4 C
United Kingdom
Friday, March 6, 2026

More

    ਤਹਿ ਬੱਝ ਗਈ ਏ

    ਰਜਨੀ ਵਾਲੀਆ, ਕਪੂਰਥਲਾ

    ਤਹਿ ਬੱਝ ਗਈ ਏ ਮੇਰੇ,
    ਦਿਲ ਚ ਸਵਾਲਾਂ ਦੀ |
    ਉਡਾਰੀ ਬੜੀ ਉੱਚੀ ਏ,
    ਮੇਰਿਆਂ ਖਿਆਲਾਂ ਦੀ |

    ਮੈਨੂੰ ਜੀਵਨ ਜਾਚ ਸਿਖਾਵੇ,
    ਤੇ ਮੈਂ ਸਿੱਖਦੀ ਹਾਂ |
    ਮੇਰਾ ਅੱਖਰ ਬਣ ਉਸਤਾਦ,
    ਆਵੇ ਤੇ ਮੈਂ ਲਿਖਦੀ ਹਾਂ |
    ਕਦੇ ਮੁੱਕੀ ਨਹੀਂ ਤਾਲਾਸ਼,
    ਮੇਰੀਆਂ ਭਾਲਾਂ ਦੀ |
    ਤਹਿ ਬੱਝ ਗਈ ਏ

    ਕਿੰਨੀ ਵਾਰ ਮੈਂ ਸਮਝ-ਸਮਝ,
    ਕੇ ਬੇਸਮਝੀ ਹੋ ਗਈ ਆਂ |
    ਰਮਜ਼ਾ ਵਾਲੇ ਫੱਕਰ ਜਾਨਣ,
    ਮੈਂ ਬੇਰਮਜੀ਼ ਹੋ ਗਈ ਆਂ |
    ਮੈਂ ਹੀ ਤਾਂ ਤਰਤੀਬ ਲਿਖੀਏ,
    ਉਸਦੀਆਂ ਸਾਰੀਆਂ ਚਾਲਾਂ ਦੀ |
    ਤਹਿ ਬੱਝ ਗਈ ਏ

    ਜਦ ਵੀ ਬੱਦਲ ਵਰਨੇਂ ਹੁੰਦੇ,
    ਮੈਨੂੰ ਵੀ ਤਾਂ ਵਰਨਾ ਪੈਂਦਾ |
    ਓਸ ਖੁਦਾ ਦੇ ਕੌਤਕ ਕੋਲੋਂ,
    ਮੈਨੂੰ ਵੀ ਤਾਂ ਡਰਨਾ ਪੈਂਦਾ |
    ਕੀਮਤ ਕੋਈ ਨਹੀਂ ਰਹਿੰਦੀ,
    ਲਾਲਚ ਵੱਸ ਸੁੱਟਿਆਂ ਜਾਲਾਂ ਦੀ |
    ਤਹਿ ਬੱਝ ਗਈ ਏ

    ਵੇ ਰੁਮਕਦੀਆਂ ਹਵਾਵਾਂ ਵਰਗਿਆ,
    ਮੈਂ ਤੇਰੇ ਦਿਲ ਦੀ ਅਰਜੋਈ |
    ਮੈਂ ਅੱਖਰਾਂ ਨਾਲ ਜਿਉਦੀ-ਮਰਦੀ,
    ਪੂਰਾ ਅੱਖਰ ਮੈਨੂੰ ਕਰਦਾ ਕੋਈ |
    ਕੀ ਪਾਵੇਂਗਾ ਕੀਮਤ ਮੇਰੇ,
    ਭਿੱਜੇ ਹੋਏ ਰੁਮਾਲਾਂ ਦੀ |
    ਤਹਿ ਬੱਝ ਗਈ ਏ

    ਰਜਨੀ ਦਾ ਸੁਪਨਾ ਹੋਵੇ ਪੂਰਾ,
    ਸੱਚੀਂ ਜੇ ਤੂੰ ਘਰ ਆ ਜਾਵੇਂ |
    ਮਾਲਕ ਦੀ ਸੁ਼ਕਰਗੁਜ਼ਾਰ ਮੈ ਹੋਵਾਂ,
    ਜੇ ਤੂੰ ਕਮਲੀ ਦੇ ਦਰ ਆ ਜਾਵੇਂ |
    ਤੈਨੂ਼ੰ ਕਿੰਨੀ ਪਈ ਰਹਿੰਦੀ ਏ,
    ਇਸ ਜੋਗਣ ਦਿਆਂ ਹਾਲਾਂ ਦੀ |
    ਤਹਿ ਬੱਝ ਗਈ ਏ,
    ਮੇਰੇ ਦਿਲ ਦੇ ਵਿੱਚ ਸਵਾਲਾਂ ਦੀ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!