-ਮਾਨਵਤਾ ਦੀ ਸੇਵਾ ‘ਚ ਰੁੱਝੇ ਕਾਮਿਆਂ ਦੀ ਸੇਵਾ ‘ਚ ਇਹ ਯਤਨ ਤੁੱਛ ਹੈ- ਰੰਧਾਵਾ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਬਰਤਾਨੀਆ ਭਰ ਵਿੱਚ ਲਗਭਗ ਸਾਰੇ ਕਾਰੋਬਾਰ ਲਾਕਡਾਊਨ ਕਰਕੇ ਮੰਦੀ ਦੇ ਆਲਮ ਵਿੱਚ ਹਨ। ਘਰਾਂ ਵਿੱਚ ਰਾਸ਼ਨ ਜਮ੍ਹਾਂ ਕਰਕੇ ਬੈਠੇ ਲੋਕ ਤਾਂ ਕੁਝ ਦਿਨ ਬਿਨਾਂ ਬਾਹਰ ਨਿੱਕਲੇ ਗੁਜ਼ਾਰਾ ਕਰ ਲੈਣਗੇ ਪਰ ਸਿਹਤ ਕਾਮੇ, ਪੁਲਿਸ ਕਾਮੇ ਜਾਂ ਹੋਰ ਕੁੰਜੀਦਾਰ ਕਾਮੇ, ਬੇਘਰੇ ਲੋਕ ਬਹੁਤ ਔਖੇ ਦੌਰ ‘ਚੋਂ ਗੁਜ਼ਰ ਰਹੇ ਪ੍ਰਤੀਤ ਹੁੰਦੇ ਹਨ। ਸਕਾਟਲੈਂਡ ਵਿੱਚ ਪ੍ਰਸਿੱਧ ਹੋਟਲ ਕਾਰੋਬਾਰ ਲੌਰੇਨ ਹੋਟਲ, ਬੁਖਾਰਾ ਰੈਸਟੋਰੈਂਟ ਤੇ ਬੰਬੇ ਬਲੂਜ਼ ਦੇ ਮਾਲਕ ਸੋਹਣ ਸਿੰਘ ਰੰਧਾਵਾ ਵੱਲੋਂ ਹਜ਼ਾਰਾਂ ਦੀ ਤਾਦਾਦ ਵਿੱਚ ਲੋੜਵੰਦਾਂ ਨੂੰ ਖਾਣਾ ਬਣਾ ਕੇ ਵਰਤਾਉਣ ਦੀ ਮੁਹਿੰਮ ਵਿੱਢੀ ਹੋਈ ਹੈ। ਉਹਨਾਂ ਦੇ ਸਟਾਫ਼ ਵੱਲੋਂ ਨਿਰੰਤਰ ਖਾਣਾ ਬਣਾ ਕੇ, ਡੱਬਿਆਂ ਵਿੱਚ ਬੰਦ ਕਰਕੇ ਰੱਖ ਦਿੱਤਾ ਜਾਂਦਾ ਹੈ। ਸੋਹਣ ਸਿੰਘ ਰੰਧਾਵਾ ਤੇ ਮਨਜੀਤ ਸਿੰਘ ਖਾਣੇ ਵਾਲੇ ਡੱਬੇ ਲੈ ਕੇ ਵੱਖ ਵੱਖ ਥਾਂਵਾਂ ‘ਤੇ ਵਰਤਾਉਣ ਨਿੱਕਲ ਤੁਰਦੇ ਹਨ।

ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਅੱਜ ਸਮੁੱਚੀ ਮਾਨਵਤਾ ‘ਤੇ ਦੁੱਖ ਦੀ ਘੜੀ ਹੈ, ਮਾਨਵਤਾ ਦੀ ਸੇਵਾ ਵਿੱਚ ਲੱਗੇ ਕਾਮੇ ਇੰਨੇ ਰੁੱਝੇ ਹੋਏ ਹਨ ਕਿ ਉਹਨਾਂ ਕੋਲ ਖੁਦ ਖਾਣਾ ਬਣਾ ਕੇ ਖਾਣ ਦੀ ਵਿਹਲ ਵੀ ਨਹੀਂ ਹੈ। ਅਜਿਹੇ ਸਮੇਂ ਵਿੱਚ ਆਪਣਾ ਫ਼ਰਜ਼ ਸਮਝਦਿਆਂ ਸਾਡੇ ਸਟਾਫ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਅਸੀਂ ਨਿਰੰਤਰ ਖਾਣਾ ਬਣਾ ਕੇ ਵਰਤਾਉਣ ਦੀ ਸੇਵਾ ਕਰਦੇ ਰਹਾਂਗੇ। ਸੋਹਣ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਜਦੋਂ ਗਲੀ ਗਲੀ ਮੌਤ ਤੁਰੀ ਫਿਰਦੀ ਦਿਸ ਰਹੀ ਹੋਵੇ, ਅਜਿਹੇ ਮਾਹੌਲ ਵਿੱਚ ਕੰਮ ਕਰਦੇ ਸਮੂਹ ਕਾਮਿਆਂ ਦੀ ਜਿੰਨੀ ਤਾਰੀਫ ਕੀਤੀ ਜਾਵੇ, ਥੋੜ੍ਹੀ ਹੈ। ਅੱਜ ਉਹਨਾਂ ਕਾਮਿਆਂ ਨੂੰ ਜਿਉਂਦੇ ਰਹਿਣ ਅਤੇ ਆਪਣਾ ਸਮਾਂ ਬਚਾ ਕੇ ਮਾਨਵਤਾ ਦੀ ਸੇਵਾ ਵਿੱਚ ਰੁੱਝੇ ਰਹਿਣ ਲਈ ਪੌਸ਼ਟਿਕ ਭੋਜਨ ਦੀ ਲੋੜ ਹੈ, ਅਸੀਂ ਆਪਣਾ ਫ਼ਰਜ਼ ਸਮਝ ਕੇ ਉਹਨਾਂ ਦੇ ਹੱਥਾਂ ਤੱਕ ਭੋਜਨ ਪਹੁੰਚਾਉਣ ਦਾ ਜ਼ਿੰਮਾ ਲਿਆ ਹੈ।