ਮਨਦੀਪ ਕੌਰ ਭੰਮਰਾ

ਗ਼ਮ ਦੇ ਬੱਦਲ ਉੱਡ ਜਾਵਣਗੇ
ਮੀਂਹ ਬਰਸੇਗਾ ਖੁਸ਼ੀਆਂ ਵਾਲ਼ਾ
ਸਾਡੇ ਹਰਿਆਲੀ ਲਹਿਰਾਏਗੀ
ਹੋਵੇਗਾ ਜੀਵਨ ਖੁਸ਼ੀਆਂ ਵਾਲ਼ਾ।
ਰੰਗਾਂ,ਵੰਗਾਂ,ਧੀਆਂ,ਸਖੀਆਂ ਤੇ
ਰੁੱਤਾਂ,ਪੁੱਤਾਂ ਨੇ ਛਹਿਬਰ ਲਾਈ
ਫੁੱਲ਼ਾਂ,ਪੱਤੀਆਂ, ਹਵਾਵਾਂ,ਖੁਸ਼ਬੂ
ਰਲ਼ਮਿਲ਼ ਕੇ ਜੋ ਰੁੱਤ ਮਹਿਕਾਈ।
ਸਮਾਂ ਸੁਹਾਣਾ ਹੋਵੇ ਜੇਕਰ ਸਾਰਾ
ਧੂਪ,ਚੰਦਨ ਅਗਰ ਜਦ ਮਹਿਕੇ
ਰੂਹਾਂ ਹੋ ਜਾਵਣ ਫਿਰ ਸਰਸ਼ਾਰ
ਮਨ ਦਾ ਮੋਰ ਖੁਸ਼ੀ ਸੰਗ ਚਹਿਕੇ।
ਕੇਸਰ ਘੁਲ਼ਿਆ ਹੋਵੇ ਜਦ ਸਾਹੀਂ
ਮਨ ਹੋਵੇ ਕੋਮਲ ਫੁੱਲ ਦੀ ਡਾਲੀ
ਚਾਰ ਚੁਫ਼ੇਰੇ ਮਹਿਕੇਂਗਾ ਸੱਜਣਾਂ
ਬਾਗ ਤੇਰੇ ਦਾ ਹੀਰਾ ਜੇ ਮਾਲੀ।
ਮਿੱਟੀ ਮਾਂ ਦੀ ਕੁੱਖ ਵਿੱਚ ਉੱਗਣ
ਸਾਰੇ ਫਲ਼ ਫੁੱਲ਼ ਸਾਰੀ ਬਨਸਪਤ
ਵੇਲਾਂ,ਬਿਰਖਾਂ ਦੀਆਂ ਸਭ ਦਾਤਾਂ
ਕੁਦਰਤ ਦੀ ਇਹ ਸਭ ਰਹਿਮਤ।
ਅਸੀਂ ਭੁੱਲ ਬੈਠੇ ਸਭ ਸੌਗਾਤਾਂ ਨੂੰ
ਉਸ ਦਾਤੇ ਦੇ ਜੋ ਦੋਸ਼ੀ ਬਣ ਬੈਠੇ,
ਭੁੱਲੇ ਉਸਦੀ ਸ਼ਕਤੀ ਕਰਤਾਰੀ
ਆਪੇ ਨੂੰ ਮੰਨ ਕੇ ਰੱਬ ਬਣ ਬੈਠੇ।
ਮਨ ਮੰਦਿਰ ਤਨ ਵੇਸ ਕਲ਼ੰਦਰ
ਅੰਦਰੀਂ ਪੂਜਾ ਫਿਰ ਨਾਹੀਂ ਦੂਜਾ
ਸਮਝਾਂ ਦਾ ਫੇਰ ਮੁਕਾ ਦੇ ਵੀਰਾ
ਇਹੋ ਫੇਰਾ ਕੋਈ ਘਰ ਨਾ ਦੂਜਾ।
-ਮਨਦੀਪ ਕੌਰ ਭੰਮਰਾ