17 C
United Kingdom
Sunday, June 21, 2026

More

    ਨਸ਼ਿਆਂ ਨੇ ਪੱਟ ‘ਤੇ ਪੰਜਾਬੀ ਗੱਭਰੂ, ਖੜਕਣ ਹੱਡੀਆਂ ਵਜਾਉਣ ਡਮਰੂ

    ਇਨ੍ਹਾਂ ਨਸ਼ਿਆਂ ਨੇ ਕਈਆਂ ਮਾਵਾਂ ਦੇ ਪੁੱੱਤ ਸਿਵਿਆਂ ਦੀ ਅੱਗ ‘ਚ ਝੋਕੇ

    ਸੰਗਰੂਰ (ਕੁਲਵੰਤ ਛਾਜਲੀ)
    ਕੋਈ ਸਮਾਂ ਹੁੰਦਾ ਸੀ ਕਿ ਸਾਡੇ ਇਤਿਹਾਸ ਵਿੱਚ ਸਿਰਫ ਪੰਜ ਦਰਿਆ ਹੁੰਦੇ ਸਨ, ਅੱਜ ਕੱਲ੍ਹ ਸੂਬੇ ਪੰਜਾਬ ਨੂੰ ਪਤਾ ਨਹੀਂ ਕਿਸਦੀਆਂ ਨਜ਼ਰਾਂ ਨੇ ਖਾ ਲਿਆ ਕਿਉਂਕਿ ਇੱਥੇ ਇੱਕ ਦਰਿਆ ਹੋਰ ਵਗਣ ਲੱਗਾ ਹੈ ਜਿਸ ਨੂੰ ਅਸੀਂ ਨਸ਼ਿਆਂ ਦਾ ਛੇਵਾਂ ਦਰਿਆ ਕਹਿ ਸਕਦੇ ਹਾਂ। ਇਸ ਛੇਵੇਂ ਦਰਿਆ ਨੇ ਆਪਣੀਆਂ ਹੱਦਾਂ ਕਾਫੀ ਵਿਸ਼ਾਲ ਕਰ ਲਈਆਂ ਹਨ ਜਿੱਧਰ ਨੂੰ ਵਹਿ ਤੁਰਦਾ ਹੈ ਉਧਰ ਨੂੰ ਹੀ ਘੇਰਾ ਵੱਡਾ ਕਰ ਲੈਂਦਾ ਹੈ। ਇਸ ਛੇਵੇਂ ਦਰਿਆ ਤੋਂ ਕੌਣ ਜਾਣੂ ਨਹੀਂ? ਇਹ ਛੇਵਾਂ ਦਰਿਆ ਨਸ਼ਿਆਂ ਦਾ ਕਾਰੋਬਾਰ ਹੈ ਜਿਸ ਵਿੱਚ, ਸਮੈਕ, ਹੈਰੋਇਨ, ਚਿੱਟਾ,ਗਾਂਜਾ, ਆਦਿ ਹੋਰ ਨਸ਼ੀਲੇ ਪਦਾਰਥਾਂ ਨਾਲ ਨੌਜਵਾਨ ਪੀੜ੍ਹੀ ਨੂੰ ਗਲਤਾਨ ਕੀਤਾ ਜਾਂਦਾ ਹੈ। ਜੇਕਰ ਦੋ ਦਹਾਕੇ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨਸ਼ਿਆਂ ਨੂੰ ਕੋਈ ਬਹੁਤਾ ਜਾਣਦਾ ਨਹੀਂ ਸੀ ਤੇ ਭੁੱਕੀ, ਅਫੀਮ, ਸ਼ਰਾਬ ਵਰਗੇ ਨਸ਼ਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਭੁੱਕੀ, ਅਫੀਮ ਵਰਗੇ ਨਸ਼ੇ ਦੀ ਵਰਤੋਂ ਕਰਕੇ ਲੋਕ ਕੰਮ ਨੂੰ ਹੱਥ ਪਾਉਂਦੇ ਸਨ ਭਾਂਵੇ ਕਿ ਇਹ ਨਸ਼ੇ ਵੀ ਘਾਤਕ ਸਿੱਧ ਹੁੰਦੇ ਸੀ ਪਰ ਇਨ੍ਹਾਂ ਦਾ ਨੌਜਵਾਨ ਵਰਗ ਉੱਤੇ ਬਹੁਤਾ ਅਸਰ ਨਹੀਂ ਪੈਂਦਾ ਸੀ। ਪਰ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਦੀ ਪਤਾ ਨਹੀਂ ਕਿਉਂ ਮੱਤ ਮਾਰੀ ਗਈ ਇਹੇ ਤਾਂ ਨਸ਼ਿਆਂ ਦੇ ਖਿਲਾਫ ਜੰਗ ਛੇੜਨ ਦੀ ਬਜਾਏ ਨਸ਼ਿਆਂ ਦੀ ਦਲਦਲ ਵਿੱਚ ਡੁੱਬਦੇ ਜਾ ਰਹੇ ਹਨ। ਪੰਜਾਬ ਦੇ ਘਰਾਂ ਵਿੱਚ ਰਹਿੰਦੇ ਨੌਜਵਾਨਾਂ ਵਿੱਚੋਂ ਕੁਝ ਕੁ ਅਜਿਹੇ ਨੌਜਵਾਨਾਂ ਨੇ ਇਹਨਾਂ ਨਸ਼ਿਆਂ ਤੋਂ ਦੂਰੀ ਬਣਾਈ ਹੋਈ ਹੈ ਤੇ ਕੁਝ ਕੁ ਨੂੰ ਤਾਂ ਇਹਨਾਂ ਨਸ਼ਿਆਂ ਲਤ ਪੱਕੇ ਤੌਰ ਲੱਗ ਚੁੱਕੀ ਹੈ। ਪਹਿਲਾਂ ਸਮਾਂ ਹੁੰਦਾ ਸੀ ਕਿ ਜਦੋਂ ਪੁੱਤਰ ਆਪਣੇ ਪਿਤਾ ਦਾ ਡਰ ਮੰਨਦਾ ਸੀ ਤੇ ਚੋਰੀ ਛੁੱਪੇ ਨਸ਼ਾ ਕਰਦਾ ਸੀ, ਪਰ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਬਿਨਾਂ ਕਿਸੇ ਡਰ ਤੋਂ ਖੁੱਲ੍ਹੇਆਮ ਨਸ਼ਾ ਕਰਦੀ ਹੈ। ਇਹਨਾਂ ਨਸ਼ਿਆਂ ਨੇ ਕਈ ਮਾਂਵਾਂ ਦੇ ਪੁੱਤ ਖੋਹ ਲਏ,ਭੈਣਾਂ ਤੋਂ ਵੀਰ ਖੋਹ ਲਏ ਭੈਣਾਂ ਦੀਆਂ ਚੀਕਾਂ ਅੱਜ ਵੀ ਸੁਣਨ ਨੂੰ ਮਿਲਦੀਆਂ ਨੇ ਜਦੋਂ ਉਹ ਆਪਣੇ ਪੇਕੇ ਘਰ ਫੇਰਾ ਪਾਉਣ ਆਉਂਦੀ ਹੈ। ਜਿਨ੍ਹਾਂ ਮੋਢਿਆਂ ਤੇ ਪਿਤਾ ਦੀ ਅਰਥੀ ਜਾਣੀ ਚਾਹੀਦੀ ਸੀ ਉਨ੍ਹਾਂ ਮੋਢਿਆਂ ਤੇ ਪਿਤਾ ਪੁੱਤਰ ਦੀ ਅਰਥੀ ਚੁੱਕ ਕੇ ਲਿਜਾਣ ਲਈ ਮਜਬੂਰ ਹੋ ਰਿਹਾ ਹੈ। ਜਿੱਥੇ ਇਨ੍ਹਾਂ ਨਸ਼ਿਆਂ ਨੇ ਨੌਜਵਾਨੀ ਨੂੰ ਬਰਬਾਦ ਕੀਤਾ ਹੈ ਉੱਥੇ ਹੀ ਹੱਸਦੇ ਵੱਸਦੇ ਘਰਾਂ ਵਿੱਚ ਖੁਸ਼ੀਆ ਦੀ ਬਜਾਏ ਮਾਤਮ ਛਾ ਜਾਂਦਾ ਹੈ ਕਿਉਂਕਿ ਕਈ ਘਰਾਂ ਦੇ ਇਕਲੌਤੇ ਚਿਰਾਗ ਇਨ੍ਹਾਂ ਨਸ਼ਿਆਂ ਦੀ ਭੇਟ ਚੜ੍ਹ ਕੇ ਬੁਝ ਗਏ। ਇਸ ਤਰ੍ਹਾਂ ਇਨ੍ਹਾਂ ਮਨਹੂਸ ਨਸ਼ਿਆਂ ਕਾਰਨ ਸਾਡੇ ਸੂਬੇ ਦੀਆਂ ਕੁੜੀਆਂ ਦੀ ਜਿੰਦਗੀ ਨੂੰ ਵੀ ਬਰਬਾਦ ਕੀਤਾ ਹੈ, ਜੋ ਨੌਜਵਾਨ ਇਨ੍ਹਾਂ ਨਸ਼ਿਆਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੇ ਹਨ ਉਨ੍ਹਾਂ ਦੇ ਵਿਆਹ ਦੀ ਗੱਲ ਕੀਤੀ ਜਾਵੇ ਤਾਂ ਅਨੇਕਾਂ ਕੁੜੀਆਂ ਨੇ ਜਿਨ੍ਹਾਂ ਦੀ ਜਿੰਦਗੀ ਦਾਅ ਤੇ ਲੱਗੀ ਹੋਈ ਉਹ ਨਾ ਸੋਹਰੇ ਘਰ ਰਹਿਣ ਜੋਗੀਆ ਨੇ ਨਾ ਪੇਕੇ ਘਰ ਮਾਪਿਆਂ ਨੂੰ ਉਨ੍ਹਾਂ ਦੇ ਦੁੱਖਾਂ ਨੇ ਝਿੰਜੋੜ ਕੇ ਰੱਖ ਦਿੱਤਾ ਹੈ, ਧੀਆਂ ਦੇ ਗਮਾਂ ਵਿੱਚ ਕਈ ਮਾਵਾਂ ਮੁੱਕ ਗਈਆਂ। ਚੰਗਾ ਸੁਨੇਹਾ ਚਾਹੇ ਸਰਕਾਰ ਦਾ ਹੋਵੇ ਚਾਹੇ ਸਮਾਜ ਸੁਧਾਰਕ ਸੰਸਥਾਵਾਂ ਦਾ ਹੋਵੇ ਘਰਾਂ ਵਿੱਚ ਨਹੀਂ ਪਹੁੰਚਦਾ ਪਰ ਨਸ਼ਾ ਤਸਕਰ ਨਸ਼ਾ ਜਰੂਰ ਪਹੁੰਚਾ ਦੇਣਗੇ। ਕਿਉਂਕਿ ਸ਼ੋਸ਼ਲ ਮੀਡੀਆ ਕਈ ਵਾਰ ਵੀਡੀਓ ਆਈਆਂ ਨੇ ਜਿਨ੍ਹਾਂ ਵਿੱਚ ਨਸ਼ਾ ਤਸਕਰਾਂ ਦੀ ਚੰਗੀ ਧੋਲੀ ਲਾਹੀ ਜਾਂਦੀ ਹੈ ਅਤੇ ਲੋਕ ਆਪ ਕਾਬੂ ਕਰ ਕੇ ਉਸ ਦੋਸ਼ੀ ਨੂੰ ਸਲਾਖਾਂ ਪਿੱਛੇ ਭਿਜਵਾਉਂਦੇ ਹਨ। ਪੰਜਾਬ ਦੀਆਂ 2017ਵਿਧਾਨ ਸਭਾ ਚੋਣਾਂ ਮੌਕੇ ਸੂਬੇ ਦੇ ਲੋਕਾਂ ਨੂੰ ਆਸ ਬੱਝੀ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਅਦੇ ਦੇ ਪੱਕੇ ਹਨ ਚਾਰ ਹਫਤਿਆਂ ਵਿੱਚ ਨਸ਼ਾ ਮੁਕਤ ਪੰਜਾਬ ਬਣਾ ਕੇ ਮੁੜ ਤੋਂ ਹੱਸਦਾ ਵੱਸਦਾ ਪੰਜਾਬ ਬਣਾ ਦੇਣਗੇ।ਲੋਕਾਂ ਇਹਨਾਂ ਬੜੇ ਮਾਣ ਨਾਲ ਚੁਣਿਆ ਸੀ। ਪਰ ਪੰਜਾਬ ‘ਚ ਸਰਕਾਰ ਬਣੀ ਨੂੰ ਤਿੰਨ ਸਾਲ ਤੋਂ ਉੱਪਰ ਦਾ ਸਮਾਂ ਹੋਣ ਵਾਲਾ ਹੈ ਪਰ ਨਸ਼ਾ ਤਸਕਰਾਂ ਦੇ ਹੌਂਸਲੇ ਅੱਜ ਵੀ ਬੁਲੰਦ ਹਨ ਨੌਜਵਾਨਾਂ ਦੀ ਮੌਤ ਨਸ਼ਿਆਂ ਦੀ ਉਵਰਡੋਜ ਕਾਰਨ ਹੋ ਜਾਂਦੀ ਹੈ ਤੇ ਉਨ੍ਹਾਂ ਘਰਾਂ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਰਹਿੰਦੀ ਉਸ ਪਰਿਵਾਰ ਨਾਲ ਕੀ ਬੀਤਦੀ ਹੈ ਸੋ ਆਖਿਰ ਵਿੱਚ ਤੁਹਾਡੇ ਆਸ ਕਰਦੇ ਹਾਂ ਕਿ ਪੰਜਾਬ ਨੂੰ ਬਿਲਕੁਲ ਨਸ਼ਾ ਮੁਕਤ ਪੰਜਾਬ ਬਣਾ ਦੇਵੋਗੇ ਨਸ਼ਾ ਮੁਕਤ ਕਰਨ ਲਈ ਜਾਗਰੂਕਤਾ ਮੁਹਿੰਮ ਵੱਡੀ ਪੱਧਰ ਤੇ ਸ਼ੁਰੂ ਕੀਤੀ ਜਾਵੇ ਤਾਂ ਜੋ ਘਰ ਘਰ ਜਾ ਕੇ ਸੁਨੇਹਾ ਦਿੱਤਾ ਜਾ ਸਕੇ। ਤਾਂ ਜੋ ਹਰ ਘਰ ਵਿੱਚੋਂ ਖੁਸ਼ੀਆ ਦੀਆਂ ਅਵਾਜ਼ਾ ਆਉਣ ਤੇ ਕਿਸੇ ਭੈਣ ਦੀਆਂ ਚੀਕਾਂ ਅਤੇ ਮਾਂ-ਬਾਪ ਦੀ ਰੋਣ ਅਵਾਜ਼ਾ ਸੁਣਨ ਨੂੰ ਨਾ ਮਿਲਣ। ਪੰਜਾਬ ਦੇ ਨੌਜਵਾਨ ਆਪਣੀਆਂ ਲੱਤਾਂ ‘ਤੇ ਖੜ੍ਹੇ ਹੋਣ ਜੋਗੇ ਰਹਿਣਗੇ ਜਾਂ ਫਿਰ ਇਹ ਕਹਾਵਤ ਸੱਚ ਹੋਵੇਗੀ “ਅੱਜ ਦਾ ਨੌਜਵਾਨ ਕੱਲ ਦਾ ਨੇਤਾ” ਨਹੀਂ ਤਾਂ ਫੇਰ ਏਹ ਆਸਾ ਰੱਬ ਅੱਗੇ ਹੀ ਕੀਤੀਆਂ ਜਾ ਸਕਦੀਆਂ ਹਨ ਤੇ ਰੱਬ ਹੀ ਰਾਖਾ ਹੋਵੇਗਾ ਪੰਜਾਬ ਦਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!