8.9 C
United Kingdom
Saturday, April 19, 2025

More

    ਰਿਖੀ ਦੇ ਪਲੇਠੇ ਕਾਵਿ ਸੰਗ੍ਰਹਿ ‘ਮੁਕਤ ਕਰ ਦੇ’ ਦਾ ਰਿਲੀਜ਼ ਸਮਾਰੋਹ

    ਅੰਮ੍ਰਿਤਸਰ, 3 ਜੁਲਾਈ (ਪੰਜ ਦਰਿਆ ਬਿਊਰੋ)
    ਪੱਤਰਕਾਰ, ਅਦਾਕਾਰ, ਸਮਾਜ ਸੇਵਕ ਅਤੇ ਹੁਣ ਸੰਵੇਦਨਸ਼ੀਲ ਕਵੀ ਦੇ ਰੂਪ ‘ਚ ਪੇਸ਼ ਹੋ ਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਆਪਣਾ ਕਾਵਿ ਸੰਗ੍ਰਹਿ ਪਾਉਣ ਵਾਲੇ ਰਾਜਿੰਦਰ ਰਿਖੀ ਦੇ ਪਲੇਠੇ ਕਾਵਿ ਸੰਗ੍ਰਹਿ ‘ਮੁਕਤ ਕਰ ਦੇ’ ਦਾ ਰਿਲੀਜ਼ ਸਮਾਰੋਹ ਸਾਦੇ ਪਰ ਪ੍ਰਭਾਵਸ਼ਾਲੀ ਢੰਗ ਨਾਲ ਹੋਇਆ।ਰਾਜਿੰਦਰ ਰਿਖੀ ਦੇ ਪਿਤਾ ਚਮਨ ਲਾਲ ਰਿਖੀ ਨੇ ਕਿਤਾਬ ਰਿਲੀਜ਼ ਕੀਤੀ। ਬੀਤੇ ਤਿੰਨ ਦਹਾਕੇ ਤੋਂ ਨਿਰੰਤਰ ਪੱਤਰਕਾਰੀ ਪੇਸ਼ੇ ਨਾਲ ਜੁੜੇ ਰਾਜਿੰਦਰ ਰਿਖੀ ਨੇ ਦੱਸਿਆ ਕਿ ਉਸਦੀਆਂ ਕਾਵਿ ਰਚਨਾਵਾਂ ਜਿੰਦਗੀ ਦੇ ਹਰੇਕ ਪਹਿਲੂ ਨੂੰ ਉਜਾਗਰ ਕਰਦੀਆਂ ਹਨ। ਆਪਣੇ ਚਿਰ ਪਰਿਚਤ ਅੰਦਾਜ ਵਿਚ ਰਿਖੀ ਨੇ ਕਿਹਾ ਕਿ ਉਹ ਅਸਲ ਵਿਚ ਪੱਤਰਕਾਰ ਹੀ ਹੈ, ਪਰ ਉਸਦੀ ਕਲਮ ਖਬਰਾਂ ਦੇ ਨਾਲ ਨਾਲ ਕਿਸ ਵੇਲੇ ਆਪਣੇ ਸ਼ਬਦਾਂ ਨੂੰ ਕਵਿਤਾ ਦਾ ਰੂਪ ਦੇਣ ਲੱਗੀ ਇਹ ਮੈਂ ਵੀ ਨਹੀ ਜਾਣਦਾ। ਆਪਣੇ ਕਾਵਿ ਸੰਗ੍ਰਹਿ ਦੇ ਸਿਰਲੇਖ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਹ ਸਿਰਲੇਖ ਸਾਡੇ ਸਮਾਜ ਵਿਚਲੀ ਹੀ ਇਕ ਕੁਰੀਤੀ ਨਾਲ ਸੰਬੰਧਿਤ ਹੈ। ਇਹ ਇਕ ਅਣਜੰਮੀ ਧੀ ਵੱਲੋਂ ਆਪਣੀ ਮਾਂ ਦੇ ਨਾਮ ਪੁਕਾਰ ਹੈ ਜੋਕਿ ਇਸ ਦੁਨੀਆਂ ਵਿਚ ਆ ਕੇ ਇਕ ਲੜਕੀ ਦੇ ਹੋਣ ਵਾਲੇ ਸ਼ੋਸ਼ਣ ਤੋਂ ਮੁਕਤੀ ਚਾਹੁੰਦੀ ਹੈ।ਉਹਨਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਹੀ ਸਮਾਜ ਨੂੰ ਸੇਧ ਦੇਣ ਵਾਲੀਆਂ ਅਤੇ ਉਸਾਰੂ ਸੋਚ ਵਾਲੀਆਂ ਰਚਨਾਵਾਂ ਨਾਲ ਆਪਣੀ ਹਾਜਰੀ ਲਗਵਾਉਂਦੇ ਰਹਿਣਗੇ।

    ਇਸ ਮੌਕੇ ਬੋਲਦਿਆਂ ਪ੍ਰਸਿੱਧ ਹਾਸਰਸ ਕਲਾਕਾਰ ਸੁਰਿੰਦਰ ਫਰਿਸ਼ਤਾ ਉਰਫ ਘੁੱਲੇ ਸ਼ਾਹ ਨੇ ਕਿਹਾ ਕਿ ਰਿਖੀ ਇਕ ਵਧੀਆ ਕਲਾਕਾਰ ਅਤੇ ਪੱਤਰਕਾਰ ਤੇ ਸੀ,ਪਰ ਅੱਜ ਉਸਨੇ ਆਪਣੀ ਕਲਮ ਦੇ ਜਾਦੂ ਨਾਲ ਜੋ ਮਾਅਰਕਾ ਮਾਰਿਆ ਹੈ ਇਹ ਸਦੀਵੀਂ ਜਿੰਦਾ ਰਹਿਣ ਵਾਲਾ ਹੈ।ਇਸ ਮੌਕੇ ਬੌਲੀਵੁਡ ਅਦਾਕਾਰ ਅਰਵਿੰਦਰ ਭੱਟੀ, ਚਮਨ ਲਾਲ ਰਿਖੀ, ਡਾ.ਤਰਸੇਮ ਸ਼ਰਮਾ (ਓਸ਼ੋਧਾਰਾ), ਧਵਨੀ ਮਹਿਰਾ ਸ਼ੀ.ਮੀਤ ਪ੍ਰਧਾਨ ਈਡੀਅਟ ਕਲੱਬ, ਦਲਜੀਤ ਅਰੋੜਾ, ਹਰਿੰਦਰ ਸੋਹਲ, ਕੁਲਵਿੰਦਰ ਸਿੰਘ ਬੁੱਟਰ, ਸ਼ਿਵਰਾਜ ਸਿੰਘ, ਪ੍ਰਿਤਪਾਲ ਪਾਲੀ, ਵਿੰਕਲ ਫਰਿਸ਼ਤਾ, ਤਰਲੋਚਨ ਤੋਚੀ, ਦਲਜੀਤ ਸੋਨਾ, ਸਟੇਟ ਐਵਾਰਡੀ ਗਾਇਕਾ ਖਿਯਾਤੀ ਮਹਿਰਾ, ਪਰਵਿੰਦਰ ਮੂਧਲ, ਦੀਪਕ ਮਹਿਰਾ, ਸੁਮੀਤ ਕਾਲੀਆ, ਕਾਰਤਿਕ ਰਿਖੀ, ਸੋਨਲ ਦਵੇਸਰ, ਜਗਤਾਰ ਸਿੰਘ ਬਿੱਲਾ, ਰਾਜੀਵ ਸ਼ਰਮਾ, ਵੈਭਵ ਅਰੋੜਾ, ਸੰਗੀਤਾ ਅਰੋੜਾ, ਧੈਰਿਆ ਮਹਿਰਾ,ਸਵਿੰਦਰ ਸਵੀ, ਹੈਪੀ ਸਿੰਘ ਅਤੇ ਸੁਨੀਲ ਠਾਕੁਰ ਵੀ ਹਾਜਰ ਸਨ।
    ਅਦਾਰਾ “ਪੰਜ ਦਰਿਆ” ਆਪਣੇ ਪਰਿਵਾਰ ਦੇ ਸੁਹਿਰਦ ਜੀਅ ਰਾਜਿੰਦਰ ਰਿਖੀ ਨੂੰ ਓਹਨਾਂ ਦੇ ਪਲੇਠੇ ਕਾਵਿ ਸੰਗ੍ਰਹਿ ਦੇ ਲੋਕ ਅਰਪਣ ਹੋਣ ਦੀ ਹਾਰਦਿਕ ਵਧਾਈ ਪੇਸ਼ ਕਰਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!