ਅਮਰ ਮੀਨੀਆਂ (ਗਲਾਸਗੋ)

ਸਾਡੇ ਪਿੰਡ ਹਾਕੀ ਦਾ ਟੂਰਨਾਮੈਂਟ ਹੋ ਰਿਹਾ ਸੀ। ਫਾਈਨਲ ਮੈਚ ਸਾਡੇ ਪਿੰਡ ਤੇ ਨੇੜੇ ਪਿੰਡ ਦੀ ਟੀਮ ਦਾ ਆ ਗਿਆ। ਸਾਡੀ ਪੇਂਡੂੰ ਮਾਨਸਿਕਤਾ ਇਹੀ ਹੁੰਦੀ ਹੈ ਕਿ ਪਹਿਲਾ ਇਨਾਮ ਪਿੰਡ ਦੀ ਟੀਮ ਨੂੰ ਹੀ ਜਿਤਾਇਆ ਜਾਵੇ। ਉਸ ਲਈ ਬਹੁਤ ਲੁੱਤ ਘੜੁੱਤ ਕੀਤੀ ਜਾਂਦੀ ਹੈ। ਮੈਚ ਤਾਂ ਬਰਾਬਰ ਚੱਲ ਰਿਹਾ ਸੀ ਪਰ ਮੇਰੇ ਪਿੰਡ ਵਾਲੇ ਥੋੜ੍ਹੀ ਧੱਕੇਸ਼ਾਹੀ ਕਰ ਰਹੇ ਸਨ। ਰੈਫਰੀ ਵੀ ਮੇਜ਼ਬਾਨ ਟੀਮ ਦਾ ਜਿਆਦਾ ਪੱਖ ਪੂਰ ਰਿਹਾ ਸੀ। ਵਿਰੋਧੀ ਟੀਮ ਦਾ ਇਕ ਖਿਡਾਰੀ ਗੁੱਸਾ ਖਾ ਗਿਆ, ਉਸਨੇ ਸਾਡੇ ਪਿੰਡ ਦੇ ਖਿਡਾਰੀ ਦੇ ਹਾਕੀ ਮਾਰ ਦਿੱਤੀ। ਗਰਾਊਂਡ ਵਿੱਚ ਰੌਲਾ ਪੈ ਗਿਆ, ਹਾਕੀਆਂ ਖੜਕ ਪਈਆਂ। ਪਿੰਡ ਦੇ ਦਰਸ਼ਕ ਵੀ ਖਿਡਾਰੀਆਂ ਦੀ ਹਮਾਇਤ ਵਿੱਚ ਆ ਗਏ। ਖੇਡ ਮੈਦਾਨ ਰਣਭੂੰਮੀ ਚ ਤਬਦੀਲ ਹੋ ਗਿਆ। ਵਿਰੋਧੀ ਟੀਮ ਨੇ ਭੱਜਣ ਵਿੱਚ ਹੀ ਭਲਾਈ ਸਮਝੀ। ਭੱਜੇ ਜਾਂਦਿਆਂ ਦਾ ਵੀ ਵਾਹਵਾ ਕੁਟਾਪਾ ਹੋਇਆ। ਸੱਟਾਂ ਤਾਂ ਵਿਰੋਧੀ ਖਿਡਾਰੀ ਸਾਰਿਆਂ ਦੇ ਹੀ ਵੱਜੀਆਂ ਸਨ ਪਰ ਦੋ ਕੁ ਜਣੇ ਜਿਆਦਾ ਕੁੱਟੇ ਗਏ। ਉਹਨਾਂ ਨੂੰ ਮੋਗੇ ਦਾਖਲ ਕਰਵਾ ਕੇ ਛੱਬੀ ਦਾ ਪਰਚਾ ਦੋ ਤਿੰਨ ਖਿਡਾਰੀਆਂ ਸਮੇਤ ਟੂਰਨਾਮੈਂਟ ਕਮੇਟੀ ਪ੍ਰਧਾਨ ਤੇ ਦਰਜ਼ ਕਰਵਾ ਦਿੱਤਾ। ਰਾਤ ਨੂੰ ਬੱਧਣੀ ਵਾਲੇ ਠਾਣੇਦਾਰ ਨੇ ਸਰਪੰਚ ਨੂੰ ਫੋਨ ਕੀਤਾ ਕਿ ਪਰਚਾ ਹੋ ਗਿਆ ਹੈ। ਸਰਪੰਚ ਕਹਿੰਦਾ, ਰਾਜ਼ੀਨਾਮਾ ਕਰਵਾ ਦਿਉ। ਠਾਣੇਦਾਰ ਕਹਿੰਦਾ, “ਸਰਪੰਚ ਸਾਹਿਬ ਲੜਾਈ ਹੋਈ ਆ, ਥੋਨੂੰ ਵੀ ਪਤਾ ਹੀ ਆ ਰਾਜ਼ੀਨਾਮੇ ਲਈ ਕੋਈ ਛੋਟਾ ਮੋਟਾ ਪਰਚਾ ਥੋਡੇ ਵੱਲੋਂ ਵੀ ਹੋਣਾ ਚਾਹੀਦਾ ਹੈ। ਫਿਰ ਆਪਾ ਅਗਲੇ ‘ਤੇ ਦਬਾਅ ਬਣਾ ਸਕਦੇ ਆਂ।” ਸਰਪੰਚ ਨੇ ਠਾਣੇਦਾਰ ਕੋਲੋਂ ਸਵੇਰ ਤੱਕ ਦਾ ਸਮਾਂ ਲੈਕੇ ਫੋਨ ਕੱਟ ਦਿੱਤਾ। ਹੁਣ ਪਿੰਡ ਦੀ ਇੱਜ਼ਤ ਦਾ ਸੁਆਲ ਸੀ। ਸਰਪੰਚ ਕੋਈ ਸਕੀਮ ਸੋਚਣ ਲੱਗਾ।
ਚੜਿੱਕ ਦੀ ਮੰਡੀ ਤੋਂ ਜੈਲ ਖੁੰਡੇ ਦਾ ਬਾਪੂ ਇਕ ਝੋਟੀ ਖਰੀਦ ਲਿਆਇਆ। ਮਿਲ ਤਾਂ ਸਸਤੀ ਗਈ ਪਰ ਸੀ ਮਾਰਨਖੰਡੀ। ਮੈਚ ਵਾਲੀ ਲੜਾਈ ਤੋਂ ਇਕ ਦਿਨ ਪਹਿਲਾਂ, ਜੈਲ ਮੋਟੀ ਜੀ ਚੂੰਡੀ ਜ਼ਰਦੇ ਦੀ, ਜਾੜਾਂ ਹੇਠ ਨੱਪ ਕੇ ਤੂੜੀ ‘ਚ ਹਰਾ ਰਲਾਉਣ ਲੱਗ ਪਿਆ। ਨਵੀਂ ਝੋਟੀ ਭੂਸਰ ਗਈ ਉਸਨੇ ਜੈਲ ਨੂੰ ਸਿੰਗਾਂ ‘ਤੇ ਚੁੱਕ ਕੇ ਕੁਤਰੇ ਵਾਲੀ ਮਸ਼ੀਨ ‘ਤੇ ਵਗਾਹ ਮਾਰਿਆ। ਮਸ਼ੀਨ ‘ਤੇ ਮੂੰਹ ਵੱਜਣ ਨਾਲ ਖੱਬੇ ਪਾਸੇ ਦੀਆ ਦੋ ਤਿੰਨ ਜਾੜਾਂ ਜ਼ਰਦੇ ਸਮੇਤ ਬਾਹਰ ਆ ਗਈਆਂ ਤੇ ਨਾਲ ਹੀ ਬਾਂਹ ਦਾ ਜੜਾਕਾ ਪੈ ਗਿਆ। ਸਰਪੰਚ ਦੀ ਗੱਡੀ ‘ਚ ਪਾ ਕੇ ਹੀ ਬਾਂਹ ਹਿੰਮਤਪੁਰੇ ਕੂਕਿਆਂ ਦੇ ਗੁਰਦੁਆਰੇ ਰਹਿੰਦੇ ਇੱਕ ਬਾਬੇ ਤੋਂ ਬੰਨਵਾ ਕੇ ਲਿਆਂਦੀ ਸੀ। ਮੂੰਹ ਸੁੱਜ ਕੇ ਭੜੋਲੇ ਵਰਗਾ ਹੋ ਗਿਆ। ਤੇਜ਼ ਤਰਾਰ ਸਰਪੰਚ ਦੇ ਦਿਮਾਗ ਵਿੱਚ ਫੱਟੜ ਪਿਆ ਜੈਲ ਖੁੰਡਾ ਘੁੰਮ ਗਿਆ। ਸਰਪੰਚ ਨੇ ਉਸੇ ਵੇਲੇ ਜੀਪ ਖੁੰਡਿਆਂ ਦੇ ਘਰ ਮੂਹਰੇ ਲਿਆ ਖੜ੍ਹਾਈ। ਜੈਲ ਤੇ ਸਰਪੰਚ ਦਾ ਪਤਾ ਨਹੀਂ ਕੀ ਸਮਝੌਤਾ ਹੋਇਆ? ਰਾਤੋ ਰਾਤ ਜੈਲ ਨੂੰ ਬੱਧਨੀ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਸਵੇਰ ਤੱਕ ਜਬਾੜੇ ਤੇ ਬਾਂਹ ਦੇ ਐਕਸਰੇ ਹੋ ਗਏ। ਬਾਂਹ ਦੀਆਂ ਫੱਟੀਆਂ ਲਾਹ ਕੇ ਚਿੱਟਾ ਪਲੱਸਤਰ ਜੜ ਦਿੱਤਾ। ਛੱਬੀ ਦਾ ਪਰਚਾ ਕੱਟ ਕੇ ਡਾਕਟਰ ਨੇ ਸਰਪੰਚ ਦੇ ਹੱਥ ‘ਤੇ ਰੱਖ ਦਿੱਤਾ। ਇਉਂ ਹੋਇਆ ਜਿਵੇਂ ਜੈਲ ਹਨੂੰਮਾਨ ਵਾਂਗੂੰ ਰਾਤੋਰਾਤ ਪਿੰਡ ਲਈ ਸੰਜੀਵਨੀ ਬੂਟੀ ਲੈ ਆਇਆ ਹੋਵੇ। ਲੋਕ ਕਹਿੰਦੇ ਸਨ ਜੈਲ ਖੁੰਡੇ ਨੇ ਪਿੰਡ ਦੀ ਇੱਜ਼ਤ ਰੱਖ ਲਈ। ਇੱਧਰ ਹਸਪਤਾਲ ਵਿੱਚ ਬੈਠਾ ਜੈਲ ਲੱਸੀ ‘ਚ ਮਿਲਾਈ ਦੇਸੀ ਸ਼ਰਾਬ ਦੇ ਸੁੜਾਕੇ ਮਾਰ ਰਿਹਾ ਸੀ ਤੇ ਓਧਰ ਸੜਕ ਦੇ ਦੂਜੇ ਪਾਸੇ ਬੱਧਣੀ ਠਾਣੇ ਵਿੱਚ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਰਾਜ਼ੀਨਾਮੇ ‘ਤੇ ਦਸ਼ਤਖਤ ਕਰ ਰਹੀਆਂ ਸਨ।