ਮਾਲੇਰਕੋਟਲਾ, 01 ਜੁਲਾਈ (ਜਮੀਲ ਜੌੜਾ)
‘ਸੰਡੇ ਹੋ ਯਾ ਮੰਡੇ ਰੋਜ਼ ਖਾਓ ਅੰਡੇ’ ਸਲੋਗਨ ਤੇ ਅਮਲ ਕਰਕੇ ਰੋਜ਼ਾਨਾ ਸੰਤੂਲਿਤ ਭੋਜਨ ‘ਚ ਅੰਡੇ ਖਾਣ ਵਾਲਿਆਂ ਨੂੰ ਸਾਵਧਾਨ ਹੋਣ ਦੀ ਲੋੜ ਹੈ । ਕਰੋਨਾ ਮਹਾਮਾਰੀ ਦੇ ਚਲਦਿਆਂ ਡਾਕਟਰ ਮਰੀਜ਼ਾਂ ਨੂੰ ਚੰਗੀ ਸਿਹਤ ਰੱਖਣ ਲਈ ਅਕਸਰ ਅੰਡੇ ਖਾਣ ਦੀ ਸਲਾਹ ਦਿੰਦੇ ਹਨ । ਪਰੰਤੂ ਇੱਕ ਚੌਂਕਾ ਦੇਣ ਵਾਲਾ ਮਾਮਲਾ ਸਾਹਮਣੇ ਆਉਣ ਤੇ ਲੋਕਾਂ ‘ਚ ਸਹਿਮ ਦੀ ਸਥਿਤੀ ਬਣ ਗਈ ਹੈ । ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਥਿੰਦ ਮੈਡੀਕਲ ਸਟੋਰ ਦੇ ਮਾਲਕ ਮਹਿਮੂਦ ਅਹਿਮਦ ਥਿੰਦ ਨੇ ਦੱਸਿਆ ਕਿ ਉਨਾਂ ਦੇ ਰਿਸ਼ਤੇਦਾਰ ਨੂੰ ਕਰੋਨਾ ਪਾਜ਼ਿਟਿਵ ਆਉਣ ਕਾਰਣ ਉਹ ਰੋਜ਼ਾਨਾ ਡਾਕਟਰਾਂ ਦੇ ਦੱਸੇ ਅਨੁਸਾਰ ਅੰਡੇ ਅਤੇ ਦੁੱਧ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਲੈ ਕੇ ਜਾਂਦੇ ਸਨ । ਪਰੰਤੂ ਅੱਜ ਉਨਾਂ ਜਦੋਂ ਅੰਡੇ ਉਬਾਲੇ ਤਾਂ ਉਨਾਂ ਅਜੀਬ ਨਜ਼ਾਰਾ ਦੇਖਿਆ ਕਿ ਅੰਡੇ ਪਾਣੀ ਵਿੱਚ ਡੁਬਣ ਦੀ ਬਜਾਏ ਤੈਰ ਰਹੇ ਹਨ, ਜਦੋਂ ਅੰਡੇ ਪਕਾ ਕੇ ਉਨਾਂ ਛਿੱਲੇ ਤਾਂ ਉਨ੍ਹਾਂ ਵਿੱਚੋਂ ਪਲਾਸਟਿਕ ਵਰਗਾ ਪਦਾਰਥ ਨਿਕਲਿਆ । ਉਸ ਨੂੰ ਜਦੋਂ ਟੇਬਲ ਤੇ ਸੁਟਿਆ ਜਾਂਦਾ ਤਾਂ ਉਹ ਰਬੜ ਦੀ ਬਾਲ ਦੀ ਤਰ੍ਹਾਂ ਜੰਪ ਕਰਦਾ । ਉਨਾਂ ਦੱਸਿਆ ਕਿ ਅੰਡਾ ਛਿੱਲਣ ਤੇ ਅੱਧੇ ਹਿੱਸੇ ਵਿੱਚ ਬਿਲਕੁਲ ਪਲਾਸਟਿਕ ਵਰਗੀ ਸਫੈਦ ਝਿਲੀ ਅਤੇ ਬਾਕੀ ਅੱਧੇ ਹਿੱਸੇ ਵਿੱਚ ਪੀਲੇ ਰੰਗ ਦੀ ਰਬੜ ਵਰਗੀ ਜਰਦੀ ਨਿਕਲੀ ਜੋ ਕਿ ਬਿਲਕੁਲ ਵੀ ਖਾਣਯੋਗ ਨਹੀਂ ਸੀ । ਉਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਸਥਾਨਕ ਪ੍ਰਸ਼ਾਸਨ ਅਤੇ ਫੂਡ ਸਪਲਾਈ ਵਿਭਾਗ ਤੋਂ ਇਹ ਮੰਗ ਕੀਤੀ ਹੈ ਕਿ ਅਜਿਹੇ ਮਿਲਾਵਟਖੌਰਾਂ ਦੀ ਤਲਾਸ਼ ਕਰਕੇ ਜੋ ਕਿ ਆਪਣੇ ਤੁਛ ਜਿਹੇ ਮੁਨਾਫੇ ਲਈ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਦੇ ਹਨ ਉਨਾਂ ਖਿਲ਼ਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਆਮ ਜਨਤਾ ਦੀ ਸਿਹਤ ਦੀ ਸੁਰੱਖਿਆ ਕੀਤੀ ਜਾਵੇ ।