
ਡਾ: ਨਿਰਮਲ ਸਿੰਘ/ ਮੋਤਾ ਸਿੰਘ ਸਰਾਏ ਯੂ.ਕੇ.
ਸਿਰਲੇਖ ਭਾਵੇਂ ਅਟਪਟਾ ਹੈ ਪਰ ਵਿਚਾਰਨਯੋਗ। ਅੱਧੀ ਦੁਨੀਆ ਇਸ ਅਤਿ ਮਹੀਨ ਜੰਗ ਦੀ ਕਰੋਪੀ ਦਾ ਕਹਿਰ ਝੱਲ ਰਹੀ ਹੈ। ਲੱਖਾਂ ਦੀ ਗਿਣਤੀ ਵਿੱਚ ਲੋਕ ਇਹਦੇ ਕਹਿਰ ਕਾਰਨ ਕਰਾਹ ਰਹੇ ਹਨ ਅਤੇ ਹਜਾਰਾਂ ਲੋਕ ਸਦਾ ਲਈ ਸਾਡੀ ਧਰਤੀ ਨੂੰ ਆਖਰੀ ਫਤਹਿ ਬੁਲਾ ਰੁਖਸਤ ਹੋ ਗਏ ਹਨ। ਰਹਿੰਦਿਆਂ ਨੂੰ ਸਰਕਾਰਾਂ ਨੇ ਉਨ੍ਹਾਂ ਦੇ ਆਪੇ ਉਸਾਰੇ ਪਿੰਜਰਿਆਂ ਵਿੱਚ ਡੱਕ ਦਿੱਤਾ ਹੈ। ਕੀ ਬਾਜਾਰ ਤੇ ਕੀ ਕਾਰੋਬਾਰ, ਬੱਸਾਂ, ਕਾਰਾਂ, ਰੇਲਾਂ, ਹਵਾਈ ਜਹਾਜ ਗੱਲ ਕੀ ਹਰ ਵੰਨਗੀ ਦੀ ਆਵਾਜਾਈ ਨੂੰ ਬਰੇਕਾਂ ਲੱਗੀਆਂ ਹੋਈਆਂ ਨੇ। ਸਕੂਲ, ਕਾਲਜ, ਯੂਨੀਵਰਸਿਟੀਆਂ, ਦਫ਼ਤਰ, ਕਾਰਖਾਨੇ, ਗੁਰੂਘਰ, ਮੰਦਰ, ਮਸੀਤਾਂ, ਗਿਰਜੇ ਸਾਰੇ ਦੇ ਸਾਰੇ ਭਾਂਅ-ਭਾਂਅ ਕਰ ਰਹੇ ਨ। ਖੇਡ ਤਮਾਸ਼ੇ, ਨਾਟਕ, ਫਿਲਮਾਂ, ਮੇਲੇ, ਹੱਜ, ਕੁੰਭ, ਤੀਰਥ, ਯਾਤਰਾਵਾਂ, ਗਾਉਣ ਵਜਾਉਣ ਸਭ ਨੂੰ ਜਿੰਦਰੇ ਵੱਜ ਗਏ ਨੇ। ਅਜਿਹਾ ਸਹਿਮ, ਡਰ ਤੇ ਭੈਅ ਭਰਿਆ ਮਾਹੌਲ ਨਾ ਕਿਸੇ ਆਲਮੀ ਜੰਗ ਵੇਲੇ ਸੀ ਤੇ ਨਾ ਹੀ ਕਿਸੇ ਸੁਨਾਮੀ, ਭੂਚਾਲ, ਹੜ੍ਹ, ਤੁਫਾਨ, ਡੋਬੇ ਦੇ ਸਮੇਂ। ਕੁੱਲ ਜਗਤ ਦੀ ਅੱਧੀ ਤੋਂ ਵੀ ਵੱਧ ਲੋਕਾਈ ਲੱਗਭੱਗ ਤਿੰਨ ਸੌ ਪੰਜਾਹ ਕਰੋੜ ਤਾਹ-ਤ੍ਰਾਹ ਕਰ ਰਹੀ ਹੈ।

ਵਿਕਾਸ, ਤਰੱਕੀ, ਆਧੁਨਿਕਤਾ ਵਾਲਿਆਂ ਦੀ ਠੱਕ-ਠੱਕ ਜੇਹੀ ਕਾਵਾਂ ਰੌਲੀ ਕੁਦਰਤ ਦੀ ਇੱਕੋ ਸੱਟ ਨੇ ਠੱਪ ਕਰ ਦਿੱਤੀ ਹੈ। ਇਹਦੇ ਖਿਲਾਫ ਨਾ ਬੰਬ ਕਾਰਗਰ ਨੇ ਨਾ ਹੀ ਮਿਜਾਈਲਾਂ ਰੀਂਗਾਂ ਮਾਰਨ ਵਾਲੇ, ਸੰਸਾਰ ਨੂੰ ਮੁੱਠੀ ‘ਚ ਸਮਝਣ ਵਾਲੇ, ਚੰਦਰਮਾ ‘ਤੇ ਪਲਾਟ ਕੱਟਣ ਵਾਲੇ ਤੇ ਹਿਮੰਡ ਨੂੰ ਪੌੜੀਆਂ ਲਾਉਣ ਵਾਲੇ ਬਿੱਟ-ਬਿੱਟ ਤੱਕ ਰਹੇ ਨੇ। ਦਵਾ ਦਾਰੂਆਂ ਵਾਲੇ, ਸਦੀਆਂ ਪੁਰਾਣੇ ਬਚਾਉ ਦੇ ਸਿਰਫ ਉਪਦੇਸ਼ ਦੇ ਰਹੇ ਨੇ।ਵਿਕਾਸ ਦੇ ਨਾਂ ਹੇਠ ਹੋਏ ਵਿਨਾਸ਼ ਦਾ ਇਹ ਤਾਂਡਵ ਮਨੁੱਖ ਦੀਆਂ ਕੁਦਰਤ ਦੇ ਵਿਰੁੱਧ ਕੀਤੀਆਂ ਕਰਤੂਤਾਂ ਦਾ ਨਤੀਜਾ ਹੈ। ਕੀ ਆਸਤਕ, ਕੀ ਨਾਸਤਕ, ਗਿਆਨੀ-ਵਿਗਿਆਨੀ, ਫਲਸਫਾ, ਬੁੱਧੀਜੀਵੀ ਐਵੇਂ ਅੱਕੀਂ ਪਲਾਹੀਂ ਹੱਥ ਮਾਰ ਰਹੇ ਨੇ।
ਹੁਣ ਇਹਦੇ ’ਚ ਕਰਾਮਾਤ ਕੀ ਹੈ ? ਸਾਡੀ ਪੁਰਾਣੀ ਅਖਾਉਤ ਹੈ ਕਿ ਕਈ ਵਾਰੀ ਕੁੱਬੇ ਦੇ ਮਾਰੀ ਹੋਈ ਲੱਤ ਉਹਦਾ ਕੁੱਬ ਕੱਢ ਦਿੰਦੀ ਹੈ। ਮਨੁੱਖ ਦੀ ਸੋਚ ਵਿੱਚ ਪਏ ਕੁੱਬ ਨੂੰ ਕੱਢਣ ਲਈ ਕਰੋਨਾ ਵਾਇਰਸ ਨੇ ਕ੍ਰਿਸ਼ਮਾ ਕਰ ਵਿਖਾਇਆ ਹੈ। ਅਸਮਾਨ ਦਾ ਅਸਲੀ ਅਸਮਾਨੀ ਰੰਗ, ਤਾਰਿਆਂ ਦੀ ਚਮਕ, ਅਣਗਿਣਤ ਪੰਛੀਆਂ ਦੀ ਚਹਿਚਹਾਟ, ਜੰਗਲੀ ਜਾਨਵਰਾਂ ਦਾ ਸੜਕਾਂ, ਗਲੀਆਂ ਤੇ ਪਾਰਕਾਂ ਵਿੱਚ ਟਹਿਲਨਾ, ਦਿੱਲੀ, ਲੁਧਿਆਣੇ ਤੇ ਹੋਰ ਅਣਗਿਣਤ ਸ਼ਹਿਰਾਂ-ਕਸਬਿਆਂ ਦੀ ਹਵਾ ਦਾ ਸਾਫ ਹੋਣਾ, ਗੰਗਾ, ਬੁੱਢਾ ਨਾਲਾ, ਵੇਈਆਂ ਦਾ ਜਲ ਕੁਝ ਦਿਨਾਂ ਵਿੱਚ ਹੀ ਸ਼ੁੱਧ ਹੋ ਜਾਣਾ, ਮੈਰਿਜ ਪੈਲੇਸਾਂ, ਨਾਚ ਗਾਣਿਆਂ ਦੀਆਂ ਭੀੜਾਂ ਦਾ ਅਲੋਪ ਹੋਣਾ, ਤੀਰਥਾਂ, ਧਰਮ ਅਸਥਾਨਾਂ ਨੂੰ ਸੁੱਖ ਦਾ ਸਾਹ ਆਉਣਾ, ਸਿਆਸਦਾਨਾਂ ਦੇ ਕਾਟੋ ਕਲੇਸ਼ ਤੋਂ ਛੁਟਕਾਰਾ, ਬੱਚਿਆਂ ‘ਚ ਸੁਆਹ ਖੇਹ (ਜੰਕ ਫੂਡ) ਵਾਲੀ ਖੁਰਾਕ ਦਾ ਖਾਤਮਾ, ਪੰਜਾਬ ਦੇ ਮੈਦਾਨੀ ਇਲਾਕਿਆਂ ਤੋਂ ਪਹਾੜਾਂ ਦੀਆਂ ਬਰਫ ਲੱਦੀਆਂ ਚੋਟੀਆਂ ਦਾ ਦਿਸਣਾ। ਕੁਝ ਸਮੇਂ ਲਈ ਹੀ ਸਹੀ, ਚੋਰੀਆਂ-ਚਕਾਰੀਆਂ, ਕਤਲਾਂ, ਡਾਕਿਆਂ, ਨਸ਼ਿਆਂ ਤੇ ਸੜਕੀ ਹਾਦਸਿਆਂ ਦਾ ਹੱਦ ਦਰਜੇ ਤੱਕ ਘਟ ਜਾਣਾ। ਸਭ ਤੋਂ ਉੱਪਰ ਮਨੁੱਖ ਨੂੰ ਜੋਰਾਵਰਾਂ ਦੀ ਹਊਮੇਂ, ਬੌਸ, ਹੰਕਾਰ, ਹੈਂਕੜ ਤੋਂ ਰਾਹਤ ਮਿਲਣੀ ਤੇ ਅੰਤਰਝਾਤ ਮਾਰਨ ਦਾ ਸਮਾਂ ਮਿਲਣਾ। ਇਹ ਸਾਰਾ ਕੁਝ ਕਰਾਮਾਤ ਨਹੀਂ ਤਾਂ ਕੀ ਹੈ ?