ਅਸ਼ੋਕ ਵਰਮਾ
ਬਠਿੰਡਾ, 23 ਜੂਨ ।ਬਠਿੰਡਾ ਜ਼ਿਲੇ ਵਿਚ ਅੱਜ ਪੰਜ ਬੰਦੀਆਂ ਸਮੇਤ ਕਰੋਨਾ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ 4 ਮਾਮਲੇ ਬੀਤੀ ਦੇਰ ਸ਼ਾਮ ਸਾਹਮਣੇ ਆਏ ਸਨ। ਇਸ ਤਰਾਂ 12 ਘੰਟਿਆਂ ’ਚ ਆਏ ਦੋ ਦਰਜਨ ਮਾਮਲਿਆਂ ਨੇ ਸਿਹਤ ਵਿਭਾਗ ਦੇ ਫਿਕਰ ਵਧਾ ਦਿੱਤੇ ਹਨ। ਬੰਦੀ ਪੁਲਿਸ ਮੁਲਾਜਮਾਂ ਦੇ ਸੰਪਰਕ ’ਚ ਆਏ ਹਨ ਜਿੰਨਾਂ ਦੇ ਮਾਮਲੇ ’ਚ ਵੀ ਕਾਰਵਾਈ ਕੀਤੀ ਜਾਣੀ ਹੈ। ਉਂਜ ਰਾਹਤ ਵਾਲੀ ਗੱਲ ਇਹੋ ਰਹੀ ਕਿ ਅੱਜ 5 ਜਣੇ ਕਰੋਨਾ ਨੂੰ ਮਾਤ ਦੇ ਕੇ ਵਾਪਸ ਘਰ ਪਰਤ ਗਏ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਧੇਰੇ ਸਾਵਧਾਨੀ ਰੱਖਣ ਅਤੇ ਜਨਤਕ ਥਾਂਵਾਂ ਤੇ ਬਿਨਾਂ ਮਾਸਕ ਤੋਂ ਨਾ ਜਾਣ, ਸਮਾਜਿਕ ਵਿੱਥ ਦਾ ਖਿਆਲ ਰੱਖਣ ਅਤੇ ਵਾਰ ਵਾਰ ਹੱਥ ਧੋਂਦੇ ਰਹਿਣ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਜੋ ਚਾਰ ਪਾਜਿਟਿਵ ਨਤੀਜੇ ਆਏ ਸਨ ਉਹ ਚਾਰੋ ਪ੍ਰਦੇਸ਼ ਤੋਂ ਬਾਹਰ ਤੋਂ ਪਰਤੇ ਸਨ। ਜਦ ਕਿ ਅੱਜ ਜੋ 20 ਨਤੀਜੇ ਮਿਲੇ ਹਨ ਇੰਨਾਂ ਵਿਚ 8 ਬਠਿੰਡਾ ਜ਼ਿਲੇ ਦੇ ਹਨ ਜਦ ਕਿ 12 ਜ਼ਿਲੇ ਤੋਂ ਬਾਹਰੋਂ ਆਏ ਸਨ। ਬਾਹਰੋਂ ਆਉਣ ਵਾਲਿਆਂ ਵਿਚੋਂ 5 ਬਿਹਾਰ ਤੋਂ, 3 ਹਰਿਆਣਾ ਤੋਂ, 1 ਮੋਗਾ ਜ਼ਿਲੇ ਤੋਂ, 1 ਮਾਨਸਾ ਜ਼ਿਲੇ ਤੋਂ, 1 ੳੂੱਤਰ ਪ੍ਰਦੇਸ਼ ਤੋਂ, 1 ਗੁਜਰਾਤ ਤੋਂ ਪਰਤਿਆ ਹੈ।
ਇਸੇ ਤਰਾਂ ਅੱਜ ਜੋ 20 ਨਮੂਨੇ ਪਾਜਿਟਿਵ ਆਏ ਹਨ ਉਨਾਂ ਵਿਚੋਂ 5 ਨੂੰ ਪੁਲਿਸ ਨੇ ਵੱਖ ਵੱਖ ਮਾਮਲਿਆਂ ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਇਸੇ ਤਰਾਂ ਅੱਜ ਦੇ ਕੁੱਲ 20 ਵਿਚੋਂ 1 ਨਾਬਾਲਿਗ ਹੈ ਅਤੇ 3 ਔਰਤਾਂ ਹਨ। ਦੋ ਔਰਤਾਂ ਗਰਭਵਤੀ ਹਨ। ਉਨਾਂ ਨੇ ਦੱਸਿਆ ਕਿ ਪਾਜਿਟਿਵ ਆਏ ਕੇਸਾਂ ਦੇ ਸੰਪਰਕਾਂ ਦਾ ਪਤਾ ਲਗਾ ਕੇ ਉਨਾਂ ਦੀ ਸੈਂਪਿਗ ਕੀਤੀ ਜਾ ਰਹੀ ਹੈ ਅਤੇ ੳੂਨਾਂ ਨੂੰ ਇਕਾਂਤਵਾਸ ਕੀਤਾ ਜਾ ਰਿਹਾ ਹੈ ਜਦ ਕਿ ਪਾਜਿਟਿਵ ਆਏ ਕੇਸਾਂ ਨੂੰ ਹਸਪਤਾਲਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ।