17 C
United Kingdom
Monday, June 22, 2026

More

    ਆਤਮਾ ਦੇ ਚਾਨਣੇ/ ਕਾਵਿ

    ਮਨਦੀਪ ਕੌਰ ਭੰਮਰਾ

    ਸੁੰਨਿਆਂ ਰਾਹਾਂ ਅੰਦਰ ਰੌਸ਼ਨੀ ਜਗਾਈਂ,
    ਪੁੰਨਿਆਂ ਦਾ ਤੂੰ ਚੰਨ ਮਾਹੀ ਬਣ ਜਾਈਂ,
    ਚਾਨਣੀਆਂ ਰਾਤਾਂ ਦਾ ਮਸੀਹਾ ਬਣ ਕੇ,
    ਸਿਆਹ ਹਨ੍ਹੇਰੇ ਸਾਰੇ ਦੂਰ ਤੂੰ ਭਜਾਈਂ !

    ਆਸਾਂ ਵਾਲ਼ੇ ਦੀਵੇ ਵਿੱਚ ਜੋਤ ਜਗਾਈਂ,
    ਸਾਹਾਂ ਦੀ ਬੱਤੀ ਵੱਟੀਂ ਨੂਰੀ ਤੇਲ ਪਾਈਂ,
    ਵੇਖੀਂ ਸੁਹਣਿਆਂ ਵੇ ਮਾਂ ਦਿਆ ਚਾਨਣਾ,
    ਜੱਗ ਤੇ ਤੂੰ ਆਇਓਂ ਏਂ ਕੁੱਝ ਕਰ ਜਾਈਂ!

    ਮਨਾਂ ਵਿੱਚ ਰੌਸ਼ਨੀ ਦੇ ਦੀਵੇ ਬਾਲ਼ ਧਰੀਂ,
    ਰੌਸ਼ਨ ਦਿਮਾਗ਼ ਰੱਖੀਂ ਨਵੀਂ ਕਾਰ ਕਰੀਂ,
    ਦੁਨੀਆਂ ‘ਤੇ ਆਇਆਂ ਏਂ ਤੇ ਸੋਚੀਂ ਜ਼ਰਾ,
    ਮਜ਼ਲੂਮ ਸੰਗ ਖੜ੍ਹੀਂ ਦਿਲ ਦਰਯਾ ਰੱਖੀਂ!

    ਵਿਦਿਆ ਦੇ ਚਾਨਣੇ ਜ਼ਿੰਦਗੀ ਗੁਜ਼ਾਰੀਂ,
    ਵਿਦਿਆ ਤੂੰ ਪੜ੍ਹੀਂ ਅਤੇ ਹੋਰਾਂ ਨੂੰ ਪੜ੍ਹਾਵੀ
    ਵਿਦਿਆ ਦੇ ਚਾਨਣੇ ਜ਼ਿੰਦਗੀ ਨਿਖਾਰੀਂ,
    ਜੱਗ ਵਿੱਚ ਚਾਨਣ ਤੂੰ ਵੰਡਦਾ ਹੀ ਜਾਵੀਂ!

    ਦੀਵੇ ਨਾਲ਼ ਦੀਵਾ ਬਾਲ਼ ਤੂੰ ਚਾਨਣ ਕਰੀਂ,
    ਅੱਗੇ ਹੀ ਤੁਰੀਂ ਤੂੰ ਪੱਬ ਪੋਲੇ ਪੋਲੇ ਤੂੰ ਧਰੀਂ,
    ਸੁਹਜ ਵਾਲ਼ੀ ਸੋਚ ਰੱਖੀਂ ਰੂਹ ਰੱਖੀਂ ਸੁੱਚੀ,
    ਸੂਖ਼ਮ ਸੁਰਤ ‘ਚ ਯਾਦ ਦਾ ਪੱਲਾ ਫੜੀਂ!

    ਪਰਮ ਤੱਤ ਸੀਨੇ ਆਪਣੇ ‘ਚ ਐਸਾ ਭਰੀਂ,
    ਉਸੇ ਤੋਂ ਡਰੀਂ ਬੱਸ ਕਿਸੇ ਹੋਰ ਤੋਂ ਨਾ ਡਰੀਂ
    ਖ਼ੁਦ ਨੂੰ ਅੰਸ਼ ਮੰਨੀ ਉਸਨੂੰ ਖ਼ੁਦਾਈ ਮੰਨੀ,
    ਪ੍ਰੀਤਾਂ ਵਾਲ਼ੇ ਸਾਗਰਾਂ ਵਿੱਚ ਫੇਰ ਤੂੰ ਤਰੀਂ!

    ਜਿਉਣਾ ਕਿਵੇਂ ਹੋਵੇ ਜਿਉਂ ਕੇ ਤੂੰ ਵਿਖਾਈਂ,
    ਚੰਗਾ ਇਨਸਾਨ ਬਣਕੇ ਦੁੱਖ ਤੂੰ ਭੁਲਾਈਂ,
    ਕੋਸ਼ਿਸ਼ਾਂ ਕਰੀਂ ਤੇ ਖ਼ੁਦੀ ‘ਤੇ ਭਰੋਸਾ ਰੱਖੀਂ,
    ਆਤਮਾ ਦੇ ਚਾਨਣੇ’ਚ ਦੁਨੀਆਂ ਵਸਾਈਂ!

    -ਮਨਦੀਪ ਕੌਰ ਭੰਮਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!