11.4 C
United Kingdom
Sunday, June 7, 2026

More

    ਪੁਸਤਕ ਰਿਵੀਊ : ‘ਟੁੱਟਣਾ ਵੀ ਖੂਬਸੂਰਤ ਹੁੰਦੈ’

    ਲੇਖਿਕਾ : ਰਜਨੀ ਵਾਲੀਆ
    ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ (ਪੰਜਾਬੀ ਭਵਨ, ਲੁਧਿਆਣਾ)

    ਰਜਨੀ ਵਾਲੀਆ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ । ਗਾਹੇ ਬਗਾਹੇ ਉਸਦੀਆਂ ਰਚਨਾਵਾਂ ਅਖਬਾਰਾਂ-ਮੈਗਜ਼ੀਨਾਂ ਤੋਂ ਇਲਾਵਾ ਫੇਸਬੁੱਕ ਤੇ ਅਸੀਂ ਪੜ੍ਹਦੇ ਰਹਿੰਦੇ ਹਾਂ । ਟੁੱਟਣਾ ਵੀ ਖੂਬਸੂਰਤ ਹੁੰਦੈ ਉਸਦੀ ਪਲੇਠੀ ਪੁਸਤਕ ਹੈ । ਸਿਰਜਣਾ ਕੇਂਦਰ ਕਪੂਰਥਲਾ ਨਾਲ ਜੁੜੀ ਇਸ ਕਵਿੱਤਰੀ ਦਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਿਖੇ ਵੀ ਆਉਣ-ਜਾਣ ਬਣਿਆ ਹੋਇਆ ਹੈ । ਜਿਸ ਕਾਰਣ ਉਸਦੀ ਕਾਵਿ ਰਚਨਾ ਬਾਰੇ ਬੜਾ ਕੁਝ ਜਾਨਣ ਨੂੰੁ ਮਿਲਦਾ ਹੈ । ਬੀਤੇ ਦਿਨ ਉਸ ਵੱਲੋਂ ਭੇਜੀ ਉਸਦੀ ਪਲੇਠੀ ਪੁਸਤਕ ਟੁੱਟਣਾ ਵੀ ਖੂਬਸੂਰਤ ਹੁੰਦੈ ਡਾਕ ਰਾਹੀਂ ਪ੍ਰਾਪਤ ਹੋਈ । ਚੇਤਨਾ ਪ੍ਰਕਾਸ਼ਨ (ਪੰਜਾਬੀ ਭਵਨ, ਲੁਧਿਆਣਾ) ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦੇ ਕੁਲ ੯੬ ਪੰਨਿਆਂ ਵਿੱਚ ਰਜਨੀ ਦੀਆਂ ੫੬ ਕਾਵਿ ਰਚਨਾਵਾਂ ਸੰਮਿਲਤ ਹਨ । ਰੋਜ਼ਮਰਾ ਜ਼ਿੰਦਗੀ ਵਿੱਚ ਪਨਪਦੇ ਦੁਖਾਂਤ-ਸੁਖਾਂਤ ਨੂੰ, ਘਰੇਲੂ ਕੰਮਾਂ-ਕਾਰਾਂ ਅਤੇ ਗ੍ਰਹਿਸਥੀ ਜੀਵਨ ਤੋਂ ਵਿਹਲ ਕੱਢਕੇ, ਆਲੇ-ਦੁਆਲੇ ਨੂੰ ਘੋਖ-ਪਰਖਕੇ, ਆਪਣੀਆਂ ਰਚਨਾਵਾਂ ਵਿੱਚ ਢਾਲਣਾ ਅਤੇ ਫਿਰ ਕਿਤਾਬੀ ਰੂਪ ਵਿੱਚ ਪਾਠਕਾਂ ਦੇ ਰੂਬਰੂ ਕਰਨਾ, ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ, ਪਰ ਰਜਨੀ ਵਾਲੀਆ ਨੇ ਇਹ ਕਰ ਵਿਖਾਇਆ ਹੈ । ਰਜਨੀ ਵਾਲੀਆ ਕਿਉਂਕਿ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦੇ ਰੂਬਰੂ ਰਹਿੰਦੀ ਹੈ, ਇਸ ਕਾਰਣ ਉਸਦੀਆਂ ਕਾਵਿ ਰਚਨਾਵਾਂ ਵਿੱਚ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ, ਗੰਧਲੇਪਣ ਦੀ ਝਲਕ ਸਾਫ ਦਿੱਸਦੀ ਹੈ । ਪੁਸਤਕ ਵਿੱਚ ਆਪਣੇ ਵੱਲੋਂ ਲਿਖੇ ਦੋ ਸ਼ਬਦ ਮੈਂ ਕਵਿਤਾ ਕਿਉਂ ਲਿਖਦੀ ਹਾਂ ਵਿੱਚ ਉਹ ਖੁਦ ਮੰਨਦੀ ਹੈ ਕਿ ਮੈਂ ਕਵਿਤਾ ਲਿਖਦੀ ਨਹੀਂ, ਕਵਿਤਾ ਮਿਲਣ ਆ ਜਾਂਦੀ ਮੈਨੂੰ ਉਦੋਂ ਜਦੋਂ ਮੈਂ ਕੁਝ ਅਜਿਹਾ ਦੇਖਦੀ ਹਾਂ, ਜੋ ਝੰਜੋੜ ਦਿੰਦਾ ਹੈ ਅੰਦਰ ਤੱਕ । ਵਹਿ ਤੁਰਦੇ ਨੇ ਅਲਫਾਜ਼ ਤੇ ਚੁਕਵਾ ਦਿੰਦੇ ਨੇ ਕਲਮ । ਹਰਫਾਂ ਦੀ ਟਕੋਰ ਕਰਕੇ ਛਲਣੀ ਹੋਇਆ ਮਨ, ਵਲੂੰਧਰੀ ਆਤਮਾ ਕੁਝ ਆਰਾਮ ਮਹਿਸੂਸ ਕਰਦੀ ਤੇ ਕਾਗਜ਼ ਤੇ ਪਈਆਂ ਝਰੀਟਾਂ ਸਕੂਨ ਦਿੰਦੀਆਂ ਮਨ ਨੂੰ, ਤਨ ਨੂੰ ਤੇ ਅੰਦਰ ਰਿਸਦੇ ਜ਼ਖਮਾਂ ਉਪਰ ਮੱਲ੍ਹਮ ਪੱਟੀ ਕਰ ਦਿੰਦੀ ਹੈ ਕਵਿਤਾ । ਕਵਿਤਾ ਦੀ ਆਮਦ ਦਾ ਕਿਆ ਬਾਖੂਬੀ ਚਿਤਰਨ ਕਰ ਰਹੀ ਹੈ ਇੱਥੇ ਰਜਨੀ ਵਾਲੀਆ । ਪੁਸਤਕ ਵਿੱਚ ਉਸਨੇ ਔਰਤ ਉਪਰ ਬਾਖੂਬੀ ਕਾਵਿ ਰਚਨਾਵਾਂ ਦੀ ਸਿਰਜਨਾ ਕੀਤੀ ਹੈ । ਧੀਆਂ ਅਤੇ ਧਰੇਕਾਂ ਵਿੱਚ ਉਸਦੀ ਸ਼ੇਅਰ :
    ਧੀਆਂ ਤੇ ਧਰੇਕਾਂ ਹੁੰਦੀਆਂ ਰੌਣਕ ਵਿਹੜੇ ਦੀ,
    ਇਨ੍ਹਾਂ ਨੂੰ ਨਾ ਪੁੱਟਕੇ ਉਜਾੜ ਪਾ ਲਿਉ ।
    ਵਿਰਸਾ ਗਵਾਕੇ ਨਹੀਂਉਂ ਅੱਗੇ ਵੱਧ ਸਕਦੇ,
    ਇਹ ਗੱਲ ਆਪਣੇ ਦਿਮਾਗ ਵਿੱਚ ਪਾ ਲਿਉ ।
    ਅਤੇ ਕੁੜੀਆਂ ਤਾਂ ਕਵਿਤਾਵਾਂ ਵਰਗੀਆਂ ਹੁੰਦੀਆਂ ਨੇ ਵਿੱਚ ਉਹ ਲਿਖਦੀ ਹੈ :
    ਕੁੜੀਆਂ ਤਾਂ ਕਵਿਤਾਵਾਂ ਵਰਗੀਆਂ ਹੁੰਦੀਆਂ ਨੇ,
    ਠੰਡੀਆਂ ਮਿੱਠੀਆਂ ਛਾਵਾਂ ਵਰਗੀਆਂ ਹੁੰਦੀਆਂ ਨੇ ।
    ਜਜ਼ਬਾਤਾਂ ਵਿੱਚ ਬਹਿਕੇ ਰੌਂਦੀਆਂ ਰਹਿੰਦੀਆਂ ਨੇ,
    ਹਰਫਾਂ ਨੂੰ ਕਾਗਜ਼ ਤੇ ਵਾਹੁੰਦੀਆਂ ਰਹਿੰਦੀਆਂ ਨੇ ।
    ਅਤੇ ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਵਜੂਦ, ਜਜ਼ਬਾਤ, ਮੇਰੀ ਹੌਂਦ, ਪੇਕਿਆਂ ਦੇ ਹੌਲ, ਮੇਰੇ ਦੇਸ਼ ਦੀ ਨਾਰੀ, ਕੁੜੀ ਅਤੇ ਚਿੜੀ ਦਿਵਸ ਸਮਤੇ ਬੁਹਤ ਸਾਰੀਆਂ ਰਚਨਾਵਾਂ ਵਿੱਚ ਰਜਨੀ ਨੇ ਔਰਤ ਦੇ ਵਜੂਦ ਨੂੰ, ਉਸ ਨਾਲ ਵਾਪਰਨ ਵਾਲੇ ਦੁਖਾਂਤ ਨੂੰ ਬਾਖੂਬੀ ਚਿਤਰਿਆ ਹੈ । ਉਸਦੀਆਂ ਰਚਨਾਵਾਂ ਅਤੀਤ ਦੇ ਨਕਸ਼ੇ ਬਿਆਨ ਕਰਦੀਆਂ ਹਨ । ਫੋਕੇ ਰੀਤੀ ਰਿਵਾਜ਼ਾਂ ਲਈ ਉਸਦੇ ਮਨ ਵਿੱਚ ਕੋਈ ਥਾਂ ਨਹੀਂ । ਉਹ ਸਮਾਜ ਵਿਚਲੇ ਗਰੀਬ-ਅਮੀਰ ਅਤੇ ਜਾਤ-ਪਾਤ ਦੇ ਪਾੜੇ ਨੂੰ ਖਤਮ ਕਰਨਾ ਲੋਚਦੀ ਹੈ । ਰਜਨੀ ਦੀਆਂ ਰਚਨਾਵਾਂ ਵਿੱਚ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨੂੰ ਵੀ ਸਹਿਜਤਾ ਨਾਲ ਕਹਿ ਦੇਣ ਦੀ ਕਾਬਲੀਅਤ ਹੈ । ਹੱਥਲੀ ਪੁਸਤਕ ਵਿੱਚ ਕਵਿਤਾਵਾਂ ਵੱਡੀਆਂ ਭਾਵੇਂ ਛੋਟੀਆਂ ਹਨ, ਹਰੇਕ ਵਿੱਚ ਕੋਈ ਨਾ ਕੋਈ ਸੰਦੇਸ਼ ਝਲਕਦਾ ਹੈ । ਨਿੱਕੇ ਨਿੱਕੇ ਖਿਆਲ ਹਨ, ਸ਼ਿਕਵੇ ਗਿਲੇ ਹਨ, ਪਿਆਰ ਭਿੱਜੇ ਬੋਲ ਹਨ, ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਖਿਲਾਫ ਵਿਅੰਗ ਹਨ, ਉਸਾਰੂ ਸੋਚ ਦਿੰਦੀਆਂ ਗੱਲਾਂ ਹਨ । ਗੱਲ ਕੀ ਰਜਨੀ ਨੇ ਜੋ ਜ਼ਿੰਦਗੀ ਵਿੱਚ ਮਹਿਸੂਸ ਕੀਤਾ, ਉਸਨੂੰ ਬੜੀ ਸ਼ਿੱਦਤ ਆਪਣੀਆਂ ਰਚਨਾਵਾਂ ਵਿੱਚ ਢਾਲਿਆ ਹੈ । ਉਸਦੀਆਂ ਲਿਖਤਾਂ ਯਥਾਰਥ ਦੇ ਬਹੁਤ ਕਰੀਬ ਹਨ, ਸ਼ਬਦਾਵਲੀ ਵੀ ਸਰਲ ਅਤੇ ਦਿਲਚਸਪ ਹੈ । ਰਜਨੀ ਵਾਲੀਆ ਦੀ ਇਸ ਪਲੇਠੀ ਪੁਸਤਕ ਨੂੰ ਮੈਂ ਖੁਸ਼ਆਮਦੀਦ ਕਹਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਇਹ ਪਾਠਕਾਂ ਨੂੰ ਜ਼ਰੂਰ ਪਸੰਦ ਆਵੇਗੀ ।
    – ਸ਼ੇਲਿੰਦਰਜੀਤ ਸਿੰਘ ਰਾਜਨ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ
    ਮੋਬਾਇਲ 9815769164

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!