ਅਸ਼ੋਕ ਵਰਮਾ
ਬਠਿੰਡਾ, 26 ਜੂਨ । ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਦੇ ਸੱਦੇ ਤੇ ਅੱਜ ਥਰਮਲ ਮੁਲਾਜ਼ਮ ਨੇ ਅੱਜ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਅਰਥੀ ਫੂਕ ਮੁਜਾਹਰਾ ਕੀਤਾ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਪੋਲ ਖੋਹਲੀ। ਇੰਨਾਂ ਮੁਲਾਜਮਾਂ ਨੇ ਦੱਸਿਆ ਕਿ ਵਿੱਤ ਮੰਤਰੀ ਨੇ ਬਠਿੰਡਾ ਦੀ ਸ਼ਾਨ ਮੰਨੇ ਜਾਂਦੇ ਗੁਰੂ ਨਾਨਕ ਦੇਵ ਤਾਪ ਬਿਜਲੀ ਘਰ ਦੀਆਂ ਚਿਮਨੀਆਂ ਮਘਦੀਆਂ ਰਹਿਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਉਹ ਵੇਚਣ ਲੱਗੇ ਹਨ ਜਿਸ ਕਰਕੇ ਮੁਲਾਜਮ ਰੋਸ ਨਾਲ ਭਰੇ ਪੀਤੇ ਬੈਠੇ ਹਨ। ਫੈਡਰੇਸ਼ਨ ਆਗੂ ਗੁਰਸੇਵਕ ਸਿੰਘ ਸੰਧੂ ਨੇ ਆਖਿਆ ਕਿ ਖ਼ਜ਼ਾਨਾ ਮੰਤਰੀ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਕਿ ਥਰਮਲ ਬੰਦ ਨਹੀਂ ਕੀਤਾ ਜਾਵੇਗਾ ਪਰ ਹੁਣ ਤਾਂ ਉਨਾਂ ਨੇ ਜਮੀਨ ਨੂੰ ਪੁੱਡਾ ਹਵਾਲੇ ਕਰਕੇ ਬਠਿੰਡਾ ਦੀ ਸ਼ਾਨ ਮਿਟਾਉਣ ਵੱਲ ਕਦਮ ਵਧਾ ਦਿੱਤਾ ਹੈ। ਉਨਾਂ ਕਿਹਾ ਕਿ ਅਸਲ ਵਿੱਚ ਸਰਕਾਰ ਤੇ ਪ੍ਰਾਈਵੇਟ ਤਾਪ ਬਿਜਲੀ ਘਰ ਚਲਾ ਰਹੀਆਂ ਕੰਪਨੀਆਂ ਦਾ ਦਬਾਅ ਹੈ ਜਿਸ ਕਰਕੇ ਸਰਕਾਰ ਨੇ ਇਹ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਸਰਕਾਰੀ ਖੇਤਰ ਦੇ ਤਾਪ ਬਿਜਲੀ ਘਰਾਂ ਦੀ ਬਿਜਲੀ ਸਸਤੀ ਹੋਣ ਦੇ ਬਾਵਜੂਦ ਸਰਕਾਰ ਪ੍ਰਾਈਵੇਟ ਅਦਾਰਿਆਂ ਤੋਂ ਜਿਆਦਾ ਕੀਮਤ ਤੇ ਖਰੀਦ ਰਹੀ ਹੈ।
ਮੁਲਾਜਮ ਆਗੂ ਰਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਬਠਿੰਡਾ ਦੀ ਵਿਰਾਸਤ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਨੂੰ ਖ਼ਤਮ ਕਰਨ ਲਈ ਖ਼ਜ਼ਾਨਾ ਮੰਤਰੀ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ ਜਿੰਨਾਂ ਨੇ ਥਰਮਲ ਬੰਦ ਕਰਨ ਲਈ ਸਭ ਤੋਂ ਵੱਧ ਦਿਲਚਸਪੀ ਦਿਖਾਈ ਅਤੇ ਬਿਜਲੀ ਮਹਿੰਗੀ ਅਤੇ ਵਾਤਾਵਰਨ ਦੀਆਂ ਦਲੀਲਾਂ ਦੇ ਕੇ ਲੋਕਾਂ: ਨੂੰ ਗੁਮਰਾਹ ਕੀਤਾ ਹੈ। ਆਗੂਆਂ ਨੇ ਕਿਹਾ ਕਿ ਬਿਜਲੀ ਵਿਭਾਗ ਵੀ ਵਿੱਤ ਮੰਤਰੀ ਕੋਲ ਨਾਂ ਹੋਣ ਦੇ ਬਾਵਜੂਦ ਇਸ ਥਰਮਲ ਨੂੰ ਪੱਕੇ ਤੌਰ ‘ਤੇ ਬੰਦ ਕਰਨ ਦਾ ਫ਼ੈਸਲਾ ਕੀਤਾ ਵੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਰਨਾ ਕਈ ਸਵਾਲ ਖੜੇ ਕਰਦਾ ਹੈ। ਮੁਲਾਜਮ ਆਗੂਆਂ ਨੇ ਆਖਿਆ; ਕਿ ਥਰਮਲ ਬੰਦ ਕਰਨ ਦੇ ਫੈਸਲੇ ਤੇ ਮੁੜ ਵਿਚਾਰ ਲਈ ਬਣਾਈ ਕਮੇਟੀ ’ਚ ਦੋ ਮੰਤਰੀ ਬ੍ਰਹਮ ਮਹਿੰਦਰਾ ਅਤੇ ਚਰਨਜੀਤ ਸਿੰਘ ਚੰਨੀ ਇਸ ਦੇ ਹੱਕ ਵਿਚ ਨਹੀਂ ਸਨ ਜਦੋਂਕਿ ਵਿੱਤ ਮੰਤਰੀ ਸਭ ਤੋਂ ਕਾਹਲੇ ਸਨ। ਉਨਾਂ ਆਖਿਆ ਕਿ ਸਰਕਾਰ ਨੇ ਥਰਮਲ ਪਰਾਲੀ ਤੇ ਚਲਾਉਣ ਦੀ ਤਜਵੀਜ ਬਣਾਈ ਸੀ ਉਹ ਵੀ ਵਿੱਤ ਮੰਤਰੀ ਦੇ ਦਿਲਚਸਪੀ ਨਾਂ ਦਿਖਾਉਣ ਕਰਕੇ ਨੇਪਰੇ ਨਹੀਂ ਚੜੀ ਹੈ ਜੋਕਿ ਸ਼ੱਕ ਪੈਦਾ ਕਰਨ ਲਈ ਕਾਫੀ ਹੈ।
ਉਨਾਂ ਆਖਿਆ ਕਿ ਵਿੱਤ ਮੰਤਰੀ ਹਮੇਸ਼ਾ ਹੀ ਇਸ ਮੁੱਦੇ ਤੇ ਗੁੰਮਰਾਹਕੁੰਨ ਪ੍ਰਚਾਰ ਕਰਦੇ ਰਹੇ ਹਨ ਅਤੇ ਅੰਤ ਨੂੰ ਇਸੇ ਸਹਾਰੇ ਰੁਜਗਾਰ ਦਾ ਅਹਿਮ ਪ੍ਰਜੇਕਟ ਖਤਮ ਕਰਕੇ ਹੀ ਸਾਹ ਲਿਆ ਹੈ। ਆਗੂਆਂ ਦਾ ਪ੍ਰਤੀਕਰਮ ਹੈ ਕਿ ਸਰਕਾਰ ਇਸ ਸੰਪਤੀ ਨੂੰ ਵੇਚਣ ਅਤੇ ਪੰਜਾਬ ਦਾ ਬਿਜਲੀ ਢਾਂਚਾ ਨਿੱਜੀ ਹੱਥਾਂ ਵਿਚ ਦੇਣ ਲਈ ਅਜਿਹਾ ਕਰਨ ਦਾ ਫੈਸਲਾ ਲਿਆ ਹੈ ਇਸ ਤਾਪ ਬਿਜਲੀ ਘਰ ਦੀ ਮੁਰੰਮਤ ਤੋਂ ਬਾਅਦ ਇਸ ਦੀ ਸਮਰੱਥਾ ‘ਚ 2030 ਤੱਕ ਦਾ ਵਾਧਾ ਹੋ ਗਿਆ ਹੈ ਹੁਣ ਜਦੋਂ ਨਵੀਨੀਕਰਨ ਤੋਂ ਬਾਅਦ ਇਹ ਪ੍ਰਜੈਕਟ ਪ੍ਰਦੂਸ਼ਣ ਵੀ ਨਹੀਂ ਫੈਲਾ ਰਿਹਾ ਤਾਂ ਸਰਕਾਰ ਨੇ ਕਿਉਂ ਬੰਦ ਕੀਤਾ ਇਹ ਸਰਕਾਰ ਦੀ ਨੀਅਤ ਦੱਸਣ ਲਈ ਕਾਫੀ ਹੈ। ਮੁਲਾਜਮ ਆਗੂ ਰਾਜਿੰਦਰ ਸਿੰਘ ਨਿੰਮਾ , ਰਘਬੀਰ ਸਿੰਘ ਸੈਣੀ, ਬਾਬੂ ਸਿੰਘ ਰੋਮਾਣਾ, ਗੁਰਬਿੰਦਰ ਸਿੰਘ ਪੰਨੂ ਅਤੇ ਸੁਖਵਿੰਦਰ ਸਿੰਘ ਕਿੱਲੀ ਪ੍ਰਧਾਨ ਜੀਐਚਟੀਪੀ ਇੰਪਲਾਈਜ਼ ਯੂਨੀਅਨ ਲਹਿਰਾ ਮੁਹੱਬਤ ਨੇ 1764 ਏਕੜ ਜ਼ਮੀਨ ਨੂੰ ਵੇਚਣ ਲਈ ਪੁੱਡਾ ਨੂੰ ਤਬਦੀਲ ਕਰਨ ਦੀ ਮਨਜ਼ੂਰੀ ਦੇਣ ਨੂੰ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕਰਾਰ ਦਿੰਦਿਆਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਹੈ।