕਲਾ-ਕ੍ਰਿਤਾਂ ਵਿੱਚ ਮਿਹਨਤਕਸ਼ ਦੀ ਲੁੱਟ, ਸੱਭਿਆਚਾਰਕ ਗਿਰਾਵਟ, ਆਰਥਿਕ ਤੌਰ ‘ਤੇ ਨਾ ਬਰਾਬਰੀ, ਬਾਬਿਆਂ ਦੇ ਅਨੈਤਿਕ ਜਿਣਸੀ ਕਾਰਨਾਵਿਆਂ, ਰਾਜਨੀਤਕਾਂ ਦੀ ਹੈਂਕੜ ਅਤੇ ਪੁਲੀਸ ਦੇ ਅਣਮਨੁੱਖੀ ਵਿਵਹਾਰ ਨੂੰ ਉਘਾੜਦੀਆਂ ਹਨ। ਮਨਚੰਦਾ ਨੇ ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਗਿਰਾਵਟ ਦਾ ਲੇਖਾ ਜੋਖਾ ਹੀ ਨਹੀਂ ਕੀਤਾ, ਸਗੋਂ ਗਿਰਾਵਟ ਲਿਆਉਣ ਵਾਲ਼ੇ ਜ਼ਿੰਮੇਵਾਰ ਆਗੂਆਂ ‘ਤੇ ਕਰੜੇ ਵਿਅੰਗ ਕਸ ਕੇ ਉਹਨਾਂ ਦੇ ਦਿਲ ਵੀ ਹਿਲਾਏ ਨੇ! ਆਪਣੇ ਦਿਲ ਦੀ ਗੱਲ ਚਿਤਰਣ ਵੇਲ਼ੇ ਨਾ ਤਾਂ ਉਹ ਕਦੇ ਥਿੜਕਿਆ ਹੈ, ਅਤੇ ਨਾ ਹੀ ਖੁੰਝਿਆ ਹੈ, ਸਗੋਂ ਆਪਣੀ ਕਲਾ ਦਾ ਡੰਕਾ ਬਰਕਰਾਰ ਅਤੇ ਬੁਲੰਦ ਰੱਖਿਆ ਹੈ! ਮੈਂ ਤੇਜਿੰਦਰ ਮਨਚੰਦਾ ਦੀ ਇਸ ਵਿਅੰਗ ਚਿੱਤਰਕਾਰੀ ਦੀ ਕਿਤਾਬ ਨੂੰ ਦੋਵੇਂ ਬਾਂਹਾਂ ਅੱਡ ਕੇ “ਜੀ ਆਇਆਂ” ਆਖਦਾ ਹੋਇਆ ਅਸੀਸ ਦਿੰਦਾ ਹਾਂ ਕਿ ਪੁੱਤਰਾਂ ਵਰਗਾ ਸਾਡਾ ਨਿੱਕਾ ਵੀਰ ਭਵਿੱਖ ਵਿੱਚ ਹੋਰ ਵੀ ਬੁਲੰਦੀਆਂ ਨੂੰ ਜੱਫੇ ਮਾਰੇ!!