
ਸਤਿੰਦਰ ਸਿੰਘ ਓਠੀ
ਸੁਣੋ ਐਟਮ ਦੇ ਤਾਜ਼ਰੋ, ਸਭ ਹੋਈ ਸਿਆਣਪ ਫੇਲ੍ਹ,
ਅੱਜ ਘਰ ਬਣ ਗੲੇ ਪਿੰਜਰੇ ,ਇੰਝ ਲੱਗਦਾ ਹੋਈ ਜੇਲ੍ਹ।
ਸੱਥਾਂ ਹੋਈਆਂ ਸੁੰਞੀਆਂ ,ਥੰਮ ਗਏ ਕਾਰੋਬਾਰ,
ਜਾਨ ਦੇ ਲਾਲੇ ਪੈ ਗਏ ,ਸਦਮੇ ਵਿੱਚ ਸੰਸਾਰ।
ਚੁੱਪ ਮਸ਼ੀਨਰੀ ਹੋ ਗਈ, ਸ਼ਾਂਤ ਧਰਤ ਅਸਮਾਨ,
ਕੁਦਰਤ ਅੱਗੇ ਹਾਰਿਆ ,ਜੋ ਸਮਝੇ ਮੈਂ ਬਲਵਾਨ।
ਜਿੰਨ੍ਹਾਂ ਕੋਲ ਨਾ ਵਕਤ ਸੀ ,ਅੱਜ ਬੈਠੇ ਵਕਤੋਂ ਹਾਰ,
ਨਾਨੀ ਯਾਦ ਕਰਾ ਦੇਵੇ, ਜਦ ਪੈਂਦੀ ਰੱਬ ਦੀ ਮਾਰ।
ਕਰਤਾ ਕਿਉਂ ਹੈ ਰੁੱਸਿਆ, ਸਭ ਮਾਰੋ ਅੰਤਰ- ਝਾਤ,
ਭਰੇ ਖ਼ੁਨਾਮੀਆਂ ਨਾਲ ਹਾਂ, ਰੱਬ ਅੱਗੇ ਕੀ ਔਕਾਤ।
ਪਵਣ ਗੁਰੂ ਪਾਣੀ ਪਿਤਾ ,ਵਿੱਸਰ ਗਏ ਸੀ ਲੋਕ,
ਕੁਦਰਤ ਦੇ ਫਿਰ ਕਹਿਰ ਨੂੰ, ਕੌਣ ਸਕੇਗਾ ਰੋਕ।
ਪੈਸੇ ਪਿੱਛੇ ਦੌੜਦਾ ,ਨਿੱਤ ਜੋ ਗੁੰਦੇ ਗੋਂਦ,
ਮਾਨਵ ਜੇ ਨਾ ਸੰਭਲਿਆ ,ਖ਼ਤਰੇ ਵਿੱਚ ਫਿਰ ਹੋਂਦ।
ਜਿਊਣਾ ਹੈ ਤਾਂ ਸਾਂਭੀਏ ,ਪਾਣੀ ਧਰਤ ਆਕਾਸ਼,
ਅੱਜ ਵੀ ਜੇ ਨਾ ਸੰਭਲੇ ,ਤਾਂ ਹੋਣਾ ਬੜਾ ਵਿਨਾਸ਼।
ਅਰਜ਼ ‘ਓਠੀ’ ਦੀ ਦਾਤਿਆ, ਬਖ਼ਸ਼ ਲੈ ਬਖਸ਼ਣਹਾਰ,
ਤੇਰੇ ਬਾਝੋਂ ਕੌਣ ਹੈ ,ਤੂੰ ਸਭ ਦਾ ਪਾਲਣਹਾਰ।