ਅਸ਼ੋਕ ਵਰਮਾ
ਬਠਿੰਡਾ,26 ਜੂਨ। ਪੰਜਾਬ ਸਰਕਾਰ ਵੱਲੋਂ ਬਠਿੰਡਾ ਥਰਮਲ ਦੀ ਜਮੀਨ 1764 ਏਕੜ ਜਮੀਨ ਨੂੰ ਪੁੱਡਾ ਰਾਹੀਂ ਵੇਚਣ ਦੀ ਪ੍ਰਵਾਨਗੀ ਦੇਣ ਨੂੰ ਲੈਕੇ ਉਨਾਂ ਬਜ਼ੁਰਗਾਂ ’ਚ ਰੋਸ ਬਣ ਗਿਆ ਹੈ ਜਿੰਨਾਂ ਨੇ ਆਪਣੀਆਂ ਬੇਸ਼ਕੀਮਤੀ ਜਮੀਨਾਂ ਥਰਮਲ ਦੀ ਉਸਾਰੀ ਲਈ ਦਿੱਤੀਆਂ ਸਨ। ਜਮੀਨਾਂ ਦੇਣ ਵਾਲੇ ਕਿਸਾਨ ਆਖਦੇ ਹਨ ਕਿ ਉਨਾਂ ਨੇ ਪੰਜਾਬ ਦਾ ਭਵਿੱਖ ਰੁਸ਼ਨਾਉਣ ਲਈ ਜਮੀਨ ਸਰਕਾਰ ਨੂੰ ਦਿੱਤੀ ਸੀ ਨਾਂ ਕਿ ਕਲੋਨੀਆਂ ਜਾਂ ਫੈਕਟਰੀਆਂ ਲਾਉਣ ਲਈ। ਉਨਾਂ ਆਖਿਆ ਕਿ ਜੇ ਸਰਕਾਰ ਬਠਿੰਡਾ ਦਾ ਸੱਚੇ ਦਿਲੋਂ ਵਿਕਾਸ ਕਰਨਾ ਚਾਹੁੰਦੀ ਹੈ ਤਾਂ ਉਹ ਮਾਨਸਾ ਰੋਡ ਤੇ ਬਣੇ ਸਨਅਤੀ ਵਿਕਾਸ ਕੇਂਦਰ ’ਚ ਫੈਕਟਰੀਆਂ ਲਾ ਸਕਦੀ ਹੈ ਜੋ ਵਰਿਆਂ ਤੋਂ ਸਰਕਾਰਾਂ ਦਾ ਮੂੰਹ ਤੱਕਦਾ ਆ ਰਿਹਾ ਹੈ। ਦੱਸਣਯੋਗ ਹੈ ਕਿ ਸਾਲ 1968 ’ਚ ਬਠਿੰਡਾ ਵਿਖੇ ਤਾਪ ਬਿਜਲੀ ਘਰ ਉਸਾਰਨ ਦੀ ਯੋਜਨਾ ਬਣੀ ਸੀ ਜੋਕਿ ਸਾਲ 1969 ’ਚ ਸ੍ਰੀ ਗੁਰੂ ਨਾਨਕ ਦੇਵ ਜੀ ਮਾਹਾਰਾਜ ਦੇ 500ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਸੀ।
ਬਠਿੰਡਾ ਥਰਮਲ ਅਤੇ ਇਸ ’ਚ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਮੁਲਾਜਮਾਂ ਦੇ ਰਹਿਣ ਲਈ ਰਿਹਾਇਸ਼ੀ ਕਲੋਨੀ ਵਾਸਤੇ ਸਾਲ 1968-69 ਵਿੱਚ ਵੱਖ ਵੱਖ ਸਮਿਆਂ ਦੌਰਾਨ ਪਿੰਡ ਸਿਵੀਆਂ, ਜੋਗਾਨੰਦ , ਕੋਠੇ ਅਮਰਪੁਰਾ, ਕੋਠੇ ਸੁੱਚਾ ਸਿੰਘ ਤੇ ਕੋਠੇ ਕਾਮੇਕੇ ਦੇ ਸੈਂਕੜੇ ਕਿਸਾਨਾਂ ਦੀ ਕਰੀਬ 2200 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ। ਹੁਣ ਜਦੋਂ ਪੰੰਜਾਬ ਸਰਕਾਰ ਨੇ ਥਰਮਲ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ ਤਾਂ ਇੰਨਾਂ ਕਿਸਾਨਾਂ ਨੇ ਆਖਿਆ ਕਿ ਸਰਕਾਰ ਉਨਾਂ ਦੀਆਂ ਜਮੀਨਾਂ ਵਾਪਿਸ ਕਰੇ। ਸਿਵੀਆਂ ਵਾਸੀ ਬਜ਼ੁਰਗ ਕਰਤਾਰ ਸਿੰਘ ਨੇ ਦੱਸਿਆ ਕਿ ਉਨਾਂ ਦੀ ਸਾਢੇ 10 ਏਕੜ ਜਮੀਨ ਥਰਮਲ ਲਈ ਸਿਰਫ 10 ਹਜਾਰ ਰੁਪਏ ਪ੍ਰਤੀ ਏਕੜ ਐਕਵਾਇਰ ਕੀਤੀ ਸੀ। ਉਨਾਂ ਆਖਿਆ ਕਿ ਇਹ ਜਗਾ ਤਿੰਨ ਭਰਾਵਾਂ ਦੀ ਸਾਂਝੀ ਸੀ ਜੋਕਿ ਸਾਰੀ ਹੀ ਲੈ ਲਈ ਸੀ। ਉਨਾਂ ਕਿਹਾ ਕਿ ਹੁਣ ਇਹ ਜਗਾ ਕਰੋੜਾਂ ਸਰਕਾਰ ਕੰਪਨੀਆਂ ਹਵਾਲੇ ਕਰਨ ਲੱਗੀ ਹੈ ਜੋਕਿ ਪੂਰੀ ਤਰਾਂ ਗੈਰਵਾਜਿਬ ਹੈ।
ਕਿਸਾਨ ਦਰਸ਼ਨ ਸਿੰਘ ਨੇ ਰੋਸ ਜਤਾਇਆ ਅਤੇ ਆਖਿਆ ਕਿ ਕਿਸਾਨਾਂ ਦੀਆਂ ਜਮੀਨਾਂ ਵਾਪਿਸ ਕੀਤੀਆਂ ਜਾਣ ਨਹੀਂ ਤਾਂ ਸਰਕਾਰ ਥਰਮਲ ਚਲਾਏ। ਉਨਾਂ ਆਖਿਆ ਕਿ ਸਰਕਾਰ ਨੇ ਥਰਮਲ ਵਾਸਤੇ ਜਮੀਨ ਲਈ ਸੀ ਜਿਸ ਨੂੰ ਕੰਪਨੀਆਂ ਨੂੰ ਦੇਣਾ ਗਲਤ ਹੈ। ਕਿਸਾਨਾਂ ਨੇ ਆਖਿਆ ਕਿ ਪਹਿਲਾਂ ਸਰਕਾਰ ਇਸ ਥਾਂ ਤੇ ਸੋਲਰ ਪਲਾਂਟ ਲਾਉਣ ਦੀਆਂ ਗੱਲ ਕਰਦੀ ਰਹੀ ਤੇ ਬਾਅਦ ’ਚ ਥਰਮਲ ਨੂੰ ਪਰਾਲੀ ਨਾਲ ਭਖਾਉਣ ਬਾਰੇ ਆਖਿਆ ਗਿਆ ਪਰ ਇਹ ਦੋਵੇਂ ਗੱਲਾਂ ਸ਼ੋਸ਼ਾ ਹੀ ਸਾਬਤ ਹੋਈਆਂ ਹਨ। ਉਨਾਂ ਆਖਿਆ ਕਿ ਹੁਣ ਤਾਂ ਵਜਾਰਤ ਦੈ ਫੈਸਲੇ ਮਗਰੋਂ ਸਰਕਾਰ ਦੀ ਅਸਲ ਮੰਸ਼ਾ ਵਾਲੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਇਸੇ ਤਰਾਂ ਹੀ ਤਿੰਨ ਕਿਸਾਨ ਭਰਾਵਾਂ ਸੁਖਦੇਵ ਸਿੰਘ, ਬਲਦੇਵ ਸਿੰਘ ਤੇ ਜਗਦੇਵ ਦੀ ਅੱਠ ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ।ਕਿਸਾਨਾਂ ਨੇ ਦੱਸਿਆ ਕਿ ਸਰਕਾਰ ਨੇ ਉਦੋਂ ਪ੍ਰਭਾਵਿਤ ਕਿਸਾਨਾਂ ਦੇ ਪਰਿਵਾਰ ਚੋਂ ਕਿਸੇ ਜੀਅ ਨੂੰ ਨੌਕਰੀ ਵੀ ਨਹੀਂ ਦਿੱਤੀ ਸੀ।
ਬਜ਼ੁਰਗਾਂ ਨੇ ਗਿਲਾ ਕੀਤਾ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਦੇ ਸਾਢੇ ਪੰਜ ਸੌ ਸਾਲਾ ਜਸ਼ਨ ਵੀ ਮਨਾਏ ਹਨ ਅਤੇ ਉਨਾਂ ਦੇ ਨਾਮ ਤੇ ਬਣੇ ਥਰਮਲ ਦਾ ਭੋਗ ਪਾ ਰਹੀ ਹੈ ਜੋਕਿ ਨਿਖੇਧੀਯੋਗ ਹੈ। ਉਨਾਂ ਆਖਿਆ ਕਿ ਥਰਮਲ ਬਠਿੰਡਾ ਦੀ ਸ਼ਾਨ ਹੈ ਇਸ ਲਈ ਇਸ ਪ੍ਰਜੈਕਟ ਨੂੰ ਚਾਲੂ ਰੱਖਿਆ ਜਾਣਾ ਚਾਹੀਦਾ ਹੈ। ਪਤਾ ਲੱਗਿਆ ਹੈ ਕਿ ਕੋਠੇ ਸੁੱਚਾ ਸਿੰਘ,ਕੋਠੇ ਕਾਮੇ ਕੇ ਅਤੇ ਹਰ ਕਿਸਾਨ ਵੀ ਇਸ ਮਾਮਲੇ ਤੇ ਵਿਚਾਰਾਂ ਕਰ ਰਹੇ ਹਨ। ਬਠਿੰਡਾ ਦੇ ਵਾਰਡ ਨੰਬਰ ਦੋ ਤੋਂ ਸਾਬਕਾ ਕਾਂਗਰਸੀ ਕੌਂਸਲਰ ਮਲਕੀਤ ਸਿੰਘ ਗਿੱਲ ਦੀ ਜਮੀਨ ਵੀ ਥਰਮਲ ਲਈ ਐਕਵਾਇਰ ਕੀਤੀ ਗਈ ਸੀ। ਭਾਵੇਂ ਅਜੇ ਇਹ ਕਿਸਾਨ ਤੇਲ ਦੇਖੋ ਤੇਲ ਦੀ ਧਾਰ ਦੇਖੋ ਦੇ ਅਧਾਰ ਤੇ ਚੱਲ ਰਹੇ ਹਨ ਫਿਰ ਵੀ ਕਿਸਾਨਾਂ ਨੂੰ ਹੈ ਕਿ ਜੇਕਰ ਉਨਾਂ ਦੀਆਂ ਜਮੀਨਾਂ ਵਾਪਿਸ ਕਰ ਦਿੱਤੀਆਂ ਜਾਣ ਤਾਂ ਕਿਸੇ ਨੂੰ ਕੀ ਇਤਰਾਜ ਹੋ ਸਕਦਾ ਹੈ।
ਕਿਸਾਨਾਂ ਨੂੰ ਜਮੀਨਾਂ ਮੋੜੀਆਂ ਜਾਣ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਆਗੂ ਤੇ ਸਿਵੀਆਂ ਵਾਸੀ ਅਮਰੀਕ ਸਿੰਘ ਸਿਵੀਆਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਥਰਮਲ ਬੰਦ ਕਰਨਾ ਚਾਹੁੰਦੀ ਹੈ ਤਾਂ ਜਮੀਨਾਂ ਕਿਸਾਨਾਂ ਨੂੰ ਮੋੜੀਆਂ ਜਾਣ। ਉਨਾਂ ਆਖਿਆ ਕਿ ਕੈਪਟਨ ਸਰਕਾਰ ਨੇ ਥਰਮਲ ਚਲਾਉਣ ਦੇ ਨਾਮ ਹੇਠ ਵੋਟਾਂ ਬਟੋਰੀਆਂ ਸਨ ਪਰ ਹੁਣ ਉਹੀ ਥਰਮਲ ਚੁਭਣ ਲੱਗਾ ਹੈ। ਉਨਾਂ ਆਖਿਆ ਕਿ ਅਸਲ ’ਚ ਸਰਕਾਰ ਧਨਾਢ ਘਰਾਣਿਆਂ ਤੇ ਪ੍ਰਾਈਵੇ ਕੰਪਨੀਆਂ ਦੇ ਦਬਾਅ ਹੇਠ ਸਰਕਾਰੀ ਅਦਾਰਿਆਂ ਦਾ ਭੋਗ ਪਾਉਣ ਤੇ ਤੁਲੀ ਹੋਈ ਹੈ। ਕਿਸਾਨ ਆਗੂ ਨੇ ਕਿਹਾ ਕਿ ਜੱਥੇਬੰਦੀ ਨੇ ਇਸ ਮੁੱਦੇ ਤੇ ਸੰਘਰਸ਼ ਦੀ ਹਮਾਇਤ ਕਰੇਗੀ।
ਚੁੱਪ ਨਹੀਂ ਬੈਠਣਗੇ ਲੋਕ: ਸੰਧੂ
ਥਰਮਲ ਇੰਪਲਾਈਜ਼ ਫੈਡਰੇਸ਼ਨ ਦੇ ਆਗੂ ਗੁਰਸੇਵਕ ਸਿੰਘ ਸੰਧੂ ਦਾ ਕਹਿਣਾ ਸੀ ਕਿ ਸਰਕਾਰ ਥਰਮਲ ਦੀ ਜ਼ਮੀਨ ਵੇਚ ਕੇ ਖਜ਼ਾਨਾ ਭਰਨਾ ਚਾਹੁੰਦੀ ਹੈ ਜਿਸ ਦਾ ਉਹ ਵਿਰੋਧ ਕਰਨਗੇ। ਉਨਾਂ ਆਖਿਆ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਮੀਨ ਬਾਰੇ ਕੋ ਕੁੱਝ ਕਹਿ ਰਹੇ ਹਨ ਉਹ ਸਿਰਫ ਲਾਲੀਪਾਪ ਹੈ ਜਦੋਂਕਿ ਅਸਲ ਮਕਸਦ ਹੋਰ ਹਨ। ਉਨਾਂ ਆਖਿਆ ਕਿ ਵਿੱਤ ਮੰਤਰੀ ਨੇ ਬਠਿੰਡਾ ਦੇ ਲੋਕਾਂ ਨਾਲ ਵਾਅਦਾਖਿਲਾਫੀ ਕੀਤੀ ਹੈ ਅਤੇ ਹੁਣ ਮੁਲਾਜਮ ਤੇ ਲੋਕ ਚੁੱਪ ਨਹੀਂ ਬੈਠਣਗੇ।