ਆਖਿਰ ਕਦੋਂ ਤੱਕ ਸਰਹੱਦਾਂ ਤੇ ਹਮਲੇ ਹੁੰਦੇ ਰਹਿਣੇ ਨੇ
ਆਖ਼ਿਰ ਕਦੋਂ ਤੱਕ ਸਿਵੇ ਇੰਞ ਈ ਬਲਦੇ ਰਹਿਣੇ ਨੇ
ਮਾਵਾਂ ਉਡੀਕਦੀਆਂ ਪੁੱਤਾਂ ਨੂੰ ਅੱਧੀ,ਅੱਧੀ ਰਾਤੀਂ
ਆਖ਼ਿਰ ਕਦੋਂ ਤੱਕ ਅੱਥਰੂ ਅੱਖਾਂ ਚੋਂ ਕਿਰਦੇ ਰਹਿਣੇ ਨੇ
ਆਖ਼ਿਰ ਕਦੋਂ ਤੱਕ ਇਹ ਰੌਲੇ ਰੱਪੇ ਇੰਞ ਹੀ ਰਹਿਣਗੇ
ਆਖ਼ਿਰ ਕਦੋਂ ਤੱਕ ਲੋਕ ਜ਼ੁਲਮ ਇੰਞ ਈ ਸਹਿਣਗੇ
ਲੱਖਾਂ ਹਨੇਰੀਆਂ ,ਝੱਖੜ ਇੱਥੋਂ ਦੀ ਵਹਿ ਵਹਿ ਤੁਰੇ
ਆਖ਼ਿਰ ਕਦੋਂ ਤੱਕ ਇਹ ਹੋਰ ਇੰਞ ਆਉਂਦੇ ਰਹਿਣਗੇ
ਕਿੰਨਾ ਚਾਅ ਸੀ ਪੁੱਤਰਾ ਮੈਨੂੰ ਤੇਰੇ ਫ਼ੌਜ ਚ ਜਾਣ ਦਾ
ਬਾਪੂ ਤੇਰਾ ਸੀ ਤੇਰੇ ਸਿਰ ਤੇ ਮੌਜਾਂ ਮਾਣ ਦਾ
ਸੁਣਦੀਂ ਰਹਿੰਦੀ ਸਰਹੱਦ ਤੇ ਮੈਂ ਰੌਲੇ ਦੀਆਂ ਗੱਲਾਂ
ਚਿੱਤ ਮੇਰਾ ਫ਼ਿਕਰਾਂ ਦੀਆਂ ਤਾਣੀਆਂ ਸੀ ਤਾਣਦਾ
ਆਖ਼ਿਰ ਕਦੋਂ ਤੱਕ ਬੰਦੂਕਾਂ ,ਤੋਪਾਂ ਬਣਦੀਆਂ ਰਹਿਣੀਆਂ ਨੇ
ਆਖ਼ਿਰ ਕਦੋਂ ਤੱਕ ਧਮਕੀਆਂ ਪ੍ਰਮਾਣੂ ਬੰਬਾਂ ਦੀਆਂ ਪੈਂਣੀਆਂ ਨੇ
ਬਾਰੂਦਾਂ ਦੇ ਢੇਰ ਦਿਨੋਂ ਦਿਨ ਵਧ ਨੇ ਚੱਲੇ
ਆਖ਼ਿਰ ਕਦੋਂ ਤੱਕ ਇਹ ਮੁਸ਼ਕਲਾਂ ਇੰਞ ਹੀ ਰਹਿਣੀਆਂ ਨੇ
ਆਖ਼ਿਰ ਕਦੋਂ ਤੱਕ ਸੁਹਾਗਣਾਂ ਦੇ ਵੱਸ ਚਿੱਟੀਆਂ ਚੁੰਨੀਆਂ ਪੈਣੀਆਂ
ਆਖ਼ਿਰ ਕਦੋਂ ਤੱਕ ਖ਼ੁਸ਼ੀਆਂ ਕਿੱਲੀਆਂ ਤੇ ਟੰਗੀਆਂ ਇੰਞ ਹੀ ਰਹਿਣੀਆਂ
ਭੈਣ ,ਭਰਾਵਾਂ ਉਡੀਕ ਕਰਨੀ ਵੀਰੇ ਦੀ ਰੱਜ ਰੱਜ ਕੇ
ਆਖ਼ਿਰ ਕਦੋਂ ਤੱਕ ਖ਼ੁਸ਼ੀਆਂ ਗਮੀਆਂ ਸੰਗ ਮੰਗੀਆਂ ਰਹਿਣੀਆਂ
ਆਖ਼ਿਰ ਕਦੋਂ ਤੱਕ ਵੈਰ ਵਿਰੋਧ ਨੇ ਚਲਦੇ ਰਹਿਣਾ ਏ
ਆਖ਼ਿਰ ਕਦੋਂ ਤੱਕ ਨਫ਼ਰਤਾਂ ਦੇ ਬੱਦਲਾਂ ਨੇ ਵਰ੍ਹਦੇ ਰਹਿਣਾ ਏ
ਸ਼ਾਂਤੀ ਦੇ ਪੁਜਾਰੀਆਂ ਨੇ ਸਦਾ ਗੱਲ ਸ਼ਾਂਤੀ ਦੀ ਕਰਨੀ
ਆਖ਼ਿਰ ਕਦੋਂ ਤੱਕ ਜ਼ੁਲਮ ਨੂੰ ਉਹਨਾਂ ਇੰਞ ਸਹਿਣਾ ਏ
‘ਮਾਨਾਂ’ ਬਹਾਦਰੀਆਂ ਦੇ ਕਿੱਸਿਆਂ ਨੂੰ ਮਨ ਤੋੰ ਯਾਦ ਕਰੀਏ
ਦਿਲ ਤੋਂ ਜਵਾਨਾਂ ਨੂੰ ਅਸੀਂ ਸਦਾ ਸਲਾਮ ਕਰੀਏ
ਦੇਸ਼ ਵਾਸਤੇ ਜੋ ਬਲੀਦਾਨ ਦੇ ਗਏ ਨੇ ਸਾਡੇ ਲਈ
ਸਭ ਮਿਲਕੇ ਰੱਬ ਅੱਗੇ ਆਓ ਦੁਆ ਉਹਨਾਂ ਲਈ ਕਰੀਏ
ਬੂਟਾ ਸਿੰਘ ਮਾਨ
( ਮੋ. 95013-53305)